- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲ ਹੀ ਵਿਚ ਈਰਾਨ-ਅਮਰੀਕਾ ਟਕਰਾਅ ਕਾਰਨ ਬਣੇ ਅੰਤਰਰਾਸ਼ਟਰੀ ਹਾਲਾਤ ਦੇ ਪ੍ਰਭਾਵ ਨਾਲ ਐਲਪੀਜੀ ਸਪਲਾਈ ਪ੍ਰਭਾਵਿਤ ਹੋਈ ਸੀ। ਇਸ ਦਾ ਅਸਰ ਨਰਾਤਿਆਂ ਦੌਰਾਨ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਵੀ ਵੇਖਣ ਨੂੰ ਮਿਲਿਆ, ਜਦੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਲਈ ਲੰਗਰ ਤਿਆਰ ਕਰਨ ਸਮੇਂ ਗੈਸ ਸਿਲੰਡਰਾਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ਦੇ ਲੰਗਰ ਹਾਲ ਨੂੰ ਜਲਦੀ ਹੀ ਪਾਈਪਡ ਨੈਚੁਰਲ ਗੈਸ (ਪੀਐਨਜੀ) ਨੈੱਟਵਰਕ ਨਾਲ ਜੋੜਿਆ ਜਾਵੇਗਾ। ਮੰਦਰ ਵਿਚ ਚੱਲ ਰਹੇ ਸੁੰਦਰੀਕਰਨ ਅਤੇ ਆਧੁਨਿਕੀਕਰਨ ਦੇ ਕੰਮਾਂ ਦੇ ਤਹਿਤ ਟੋਰੈਂਟ ਗੈਸ ਦੀ ਤਕਨੀਕੀ ਟੀਮ ਨੇ ਲੰਗਰ ਹਾਲ ਦਾ ਵਿਸਥਾਰਪੂਰਵਕ ਤਕਨੀਕੀ ਸਰਵੇਖਣ ਕੀਤਾ। ਪ੍ਰਾਜੈਕਟ ਮੁਕੰਮਲ ਹੋਣ ਤੋਂ ਬਾਅਦ ਲੰਗਰ ਦੀ ਰਸੋਈ ਨੂੰ ਐਲਪੀਜੀ ਸਿਲੰਡਰਾਂ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ ਅਤੇ ਸਾਲ ਭਰ 24 ਘੰਟੇ ਨਿਰਵਿਘਨ ਗੈਸ ਸਪਲਾਈ ਉਪਲੱਬਧ ਹੋਵੇਗੀ।
ਹਾਲ ਹੀ ਵਿਚ ਈਰਾਨ-ਅਮਰੀਕਾ ਟਕਰਾਅ ਕਾਰਨ ਬਣੇ ਅੰਤਰਰਾਸ਼ਟਰੀ ਹਾਲਾਤ ਦੇ ਪ੍ਰਭਾਵ ਨਾਲ ਐਲਪੀਜੀ ਸਪਲਾਈ ਪ੍ਰਭਾਵਿਤ ਹੋਈ ਸੀ। ਇਸ ਦਾ ਅਸਰ ਨਰਾਤਰਿਆਂ ਦੌਰਾਨ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਵੀ ਵੇਖਣ ਨੂੰ ਮਿਲਿਆ, ਜਦੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਲਈ ਲੰਗਰ ਤਿਆਰ ਕਰਨ ਸਮੇਂ ਗੈਸ ਸਿਲੰਡਰਾਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ। ਇਸ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਦਰ ਪ੍ਰਬੰਧਕ ਕਮੇਟੀ ਨੇ ਭਵਿੱਖ ’ਚ ਅਜਿਹੀ ਸਥਿਤੀ ਤੋਂ ਬਚਣ ਲਈ ਲੰਗਰ ਹਾਲ ਨੂੰ ਪੀਐਨਜੀ ਨੈੱਟਵਰਕ ਨਾਲ ਜੋੜਨ ਦਾ ਫ਼ੈਸਲਾ ਕੀਤਾ ਹੈ।
ਸ੍ਰੀ ਕਾਲੀ ਮਾਤਾ ਮੰਦਰ ਵਿੱਚ ਚੇਤ ਅਤੇ ਅੱਸੂ ਦੇ ਨਰਾਤਿਆਂ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚਦੇ ਹਨ, ਜਦਕਿ ਆਮ ਦਿਨਾਂ ਵਿਚ ਵੀ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਲੰਗਰ ਦਾ ਪ੍ਰਸਾਦ ਗ੍ਰਹਿਣ ਕਰਦੇ ਹਨ। ਇੰਨੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਲਈ ਭੋਜਨ ਤਿਆਰ ਕਰਨ ਲਈ ਨਿਰਵਿਘਨ ਊਰਜਾ ਸਪਲਾਈ ਬਹੁਤ ਜ਼ਰੂਰੀ ਹੈ। ਇਸ ਲੋੜ ਨੂੰ ਧਿਆਨ ਵਿਚ ਰੱਖਦਿਆਂ ਹੁਣ ਰਵਾਇਤੀ ਐਲਪੀਜੀ ਪ੍ਰਣਾਲੀ ਦੀ ਥਾਂ ਆਧੁਨਿਕ ਪੀਐਨਜੀ ਪ੍ਰਣਾਲੀ ਅਪਣਾਈ ਜਾ ਰਹੀ ਹੈ।
ਟੋਰੈਂਟ ਗੈਸ ਦੀ ਟੀਮ ਨੇ ਕੀਤਾ ਤਕਨੀਕੀ ਸਰਵੇ
ਸਰਵੇਖਣ ਦੌਰਾਨ ਟੋਰੈਂਟ ਗੈਸ, ਪਟਿਆਲਾ ਦੀ ਟੀਮ ਨੇ ਲੰਗਰ ਹਾਲ ਦੀ ਮੌਜੂਦਾ ਰਸੋਈ ਵਿਵਸਥਾ, ਰੋਜ਼ਾਨਾ ਗੈਸ ਦੀ ਖਪਤ, ਪਾਈਪਲਾਈਨ ਵਿਛਾਉਣ ਦੇ ਸੰਭਾਵੀ ਰੂਟ ਤੇ ਸੁਰੱਖਿਆ ਮਾਪਦੰਡਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਇਸ ਮੌਕੇ ਕੰਪਨੀ ਦੇ ਮੈਨੇਜਰ (ਮਾਰਕੀਟਿੰਗ) ਗੌਰਵ ਅਟਵਾਲ, ਅਸਿਸਟੈਂਟ ਮੈਨੇਜਰ (ਪ੍ਰਾਜੈਕਟ) ਸਾਹਿਲ ਠਾਕੁਰ, ਅਸਿਸਟੈਂਟ ਮੈਨੇਜਰ (ਮਾਰਕੀਟਿੰਗ) ਰੂਪੇਸ਼ ਮਲਹੋਤਰਾ ਸਮੇਤ ਜੀਐੱਸਡੀ ਟੀਮ ਦੇ ਤਕਨੀਕੀ ਮਾਹਿਰ ਹਾਜ਼ਰ ਸਨ।
ਸਿਲੰਡਰਾਂ ਦੀ ਘਾਟ ਤੋਂ ਮਿਲੇਗੀ ਰਾਹਤ
ਮੰਦਰ ਪ੍ਰਬੰਧਨ ਅਨੁਸਾਰ ਪੀਐਨਜੀ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਗੈਸ ਸਿਲੰਡਰਾਂ ਦੇ ਭੰਡਾਰਨ, ਵਾਰ-ਵਾਰ ਸਿਲੰਡਰ ਬਦਲਣ ਅਤੇ ਸਪਲਾਈ ਵਿੱਚ ਰੁਕਾਵਟ ਵਰਗੀਆਂ ਸਮੱਸਿਆਵਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੀਆਂ। 24 ਘੰਟੇ ਗੈਸ ਦੀ ਲਗਾਤਾਰ ਸਪਲਾਈ ਨਾਲ ਖ਼ਾਸ ਕਰਕੇ ਨਵਰਾਤਰਿਆਂ ਅਤੇ ਹੋਰ ਵੱਡੇ ਧਾਰਮਿਕ ਸਮਾਗਮਾਂ ਦੌਰਾਨ ਲੱਖਾਂ ਸ਼ਰਧਾਲੂਆਂ ਲਈ ਲੰਗਰ ਤਿਆਰ ਕਰਨ ਦਾ ਕੰਮ ਹੋਰ ਵੀ ਸੁਚਾਰੂ ਢੰਗ ਨਾਲ ਕੀਤਾ ਜਾ ਸਕੇਗਾ।
ਸੁਰੱਖਿਆ ਤੇ ਵਾਤਾਵਰਨ ਪੱਖੋਂ ਵੀ ਲਾਹੇਵੰਦ
ਪੀਐਨਜੀ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਐਲਪੀਜੀ ਨਾਲੋਂ ਵੱਧ ਭਰੋਸੇਯੋਗ ਮੰਨਿਆ ਜਾਂਦਾ ਹੈ। ਕਿਸੇ ਵੀ ਸੰਭਾਵਿਤ ਲੀਕੇਜ ਦੀ ਸਥਿਤੀ ਵਿਚ ਇਹ ਗੈਸ ਹਵਾ ਨਾਲੋਂ ਹਲਕੀ ਹੋਣ ਕਾਰਨ ਤੇਜ਼ੀ ਨਾਲ ਵਾਤਾਵਰਨ ਵਿਚ ਫੈਲ ਜਾਂਦੀ ਹੈ, ਜਿਸ ਨਾਲ ਹਾਦਸਿਆਂ ਦੀ ਸੰਭਾਵਨਾ ਕਾਫ਼ੀ ਘੱਟ ਰਹਿੰਦੀ ਹੈ। ਇਸ ਦੇ ਨਾਲ ਹੀ ਇਹ ਵਾਤਾਵਰਨ ਲਈ ਵੀ ਸਾਫ਼-ਸੁਥਰਾ ਇੰਧਨ ਹੈ, ਜਿਸ ਨਾਲ ਪ੍ਰਦੂਸ਼ਣ ਘਟੇਗਾ ਅਤੇ ਸੰਚਾਲਨ ਖ਼ਰਚ ਵਿਚ ਵੀ ਬਚਤ ਹੋਵੇਗੀ।
ਟੋਰੈਂਟ ਗੈਸ ਵੱਲੋਂ ਲੰਗਰ ਹਾਲ ਦਾ ਸਰਵੇਖਣ ਮੁਕੰਮਲ : ਸੁਰਿੰਦਰ
ਲੰਗਰ ਕਮੇਟੀ ਦੇ ਸੰਚਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਟੋਰੈਂਟ ਗੈਸ ਵੱਲੋਂ ਲੰਗਰ ਹਾਲ ਦਾ ਸਰਵੇਖਣ ਮੁਕੰਮਲ ਕਰ ਲਿਆ ਗਿਆ ਹੈ ਤੇ ਪਾਈਪਲਾਈਨ ਵਿਛਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੰਤਿਮ ਮਨਜ਼ੂਰੀ ਮਿਲਦੇ ਹੀ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।