- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇੰਚਾਰਜ ਸੀ.ਆਈ.ਏ. ਪਟਿਆਲਾ ਪ੍ਰਦੀਪ ਸਿੰਘ ਬਾਜਵਾ ਅਤੇ ਥਾਣਾ ਸਦਰ ਰਾਜਪੁਰਾ ਦੇ ਮੁੱਖ ਅਫ਼ਸਰ ਕਿਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਰਾਜਪੁਰਾ ਦੇ ਨੈਸ਼ਨਲ ਹਾਈਵੇ ਨੇੜੇ ਬਸੰਤਪੁਰਾ ਤੋਂ ਇਨ੍ਹਾਂ ਮੁਲਜ਼ਮਾਂ ਨੂੰ ਦਬੋਚਿਆ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ: ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਗਿਰੋਹ ਦੇ 4 ਸਰਗਰਮ ਮੈਂਬਰਾਂ ਨੂੰ 15 ਨਾਜਾਇਜ਼ ਪਿਸਤੌਲਾਂ (.32 ਬੋਰ) ਅਤੇ 30 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਹ ਮੁਲਜ਼ਮ ਮੱਧ ਪ੍ਰਦੇਸ਼ ਦੇ ਅੰਦਰੂਨੀ ਇਲਾਕਿਆਂ ਵਿੱਚੋਂ ਸਸਤੇ ਭਾਅ 'ਤੇ ਅਸਲਾ ਲਿਆ ਕੇ ਪੰਜਾਬ ਦੇ ਵੱਖ-ਵੱਖ ਗੈਂਗਸਟਰਾਂ ਅਤੇ ਅਪਰਾਧਿਕ ਅਨਸਰਾਂ ਨੂੰ ਮਹਿੰਗੇ ਮੁੱਲ 'ਤੇ ਸਪਲਾਈ ਕਰਦੇ ਸਨ। ਇਹ ਗਿਰੋਹ ਨਾਮੀ ਗੈਂਗਸਟਰ ਸੋਨੂੰ ਖੱਤਰੀ ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸੀ।
ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇੰਚਾਰਜ ਸੀ.ਆਈ.ਏ. ਪਟਿਆਲਾ ਪ੍ਰਦੀਪ ਸਿੰਘ ਬਾਜਵਾ ਅਤੇ ਥਾਣਾ ਸਦਰ ਰਾਜਪੁਰਾ ਦੇ ਮੁੱਖ ਅਫ਼ਸਰ ਕਿਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਰਾਜਪੁਰਾ ਦੇ ਨੈਸ਼ਨਲ ਹਾਈਵੇ ਨੇੜੇ ਬਸੰਤਪੁਰਾ ਤੋਂ ਇਨ੍ਹਾਂ ਮੁਲਜ਼ਮਾਂ ਨੂੰ ਦਬੋਚਿਆ। ਮੁਲਜ਼ਮਾਂ ਦੀ ਪਛਾਣ ਵਿਸ਼ਾਲ (20 ਸਾਲ) ਵਾਸੀ ਪਿੰਡ ਗੜ੍ਹਦੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ, ਸੁਭਾਸ਼ ਵਾਸੀ ਬਰੇਲੀ (ਉੱਤਰ ਪ੍ਰਦੇਸ਼), ਜਿੰਦਰ ਉਰਫ਼ ਸਾਗਰ (21 ਸਾਲ) ਵਾਸੀ ਪਿੰਡ ਟੱਲਾ, ਥਾਣਾ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਤੇ ਬਾਦਲ ਕੁਮਾਰ (20 ਸਾਲ) ਵਾਸੀ ਭਾਰਗਵ ਕੈਂਪ, ਥਾਣਾ ਰਾਮਾ ਮੰਡੀ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਫੜੇ ਗਏ ਸਾਰੇ ਮੁਲਜ਼ਮ 20 ਤੋਂ 21 ਸਾਲ ਦੀ ਉਮਰ ਦੇ ਨੌਜਵਾਨ ਹਨ, ਜੋ ਜਲਦੀ ਪੈਸਾ ਕਮਾਉਣ ਦੀ ਲਾਲਸਾ ਵਿੱਚ ਹਥਿਆਰਾਂ ਦੀ ਤਸਕਰੀ ਦੇ ਕਾਰੋਬਾਰ ਵਿੱਚ ਫਸ ਗਏ। ਪੁਲਿਸ ਅਤੇ ਕਾਨੂੰਨ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਇਹ ਮੁਲਜ਼ਮ ਫਲਿੱਪਕਾਰਟ ਜਾਂ ਹੋਰ ਡਿਲਿਵਰੀ ਸਿਸਟਮ ਦੇ ਕਰਮਚਾਰੀਆਂ ਦੀ ਵਰਦੀ ਪਹਿਨ ਕੇ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਸਫ਼ਰ ਕਰਦੇ ਸਨ, ਤਾਂ ਜੋ ਕੋਈ ਇਨ੍ਹਾਂ 'ਤੇ ਸ਼ੱਕ ਨਾ ਕਰ ਸਕੇ। ਇੰਨਾ ਹੀ ਨਹੀਂ, ਹਥਿਆਰਾਂ ਦੀ ਪੈਕਿੰਗ ਵੀ ਡਿਲਿਵਰੀ ਕਾਰਡਾਂ ਅਤੇ ਪੁਰਾਣੇ ਡੱਬਿਆਂ ਵਿੱਚ ਕੀਤੀ ਜਾਂਦੀ ਸੀ।
ਪੁਲਿਸ ਮੁਤਾਬਕ ਇਹ ਗਿਰੋਹ ਖ਼ਤਰਨਾਕ ਗੈਂਗਸਟਰ ਸੋਨੂੰ ਖੱਤਰੀ ਦੇ ਨਜ਼ਦੀਕੀ ਸੰਪਰਕ ਵਿੱਚ ਸੀ, ਜੋ ਕਿ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ। ਸੋਨੂੰ ਖੱਤਰੀ ਖ਼ਿਲਾਫ਼ ਕਤਲ, ਇਰਾਦਾ ਕਤਲ, ਡਕੈਤੀ, ਅਗਵਾ ਅਤੇ ਲੁੱਟ-ਖੋਹ ਵਰਗੇ ਕਈ ਸੰਗੀਨ ਮੁਕੱਦਮੇ ਦਰਜ ਹਨ। ਬਰਾਮਦ ਕੀਤੇ ਗਏ ਹਥਿਆਰ ਸੋਨੂੰ ਖੱਤਰੀ ਗੈਂਗ ਦੇ ਮੈਂਬਰਾਂ ਨੂੰ ਹੀ ਸਪਲਾਈ ਕੀਤੇ ਜਾਣੇ ਸਨ, ਜਿਨ੍ਹਾਂ ਨਾਲ ਪੰਜਾਬ ਵਿੱਚ ਕਿਸੇ ਵੱਡੀ ਖੂਨੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ।