- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 2023 ਦੇ ਹੜ੍ਹਾਂ ਦੌਰਾਨ ਪਿੰਡ ਕਾਮੀ ਖੁਰਦ ਵਿਖੇ ਪਏ ਭਿਆਨਕ ਪਾੜ ਕਾਰਨ ਕਿਸਾਨ ਜਗੀਰ ਸਿੰਘ ਦਾ ਮੋਟਰ ਕੋਠਾ ਅਤੇ ਹੋਰ ਕੀਮਤੀ ਸਮਾਨ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਿਆ ਸੀ। ਪੀੜਤ ਕਿਸਾਨ ਜਗੀਰ ਸਿੰਘ ਨੇ ਦੱਸਿਆ ਕਿ ਉਸ ਸਮੇਂ ਮੌਕੇ 'ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ, ਸੱਤਾਧਾਰੀ ਧਿਰ ਦੇ ਆਗੂਆਂ, ਹਲਕਾ ਵਿਧਾਇਕ ਤੇ ਮੰਤਰੀਆਂ ਨੇ ਇਸ ਪਾੜ ਨੂੰ ਜਲਦੀ ਤੋਂ ਜਲਦੀ ਭਰਨ ਦਾ ਵੱਡਾ ਭਰੋਸਾ ਦਿੱਤਾ ਸੀ।

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਹਲਕਾ ਘਨੌਰ ਦੇ ਕਈ ਦਰਜਨ ਪਿੰਡਾਂ ਦੇ ਲੋਕਾਂ ਲਈ ਹਰ ਸਾਲ ਮੌਨਸੂਨ ਦੀ ਆਮਦ ਖੁਸ਼ੀ ਦੀ ਬਜਾਏ ਵੱਡੀ ਮੁਸੀਬਤ ਅਤੇ ਡਰ ਲੈ ਕੇ ਆਉਂਦੀ ਹੈ। ਘੱਗਰ ਦਰਿਆ ਦੇ ਹੜ੍ਹਾਂ ਦੀ ਮਾਰ ਝੱਲਣ ਲਈ ਮਜਬੂਰ ਇਸ ਇਲਾਕੇ ਵਿਚ ਹੜ੍ਹ ਸੁਰੱਖਿਆ ਦੇ ਪ੍ਰਬੰਧਾਂ ਦੀ ਹਾਲਤ ‘ਬੂਹੇ ਖੜ੍ਹੀਂ ਜੰਞ, ਬਿੰਨੋ ਕੁੜੀ ਦੇ ਕੰਨ’ ਵਾਲੀ ਬਣੀ ਹੋਈ ਹੈ। ਹਾਲਾਤ ਇੰਨੇ ਨਾਜ਼ੁਕ ਹਨ ਕਿ ਸਾਲ 2023 ਵਿਚ ਆਏ ਭਿਆਨਕ ਹੜ੍ਹਾਂ ਦੌਰਾਨ ਪਿੰਡ ਕਾਮੀ ਖੁਰਦ ਵਿਖੇ ਘੱਗਰ ਦਰਿਆ ਵਿਚ ਪਿਆ ਲਗਪਗ 40 ਫੁੱਟ ਡੂੰਘਾ ਤੇ ਕਰੀਬ ਢਾਈ ਕਿੱਲੇ ਚੌੜਾ ਪਾੜ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਉਂ ਦਾ ਤਿਉਂ ਪਿਆ ਹੈ। ਦੂਜੇ ਪਾਸੇ, ਪਿੰਡ ਦੜਵਾ ਵਿਖੇ ਲੈਫਟ ਮਾਰਜਨ ਬੰਨ੍ਹ ਨੂੰ ਉੱਚਾ ਕਰਨ ਦੇ ਟੈਂਡਰ ਹਾਲੇ ਤੱਕ ਪਾਸ ਨਹੀਂ ਹੋ ਸਕੇ, ਜਿਸ ਕਾਰਨ ਜੂਨ-ਜੁਲਾਈ ਦਾ ਮਹੀਨਾ ਨੇੜੇ ਆਉਂਦੇ ਹੀ ਹਜ਼ਾਰਾਂ ਏਕੜ ਫ਼ਸਲ ਅਤੇ ਦਰਜਨਾਂ ਪਿੰਡਾਂ ’ਤੇ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ।
ਸਾਲ 2023 ਦੇ ਹੜ੍ਹਾਂ ਦੌਰਾਨ ਪਿੰਡ ਕਾਮੀ ਖੁਰਦ ਵਿਖੇ ਪਏ ਭਿਆਨਕ ਪਾੜ ਕਾਰਨ ਕਿਸਾਨ ਜਗੀਰ ਸਿੰਘ ਦਾ ਮੋਟਰ ਕੋਠਾ ਅਤੇ ਹੋਰ ਕੀਮਤੀ ਸਮਾਨ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਿਆ ਸੀ। ਪੀੜਤ ਕਿਸਾਨ ਜਗੀਰ ਸਿੰਘ ਨੇ ਦੱਸਿਆ ਕਿ ਉਸ ਸਮੇਂ ਮੌਕੇ 'ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ, ਸੱਤਾਧਾਰੀ ਧਿਰ ਦੇ ਆਗੂਆਂ, ਹਲਕਾ ਵਿਧਾਇਕ ਤੇ ਮੰਤਰੀਆਂ ਨੇ ਇਸ ਪਾੜ ਨੂੰ ਜਲਦੀ ਤੋਂ ਜਲਦੀ ਭਰਨ ਦਾ ਵੱਡਾ ਭਰੋਸਾ ਦਿੱਤਾ ਸੀ। ਹੜ੍ਹਾਂ ਤੋਂ ਬਾਅਦ ਮੌਕਾ ਦੇਖਣ ਆਏ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਸੀ ਅਤੇ ਡੀਸੀ ਦਫ਼ਤਰ ਵਿਖੇ ਕਈ ਵਾਰ ਲਿਖਤੀ ਦਰਖ਼ਾਸਤਾਂ ਦਿੱਤੀਆਂ ਗਈਆਂ। ਪਰ ਅਫ਼ਸੋਸ ਕਿ ਤਿੰਨ ਸਾਲਾਂ ਵਿਚ ਕੋਈ ਸੁਣਵਾਈ ਨਹੀਂ ਹੋਈ। ਹੁਣ ਹਾਲਾਤ ਇਹ ਹਨ ਕਿ ਇਸ ਪਾੜ ਵਿਚ ਭਾਰੀ ਮਾਤਰਾ ਵਿੱਚ ਘਾਹ-ਫੂਸ, ਝਾੜੀਆਂ ਅਤੇ ਝੂੰਡ ਉੱਗ ਆਏ ਹਨ, ਜਿਸ ਕਾਰਨ ਇਹ ਖ਼ਤਰਨਾਕ ਪਾੜ ਸਾਫ਼ ਨਜ਼ਰ ਵੀ ਨਹੀਂ ਆਉਂਦਾ ਅਤੇ ਮਾਨਸੂਨ ਸਿਰ 'ਤੇ ਹੋਣ ਕਾਰਨ ਕਿਸਾਨਾਂ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਹੈ।
ਘੱਗਰ ਦਰਿਆ ਦੀ ਮਾਰ ਕਾਰਨ ਹਰ ਸਾਲ ਪਿੰਡ ਕਾਮੀ ਖੁਰਦ, ਲਾਛੜੂ ਕਲਾਂ, ਲਾਛੜੂ ਖੁਰਦ, ਜੰਡਮੰਘੋਲੀ, ਸੋਗਲਪੁਰ, ਸੋਨੇਮਾਜਰਾ, ਮਾਜਰੀ ਫਕੀਰਾਂ, ਮੰਜੋਲੀ, ਹਰੀਗੜ, ਹਰੀਮਾਜਰਾ, ਘਨੌਰੀਖੇੜਾ, ਮਹਿਦੂਦਾਂ, ਸਰਾਲਾ ਕਲਾਂ, ਸਰਾਲਾ ਖੁਰਦ, ਕਮਾਲਪੁਰ, ਕਪੂਰੀ, ਰਾਮਪੁਰ, ਚਮਾਰੂ, ਸੌਂਟਾਂ, ਮਾਹੜੀਆਂ ਤੇ ਹਰਪਾਲਾਂ ਸਮੇਤ ਕਈ ਦਰਜਨ ਪਿੰਡ ਹਮੇਸ਼ਾ ਖ਼ਤਰੇ ਦੇ ਸਾਏ ਹੇਠ ਜੀਵਨ ਬਤੀਤ ਕਰਦੇ ਹਨ। ਇਲਾਕਾ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮਾਨਸੂਨ ਦੇ ਮੌਸਮ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਤੋਂ ਪਹਿਲਾਂ ਘੱਗਰ ਨਾਲ ਸਬੰਧਤ ਸੁਰੱਖਿਆ ਕੰਮ ਜੰਗੀ ਪੱਧਰ 'ਤੇ ਮੁਕੰਮਲ ਕਰਵਾਏ ਜਾਣ, ਤਾਂ ਜੋ ਇਲਾਕੇ ਵਿਚ ਇਕ ਵਾਰ ਫਿਰ ਸਾਲ 1993, 2023 ਅਤੇ 2025 ਵਰਗੇ ਤਬਾਹੀ ਭਰੇ ਹਾਲਾਤ ਪੈਦਾ ਨਾ ਹੋਣ ਅਤੇ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਹੋ ਸਕੇ।
ਪਾੜ ਵਾਲੀ ਜਗ੍ਹਾ ਨਿੱਜੀ ਜ਼ਮੀਨ ’ਚ ਆਉਂਦੀ ਹੈ : ਐੱਸਡੀਓ ਗੁਲਾਟੀ
