- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੌਰਾਨ ਉਨ੍ਹਾਂ ਵੱਡੀ ਨਦੀ, ਛੋਟੀ ਨਦੀ, ਮੁੱਖ ਡਰੇਨੇਜ਼ ਤੇ ਬਰਸਾਤੀ ਪਾਣੀ ਦੀ ਨਿਕਾਸੀ ਵਾਲੀਆਂ ਵੱਖ-ਵੱਖ ਸੰਵੇਦਨਸ਼ੀਲ ਥਾਵਾਂ ਦਾ ਖ਼ੁਦ ਦੌਰਾ ਕੀਤਾ ਅਤੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਰਿਪੋਰਟ ਦੇਖੀ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸ਼ਹਿਰ ਦੀ ਖ਼ੂਬਸੂਰਤੀ ਤੇ ਨਿਕਾਸੀ ਦੇ ਮੁੱਖ ਸਰੋਤ 'ਵੱਡੀ ਨਦੀ' ਤੇ 'ਛੋਟੀ ਨਦੀ' ਦੇ ਮੌਜੂਦਾ ਹਾਲਾਤ ਨੂੰ ਦੇਖ ਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਪਾਰਾ ਚੜ੍ਹ ਗਿਆ। ਵਿਕਾਸ ਕਾਰਜਾਂ ’ਚ ਹੋ ਰਹੀ ਦੇਰੀ ਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਆਪਸੀ ਤਾਲਮੇਲ ਦੀ ਕਮੀ 'ਤੇ ਤਿੱਖੀ ਨਾਰਾਜ਼ਗੀ ਜ਼ਾਹਰ ਕਰਦਿਆਂ ਮੰਤਰੀ ਨੇ ਮੌਕੇ 'ਤੇ ਹੀ ਅਧਿਕਾਰੀਆਂ ਦੀ ਰਗੜੇਬੰਦੀ ਕੀਤੀ। ਜੰਗਲਾਤ ਸਮੇਤ ਕਈ ਅਹਿਮ ਵਿਭਾਗਾਂ ਦੀ ਸੁਸਤ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਸਿਹਤ ਮੰਤਰੀ ਨੇ ਬੇਬਾਕੀ ਨਾਲ ਕਿਹਾ, ‘‘ਜਿੱਥੇ ਚਾਰ ਮਹਿਕਮੇ ਇਕੱਠੇ ਆ ਜਾਣ, ਉੱਥੇ ਰਿਜ਼ਲਟ ਜ਼ੀਰੋ ਹੋ ਜਾਂਦਾ ਹੈ। ਪਟਿਆਲਾ ਵਿਚ ਪੰਜ ਡੀਸੀ ਬਦਲ ਚੁੱਕੇ ਹਨ, ਪਰ ਇਨ੍ਹਾਂ ਨਦੀਆਂ ਦੇ ਹਾਲਾਤ ਅਜੇ ਵੀ ਨਹੀਂ ਬਦਲੇ।’’
ਦਰਅਸਲ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਮੌਜੂਦਾ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰਨਾਂ ਸਬੰਧਤ ਵਿਭਾਗਾਂ ਦੇ ਮੁਖੀਆਂ ਨਾਲ ਮਿਲ ਕੇ ਸ਼ਹਿਰ ਦੇ ਪੂਰੇ ਡਰੇਨੇਜ਼ ਸਿਸਟਮ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਵੱਡੀ ਨਦੀ, ਛੋਟੀ ਨਦੀ, ਮੁੱਖ ਡਰੇਨੇਜ਼ ਤੇ ਬਰਸਾਤੀ ਪਾਣੀ ਦੀ ਨਿਕਾਸੀ ਵਾਲੀਆਂ ਵੱਖ-ਵੱਖ ਸੰਵੇਦਨਸ਼ੀਲ ਥਾਵਾਂ ਦਾ ਖ਼ੁਦ ਦੌਰਾ ਕੀਤਾ ਅਤੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਰਿਪੋਰਟ ਦੇਖੀ। ਇਸ ਮੌਕੇ ਪੀਡੀਏ ਦੇ ਮੁੱਖ ਪ੍ਰਸ਼ਾਸਕ ਮਿਸ ਅਰਪਿਤਾ, ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।
ਛੋਟੀ ਨਦੀ ਦੇ ਕਾਰਜਾਂ 'ਤੇ ਨਾਰਾਜ਼ਗੀ, ਨਿਸ਼ਾਨਦੇਹੀ ਦੇ ਹੁਕਮ
ਜਦੋਂ ਸਿਹਤ ਮੰਤਰੀ ਛੋਟੀ ਨਦੀ ਦੇ ਖੇਤਰ ’ਚ ਤਫੱਜਲਪੁਰਾ ਤੋਂ ਘਲੋੜੀ ਗੇਟ ਤੱਕ ਬਣਾਏ ਜਾ ਰਹੇ ਸਾਈਕਲ ਟ੍ਰੈਕ ਅਤੇ ਵਾਕਿੰਗ ਸਟ੍ਰੈਚ ਦਾ ਮੁਆਇਨਾ ਕਰਨ ਪਹੁੰਚੇ, ਤਾਂ ਉੱਥੇ ਅਜੇ ਤੱਕ ਬੂਟੇ ਲਗਾਉਣ ਦਾ ਕੰਮ ਸ਼ੁਰੂ ਨਾ ਹੋਣ 'ਤੇ ਉਹ ਬੇਹੱਦ ਨਾਰਾਜ਼ ਹੋਏ। ਉਨ੍ਹਾਂ ਜੰਗਲਾਤ ਵਿਭਾਗ ਨੂੰ ਤੁਰੰਤ ਇਸ ਟ੍ਰੈਕ ਦੇ ਆਲੇ-ਦੁਆਲੇ ਬੂਟੇ ਲਗਾਉਣ ਦੀ ਹਦਾਇਤ ਕੀਤੀ।ਇਸ ਦੇ ਨਾਲ ਹੀ, ਜਦੋਂ ਉਨ੍ਹਾਂ ਨਦੀ ’ਚ ਸੰਨੀ ਇਨਕਲੇਵ ਵਾਲੇ ਪਾਸੇ ਤੋਂ ਸਾਫ਼ ਪਾਣੀ ਛੱਡਣ ਦੇ ਪ੍ਰੋਜੈਕਟ ਬਾਰੇ ਸਵਾਲ ਕੀਤਾ, ਤਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਅਗਲੇ ਦੋ ਮਹੀਨਿਆਂ ਦੇ ਅੰਦਰ-ਅੰਦਰ ਨਦੀ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।ਇਸ ਤੋਂ ਬਾਅਦ ਘੋੜਿਆਂ ਵਾਲੇ ਬੁੱਤ ਕੋਲ ਚੱਲ ਰਹੇ ਕੰਮਾਂ ਦੀ ਮੱਠੀ ਰਫ਼ਤਾਰ ਦੇਖ ਕੇ ਵੀ ਮੰਤਰੀ ਨਿਰਾਸ਼ ਨਜ਼ਰ ਆਏ। ਜਦੋਂ ਉਨ੍ਹਾਂ ਨੇ ਅਧਿਕਾਰੀਆਂ ਕੋਲੋਂ ਨਦੀ ਦਾ ਕੁੱਲ ਰਕਬਾ ਜਾਨਣਾ ਚਾਹਿਆ, ਤਾਂ ਮੌਕੇ 'ਤੇ ਮੌਜੂਦ ਕੋਈ ਵੀ ਅਧਿਕਾਰੀ ਇਸ ਦਾ ਸਹੀ ਤੇ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਅਧਿਕਾਰੀਆਂ ਦੀ ਇਸ ਲਾਪ੍ਰਵਾਹੀ 'ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਮੰਤਰੀ ਨੇ ਤੁਰੰਤ ਨਦੀ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਅਤੇ ਨਦੀ ਦੇ ਰਸਤੇ ’ਚ ਕੀਤੇ ਗਏ ਸਾਰੇ ਨਾਜਾਇਜ਼ ਕਬਜ਼ੇ ਹਟਾਉਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸੈਰ ਕਰਨ ਵਾਲੇ ਲੋਕਾਂ ਲਈ ਵਧੀਆ ਟ੍ਰੈਕ ਤਿਆਰ ਕੀਤਾ ਜਾਵੇ ਅਤੇ ਮਾਨਸੂਨ ਦੀ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਜੰਗਲਾਤ ਵਿਭਾਗ ਹਰ ਹਾਲ ਵਿੱਚ ਇੱਥੇ ਹਰਿਆਵਲ ਯਕੀਨੀ ਬਣਾਏ।
ਜੰਗਲਾਤ ਜ਼ਮੀਨ 'ਤੇ ਕਬਜ਼ਾ ਦੇਖ ਡੀਐਫਓ ਦੀ ਲਾਈ ਕਲਾਸ
ਸਿਹਤ ਮੰਤਰੀ ਨੇ ਅਰਬਨ ਅਸਟੇਟ ਫੇਜ਼-2 ਦੇ ਬਾਹਰ ਸਥਿਤ ਰਾਜਪੁਰਾ-ਸਰਹੰਦ ਬਾਈਪਾਸ ਦਾ ਵੀ ਵਿਸ਼ੇਸ਼ ਦੌਰਾ ਕੀਤਾ। ਇਸ ਦੌਰਾਨ ਜਦੋਂ ਉਹ ਨਵੇਂ ਬੱਸ ਅੱਡੇ ਤੋਂ ਸਰਹੰਦ ਰੋਡ ਵੱਲ ਜਾਂਦੇ ਹੋਏ ਖੱਬੇ ਪਾਸੇ ਜੰਗਲਾਤ ਵਿਭਾਗ ਦੀ ਸੈਂਕੜੇ ਫੁੱਟ ਸਰਕਾਰੀ ਜ਼ਮੀਨ 'ਤੇ ਵਪਾਰਕ ਹਿੱਤਾਂ ਲਈ ਰੇਤਾ-ਬਜਰੀ ਰੱਖ ਕੇ ਕੀਤੇ ਗਏ ਨਾਜਾਇਜ਼ ਕਬਜ਼ੇ ਦੇਖ ਕੇ ਮੰਤਰੀ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ। ਉਨ੍ਹਾਂ ਮੌਕੇ 'ਤੇ ਖੜ੍ਹੇ ਡੀਐੱਫਓ ਦੀ ਜ਼ੋਰਦਾਰ ਕਲਾਸ ਲਗਾਈ। ਜਦੋਂ ਮੰਤਰੀ ਨੇ ਪੁੱਛਿਆ ਕਿ ਇਹ ਕਬਜ਼ੇ ਹਾਲੇ ਤੱਕ ਕਿਉਂ ਨਹੀਂ ਹਟਾਏ ਗਏ, ਤਾਂ ਡੀਐੱਫਓ ਨੇ ਸਫ਼ਾਈ ਦਿੰਦਿਆਂ ਦੱਸਿਆ ਕਿ 4 ਮਈ ਨੂੰ ਇਸ ਸਬੰਧੀ ਅਦਾਲਤੀ ਮਾਮਲਾ ਖ਼ਤਮ ਹੋ ਚੁੱਕਾ ਹੈ। ਇਸ ਜਵਾਬ 'ਤੇ ਮੰਤਰੀ ਨੇ ਹੋਰ ਤਿੱਖਾ ਹੁੰਦਿਆਂ ਕਿਹਾ ਕਿ ਜੇਕਰ ਅਦਾਲਤੀ ਰੋਕ ਖ਼ਤਮ ਹੋ ਚੁੱਕੀ ਸੀ, ਤਾਂ ਕਾਰਵਾਈ ਕਿਉਂ ਨਹੀਂ ਕੀਤੀ ਗਈ? ਉਨ੍ਹਾਂ ਅਧਿਕਾਰੀਆਂ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੰਦੇ ਹੋਏ ਹੁਕਮ ਦਿੱਤਾ ਕਿ ਤੁਰੰਤ ਸਾਰੇ ਕਬਜ਼ੇ ਹਟਾ ਕੇ ਉੱਥੇ ਪਿਆ ਸਾਮਾਨ ਜ਼ਬਤ ਕੀਤਾ ਜਾਵੇ।
