- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਨਾ ਹੀ ਨਹੀਂ, ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੇ ਮੋਬਾਈਲ ਫੋਨ ਅੱਗੇ ਰੱਖ ਕੇ ਸਰੇਆਮ ਨਕਲ ਮਾਰੀ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨ ’ਚ ਹੜਕੰਪ ਮਚ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਉਚੇਰੀ ਸਿੱਖਿਆ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਸਨਸਨੀਖੇਜ਼ ਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮਾਲੇਰਕੋਟਲਾ ਦੇ ਇਕ ਕਾਲਜ ਨੇ ਯੂਨੀਵਰਸਿਟੀ ਦੀ ਅਧਿਕਾਰਤ ਡੇਟਸ਼ੀਟ ਜਾਂ ਹੁਕਮਾਂ ਦੇ ਬਗ਼ੈਰ ਹੀ ਐੱਮਏ ਦੀ ਪ੍ਰੀਖਿਆ ਲੈ ਲਈ। ਇੰਨਾ ਹੀ ਨਹੀਂ, ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੇ ਮੋਬਾਈਲ ਫੋਨ ਅੱਗੇ ਰੱਖ ਕੇ ਸਰੇਆਮ ਨਕਲ ਮਾਰੀ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨ ’ਚ ਹੜਕੰਪ ਮਚ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਪੰਜਾਬੀ ਯੂਨੀਵਰਸਿਟੀ ਦੀ ਅਧਿਕਾਰਤ ਡੇਟਸ਼ੀਟ ਮੁਤਾਬਕ 30 ਮਈ 2026 ਨੂੰ ਐੱਮਏ ਅੰਗਰੇਜ਼ੀ ਦਾ ਇਕ ਪੇਪਰ (ਕੁਆਲੀਫਾਈਂਗ) ਲਿਆ ਗਿਆ ਸੀ। ਇਹ ਪੇਪਰ ਨਾ ਤਾਂ ਯੂਨੀਵਰਸਿਟੀ ਨੇ ਰੱਦ ਕੀਤਾ ਸੀ ਤੇ ਨਾ ਹੀ ਦੁਬਾਰਾ ਪੇਪਰ ਲੈਣ ਲਈ ਕੋਈ ਨਵੀਂ ਡੇਟਸ਼ੀਟ ਜਾਂ ਅਧਿਕਾਰਤ ਹੁਕਮ ਜਾਰੀ ਕੀਤਾ ਹੈ। ਪੰਜਾਬੀ ਯੂਨੀਵਰਿਸਟੀ ਨਾਲ ਸਬੰਧਤ ਮਾਲੇਰਕੋਟਲਾ ਦਾ ਇਕ ਕਾਲਜ ਮੰਗਲਵਾਰ (30 ਜੂਨ 2026 ਨੂੰ) ਨੂੰ ਮੁੜ ਯੂਨੀਵਰਿਸਟੀ ਦੀ ਆਨਸਰਸ਼ੀਟ ’ਤੇ ਇਹ ਪੇਪਰ ਲੈ ਰਿਹਾ ਸੀ। ਇਸ ਦੌਰਾਨ ਹਾਲ ਦੇ ਅੰਦਰ ਵਿਦਿਆਰਥੀ ਆਪਣੇ ਡੈਸਕਾਂ ’ਤੇ ਮੋਬਾਈਲ ਫੋਨ ਖੋਲ੍ਹ ਕੇ ਨਕਲ ਮਾਰ ਰਹੇ ਸਨ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਮਾਮਲੇ ਸਬੰਧੀ ਇਕ ਲਿਖਤੀ ਸ਼ਿਕਾਇਤ ਪੰਜਾਬੀ ਯੂਨੀਵਰਸਿਟੀ ਅਥਾਰਟੀ ਕੋਲ ਪੁੱਜੀ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਤੁਰੰਤ ਹਰਕਤ ’ਚ ਆ ਗਿਆ। ਅਥਾਰਟੀ ਨੇ ਸਬੰਧਤ ਕਾਲਜ ਦੇ ਪ੍ਰਿੰਸੀਪਲ ਤੇ ਰਜਿਸਟਰਾਰ ਨੂੰ ਤਲਬ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਉੱਚ ਅਧਿਕਾਰੀਆਂ ਨੇ ਕਰੀਬ ਤਿੰਨ ਘੰਟੇ ਇਨ੍ਹਾਂ ਦੋਵਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਜੋ ਇਸ ਸਕੈਂਡਲ ਦੀ ਤਹਿ ਤੱਕ ਪੁੱਜਿਆ ਜਾ ਸਕੇ।
ਪੰਜਾਬੀ ਯੂਨੀਵਰਸਿਟੀ ਦੇ ਕੰਟਰੋਲਰ (ਪ੍ਰੀਖਿਆਵਾਂ) ਡਾ. ਮਨੀਸ਼ ਕਪੂਰ ਮਾਮਲੇ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਯੂਨੀਵਰਸਿਟੀ ਨੂੰ ਇਸ ਸਬੰਧੀ ਠੋਸ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਤੇ ਮਿਲੇ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਪ਼ ਸਖ਼ਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।