ਜਲ ਸਰੋਤ ਵਿਭਾਗ ਦੇ ਐੱਸਡੀਓ ਹਰਦੀਪ ਸਿੰਘ ਗੁਲਾਟੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਕਾਮੀ ਖੁਰਦ ਵਿਖੇ ਜਿੱਥੇ ਪਾੜ ਪਿਆ ਸੀ, ਉਹ ਜਗ੍ਹਾ ਕਿਸਾਨ ਦੀ ਨਿੱਜੀ ਜ਼ਮੀਨ ਵਿਚ ਆਉਂਦੀ ਹੈ, ਜਿਸ ਕਾਰਨ ਇਹ ਮਾਮਲਾ ਵਿਭਾਗ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਹਾਲਾਂਕਿ, ਉਨ੍ਹਾਂ ਦੱਸਿਆ ਕਿ ਪਿੰਡ ਦੜਵਾ ਵਿਖੇ ਲੈਫਟ ਮਾਰਜਨ ਬੰਧ ਨੂੰ ਉੱਚਾ ਕਰਨ ਲਈ ਟੈਂਡਰ ਪ੍ਰਕਿਰਿਆ ਜਾਰੀ ਹੈ ਅਤੇ ਟੈਂਡਰ ਮਨਜ਼ੂਰ ਹੁੰਦੇ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਵਿਭਾਗ ਦੇ ਇਸ ਤਰਕ ’ਤੇ ਸਵਾਲ ਉਠਾਉਂਦਿਆਂ ਕਿਸਾਨ ਜਗੀਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰੀ ਸ਼ਾਮਲਾਤ ਜ਼ਮੀਨ ’ਚੋਂ 400 ਤੋਂ ਵੱਧ ਟਰਾਲੀਆਂ ਮਿੱਟੀ ਚੁੱਕ ਕੇ ਹੋਰ ਥਾਵਾਂ ’ਤੇ ਪਹੁੰਚਾਈ ਜਾ ਸਕਦੀ ਹੈ ਤਾਂ ਇਸ ਖ਼ਤਰਨਾਕ ਪਾੜ ਨੂੰ ਭਰਨ ਲਈ ਸ਼ਾਮਲਾਤ ਜ਼ਮੀਨ ’ਚੋਂ ਮਿੱਟੀ ਕਿਉਂ ਨਹੀਂ ਪਾਈ ਜਾ ਸਕਦੀ? ਉਨ੍ਹਾਂ ਕਿਹਾ ਕਿ ਕੋਈ ਵੀ ਗਰੀਬ ਕਿਸਾਨ ਆਪਣੇ ਪੱਧਰ ’ਤੇ ਇੰਨੀ ਵੱਡੀ ਮਾਤਰਾ ’ਚ ਮਿੱਟੀ ਪਾ ਕੇ ਪਾੜ ਨੂੰ ਭਰਨ ਦੇ ਸਮਰੱਥ ਨਹੀਂ ਹੈ।
ਅਧਿਕਾਰੀ ਸਿਰਫ਼ ਕਾਗਜ਼ੀ ਕਾਰਵਾਈ ਤੱਕ ਸੀਮਤ : ਕਿਸਾਨ ਆਗੂ
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਪਵਨ ਕੁਮਾਰ ਸੋਗਲਪੁਰ ਨੇ ਕਿਹਾ ਕਿ ਸਰਕਾਰਾਂ ਲੋਕ ਹਿੱਤ ਦੇ ਕੰਮਾਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹਨ। ਨਿਯਮਾਂ ਅਨੁਸਾਰ ਫਰਵਰੀ ਅਤੇ ਮਾਰਚ ਮਹੀਨਿਆਂ ਦੌਰਾਨ ਹੀ ਹੜ੍ਹਾਂ ਤੋਂ ਬਚਾਅ ਲਈ ਪੁਖ਼ਤਾ ਪ੍ਰਬੰਧ ਕਰ ਲਏ ਜਾਣੇ ਚਾਹੀਦੇ ਹਨ, ਪਰ ਸਰਕਾਰੀ ਅਧਿਕਾਰੀ ਸਿਰਫ਼ ਕਾਗਜ਼ੀ ਕਾਰਵਾਈ ਤੱਕ ਸੀਮਤ ਰਹਿੰਦੇ ਹਨ। ਹੜ੍ਹਾਂ ਦੇ ਸਮੇਂ ਪ੍ਰਸ਼ਾਸਨ ਅਤੇ ਲੀਡਰ ਕਿਸਾਨਾਂ ਨਾਲ ਸਿਰਫ਼ ਹਮਦਰਦੀ ਜਤਾਉਣ ਅਤੇ ਜੱਫੀਆਂ ਪਾ ਕੇ ਫੋਟੋਆਂ ਖਿਚਵਾਉਣ ਤੱਕ ਹੀ ਸੀਮਤ ਰਹਿ ਜਾਂਦੇ ਹਨ, ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੁੰਦੀ ਹੈ।