- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 1977 ਵਿਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਪੂਰੀ ਮੇਲੇ ਵਾਲੀ ਵਿਖੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਕਰੀਬ ਪੰਜ ਦਹਾਕਿਆਂ ਬਾਅਦ ਵੀ ਇੱਥੇ ਨਾ ਕੋਈ ਬੈਂਕ ਖੁੱਲ੍ਹਿਆ, ਨਾ ਉਦਯੋਗਿਕ ਇਕਾਈ ਲੱਗੀ ਅਤੇ ਨਾ ਹੀ ਲੋਕਾਂ ਨੂੰ ਹੋਰ ਲੋੜੀਂਦੀਆਂ ਸਹੂਲਤਾਂ ਮਿਲ ਸਕੀਆਂ। ਮਿੰਨੀ ਪੀ.ਐੱਚ.ਸੀ. ਦੇ ਰਿਹਾਇਸ਼ੀ ਕੁਆਰਟਰ ਅੱਜ ਪਸ਼ੂਆਂ ਦਾ ਡੇਰਾ ਬਣੇ ਹੋਏ ਹਨ, ਜਦਕਿ ਪੰਚਾਇਤ ਘਰ ਨੂੰ ਅਜੇ ਤੱਕ ਬਿਜਲੀ ਦਾ ਕੁਨੈਕਸ਼ਨ ਵੀ ਨਸੀਬ ਨਹੀਂ ਹੋਇਆ।

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪੇਂਡੂ ਖੇਤਰਾਂ ਦਾ ਸਰਬਪੱਖੀ ਵਿਕਾਸ ਕਰਕੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਕਈ ਦਹਾਕੇ ਪਹਿਲਾਂ ਬਲਾਕ ਘਨੌਰ ਦੇ ਪੰਜ ਪਿੰਡਾਂ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੀ ਗਈ ਫੋਕਲ ਪੁਆਇੰਟ ਯੋਜਨਾ ਅੱਜ ਸਰਕਾਰੀ ਅਣਗਹਿਲੀ, ਕਮਜ਼ੋਰ ਯੋਜਨਾਬੰਦੀ ਅਤੇ ਫੰਡਾਂ ਦੀ ਘਾਟ ਕਾਰਨ ਆਪਣੀ ਹੋਂਦ ਲਈ ਤਰਸ ਰਹੀ ਹੈ। ਹਾਲਾਤ ਇਹ ਹਨ ਕਿ ਜਿਨ੍ਹਾਂ ਸੁਪਨਿਆਂ ਨਾਲ ਇਸ ਯੋਜਨਾ ਦਾ ਆਗਾਜ਼ ਕੀਤਾ ਗਿਆ ਸੀ, ਉਹ ਅੱਜ ਵੀ ਹਕੀਕਤ ਦਾ ਰੂਪ ਨਹੀਂ ਧਾਰ ਸਕੇ। ਇਸ ਯੋਜਨਾ ਤਹਿਤ ਕਪੂਰੀ ਮੇਲੇ ਵਾਲੀ, ਜੰਡ ਮੰਗੌਲੀ, ਸ਼ੰਭੂ ਕਲਾਂ, ਮਰਦਾਂਪੁਰ ਅਤੇ ਸੀਲ ਨੂੰ ਪੇਂਡੂ ਵਿਕਾਸ ਦੇ ਮਾਡਲ ਵਜੋਂ ਵਿਕਸਤ ਕਰਨ ਦੀ ਯੋਜਨਾ ਸੀ। ਇਨ੍ਹਾਂ ਫੋਕਲ ਪੁਆਇੰਟਾਂ ਵਿੱਚ ਅਨਾਜ ਮੰਡੀਆਂ, ਸਿਵਲ ਹਸਪਤਾਲ, ਬੈਂਕ ਸ਼ਾਖਾਵਾਂ, ਡਾਕਘਰ, ਪਸ਼ੂ ਹਸਪਤਾਲ, ਟਰੈਕਟਰ ਵਰਕਸ਼ਾਪਾਂ, ਉਦਯੋਗਿਕ ਜੋਨ, ਰਿਹਾਇਸ਼ੀ ਕਲੋਨੀਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਸਥਾਪਤ ਕੀਤੀਆਂ ਜਾਣੀਆਂ ਸਨ ਪਰ ਅੱਜ ਤੱਕ ਬਹੁਤੇ ਪ੍ਰੋਜੈਕਟ ਜਾਂ ਤਾਂ ਸ਼ੁਰੂ ਹੀ ਨਹੀਂ ਹੋਏ ਜਾਂ ਫਿਰ ਅਧੂਰੇ ਪਏ ਹਨ।
ਯੋਜਨਾ ਲਈ ਸਰਕਾਰ ਨੇ ਸਬੰਧਤ ਪਿੰਡਾਂ ਦੀਆਂ ਕੀਮਤੀ ਸ਼ਾਮਲਾਟ ਜ਼ਮੀਨਾਂ ਆਪਣੇ ਕਬਜ਼ੇ ’ਚ ਲੈ ਲਈਆਂ। ਇਸ ਨਾਲ ਪੰਚਾਇਤਾਂ ਨੂੰ ਹਰ ਸਾਲ ਠੇਕਿਆਂ ਰਾਹੀਂ ਮਿਲਣ ਵਾਲੀ ਲੱਖਾਂ ਰੁਪਏ ਦੀ ਆਮਦਨ ਵੀ ਬੰਦ ਹੋ ਗਈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਰਕਾਰ ਨੇ ਜ਼ਮੀਨਾਂ ਤਾਂ ਲੈ ਲਈਆਂ ਪਰ ਬਦਲੇ ਵਿਚ ਵਿਕਾਸ ਦੇ ਵਾਅਦੇ ਪੂਰੇ ਨਹੀਂ ਕੀਤੇ। ਇਸ ਕਾਰਨ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਸਾਲ 1977 ਵਿਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਪੂਰੀ ਮੇਲੇ ਵਾਲੀ ਵਿਖੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਕਰੀਬ ਪੰਜ ਦਹਾਕਿਆਂ ਬਾਅਦ ਵੀ ਇੱਥੇ ਨਾ ਕੋਈ ਬੈਂਕ ਖੁੱਲ੍ਹਿਆ, ਨਾ ਉਦਯੋਗਿਕ ਇਕਾਈ ਲੱਗੀ ਅਤੇ ਨਾ ਹੀ ਲੋਕਾਂ ਨੂੰ ਹੋਰ ਲੋੜੀਂਦੀਆਂ ਸਹੂਲਤਾਂ ਮਿਲ ਸਕੀਆਂ। ਮਿੰਨੀ ਪੀ.ਐੱਚ.ਸੀ. ਦੇ ਰਿਹਾਇਸ਼ੀ ਕੁਆਰਟਰ ਅੱਜ ਪਸ਼ੂਆਂ ਦਾ ਡੇਰਾ ਬਣੇ ਹੋਏ ਹਨ, ਜਦਕਿ ਪੰਚਾਇਤ ਘਰ ਨੂੰ ਅਜੇ ਤੱਕ ਬਿਜਲੀ ਦਾ ਕੁਨੈਕਸ਼ਨ ਵੀ ਨਸੀਬ ਨਹੀਂ ਹੋਇਆ।
ਪਿੰਡ ਜੰਡ ਮੰਗੌਲੀ ਵਿਚ ਸਾਲ 1980 ਦੌਰਾਨ ਰੱਖੇ ਗਏ ਫੋਕਲ ਪੁਆਇੰਟ ਦੇ ਨੀਂਹ ਪੱਥਰ ਤੋਂ ਬਾਅਦ ਪੰਜਾਬ ਹਾਊਸਿੰਗ ਡਿਵੈਲਪਮੈਂਟ ਬੋਰਡ ਵੱਲੋਂ ਸ਼ੁਰੂ ਕੀਤੀ ਰਿਹਾਇਸ਼ੀ ਕਲੋਨੀ ਅਜੇ ਵੀ ਅਧੂਰੀ ਪਈ ਹੈ। ਖਾਲੀ ਇਮਾਰਤ ਦੀਆਂ ਖਿੜਕੀਆਂ, ਦਰਵਾਜ਼ੇ ਅਤੇ ਹੋਰ ਸਮਾਨ ਚੋਰੀ ਹੋ ਚੁੱਕਾ ਹੈ, ਜਦਕਿ ਕੁਝ ਹਿੱਸਿਆਂ ਦੀ ਵਰਤੋਂ ਤੂੜੀ ਸਟੋਰ ਕਰਨ ਲਈ ਕੀਤੀ ਜਾ ਰਹੀ ਹੈ। ਸ਼ੰਭੂ ਕਲਾਂ ਵਿਚ ਬਣੀ ਅਨਾਜ ਮੰਡੀ ਦੇ ਪੱਕੇ ਫੜਾਂ 'ਤੇ ਅਨਾਜ ਦੀ ਖਰੀਦ ਦੀ ਬਜਾਏ ਪਾਥੀਆਂ ਸੁੱਕਦੀਆਂ ਅਤੇ ਰੇਤ ਦੇ ਢੇਰ ਨਜ਼ਰ ਆਉਂਦੇ ਹਨ। ਮਨਜ਼ੂਰੀ ਮਿਲਣ ਦੇ ਬਾਵਜੂਦ ਇੱਥੇ ਸਿਵਲ ਡਿਸਪੈਂਸਰੀ ਵੀ ਨਹੀਂ ਬਣ ਸਕੀ। ਪਿੰਡ ਮਰਦਾਂਪੁਰ ਵਿੱਚ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਫੋਕਲ ਪੁਆਇੰਟ ਦਾ ਨੀਂਹ ਪੱਥਰ ਸਾਲ 1997 ਵਿੱਚ ਤਤਕਾਲੀ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ। ਇੱਥੇ ਬਣੇ ਮਾਲ ਵਿਭਾਗ ਦੇ ਪਟਵਾਰਖਾਨੇ ਦੀ ਲਗਭਗ 11 ਲੱਖ ਰੁਪਏ ਦੀ ਇਮਾਰਤ ਪਿਛਲੇ ਕਰੀਬ ਡੇਢ ਦਹਾਕੇ ਤੋਂ ਬਿਜਲੀ ਬਿੱਲ ਬਕਾਇਆ ਹੋਣ ਕਾਰਨ ਹਨੇਰੇ ਵਿੱਚ ਡੁੱਬੀ ਹੋਈ ਹੈ। ਪਿੰਡ ਸੀਲ ਨੂੰ ਇਸ ਯੋਜਨਾ ਤਹਿਤ ਅਨਾਜ ਮੰਡੀ, ਸਬਸਿਡਰੀ ਹੈਲਥ ਸੈਂਟਰ ਅਤੇ ਕਮਿਊਨਿਟੀ ਹਾਲ ਵਰਗੀਆਂ ਕੁਝ ਸਹੂਲਤਾਂ ਤਾਂ ਮਿਲੀਆਂ, ਪਰ ਬੈਂਕ ਸ਼ਾਖਾ ਅਤੇ ਉਦਯੋਗਿਕ ਜੋਨ ਵਰਗੇ ਮਹੱਤਵਪੂਰਨ ਪ੍ਰੋਜੈਕਟ ਅੱਜ ਵੀ ਸਿਰਫ਼ ਸਰਕਾਰੀ ਫਾਈਲਾਂ ਦੀ ਸ਼ੋਭਾ ਬਣੇ ਹੋਏ ਹਨ। ਸਾਬਕਾ ਚੇਅਰਮੈਨ ਅਵਤਾਰ ਸਿੰਘ, ਧਰਮਪਾਲ ਸਿੰਘ ਸੀਲ, ਚਰਨਜੀਤ ਸਿੰਘ ਲਾਛੜੂ, ਪਵਨ ਕੁਮਾਰ ਸੋਗਲਪੁਰ ਅਤੇ ਹੋਰ ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਹਾਕਿਆਂ ਤੋਂ ਅਧੂਰੀ ਪਈ ਇਸ ਯੋਜਨਾ ਨੂੰ ਮੁੜ ਸ਼ੁਰੂ ਕਰਕੇ ਫੋਕਲ ਪੁਆਇੰਟਾਂ ਵਿੱਚ ਬੈਂਕ ਸ਼ਾਖਾਵਾਂ, ਉਦਯੋਗਿਕ ਇਕਾਈਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਜਲਦ ਸਥਾਪਤ ਕੀਤੀਆਂ ਜਾਣ, ਤਾਂ ਜੋ ਪੇਂਡੂ ਖੇਤਰਾਂ ਦੇ ਵਿਕਾਸ ਦਾ ਮਕਸਦ ਪੂਰਾ ਹੋ ਸਕੇ।
ਇਸ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਨਾਲ ਮੋਬਾਈਲ ਫੋਨ 'ਤੇ ਸੰਪਰਕ ਕਰਕੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।