ਸਥਾਈ ਰਾਹਤ ਦੇਣ ਲਈ ਸਰਕਾਰ ਵਚਨਬੱਧ : ਸਿਹਤ ਮੰਤਰੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਭਵਿੱਖ ਵਿੱਚ ਭਾਰੀ ਬਰਸਾਤ ਦੌਰਾਨ ਪਟਿਆਲਾ ਦੇ ਕਿਸੇ ਵੀ ਨਾਗਰਿਕ ਨੂੰ ਜਲ-ਥਲ ਜਾਂ ਪਾਣੀ ਭਰਨ ਦੀ ਸਮੱਸਿਆ ਕਾਰਨ ਪ੍ਰੇਸ਼ਾਨੀ ਨਾ ਝੱਲਣੀ ਪਵੇ। ਇਸੇ ਲਈ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਵਧਾ ਕੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਹਰ ਪ੍ਰੋਜੈਕਟ ਦੀ ਰੋਜ਼ਾਨਾ ਨਿਗਰਾਨੀ ਕੀਤੀ ਜਾਵੇ ਅਤੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹਰ ਕੰਮ ਤੈਅ ਸਮੇਂ ਦੇ ਅੰਦਰ ਉੱਚ ਮਿਆਰੀ ਤਕਨੀਕ ਨਾਲ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਮਾਨਸੂਨ ਦੌਰਾਨ ਪਟਿਆਲਾ ਦੇ ਕਈ ਨੀਵੇਂ ਇਲਾਕਿਆਂ ਵਿੱਚ ਆਈ ਹੜ੍ਹ ਵਰਗੀ ਸਥਿਤੀ ਨੂੰ ਸਰਕਾਰ ਨੇ ਬੇਹੱਦ ਗੰਭੀਰਤਾ ਨਾਲ ਲਿਆ ਹੈ। ਹੁਣ ਡਰੇਨੇਜ ਸਿਸਟਮ ਨੂੰ ਮਜ਼ਬੂਤ ਕਰਨ ਲਈ ਨਿਕਾਸੀ ਨਾਲਿਆਂ ਦੀ ਸਫ਼ਾਈ, ਡਰੇਨਾਂ ਦੀ ਸਮਰੱਥਾ ਵਧਾਉਣ ਅਤੇ ਪਾਣੀ ਦੇ ਕੁਦਰਤੀ ਵਹਾਅ ਨੂੰ ਬਿਨਾਂ ਕਿਸੇ ਰੁਕਾਵਟ ਦੇ ਚਾਲੂ ਰੱਖਣ ਲਈ ਵਿਸ਼ੇਸ਼ ਅਤੇ ਵੱਡੇ ਉਪਰਾਲੇ ਜੰਗੀ ਪੱਧਰ 'ਤੇ ਸ਼ੁਰੂ ਕੀਤੇ ਗਏ ਹਨ।
ਡੀਸੀ ਵੱਲੋਂ ਮੰਤਰੀ ਨੂੰ ਦਿੱਤਾ ਗਿਆ ਪੁਖ਼ਤਾ ਭਰੋਸਾ
ਇਸ ਮੌਕੇ ਸਿਹਤ ਮੰਤਰੀ ਦੇ ਸਖ਼ਤ ਰੁਖ਼ ਨੂੰ ਦੇਖਦਿਆਂ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਉਨ੍ਹਾਂ ਨੂੰ ਪੂਰਾ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਸਬੰਧਤ ਹਰ ਇੱਕ ਕਾਰਜ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਡੀਸੀ ਨੇ ਦੱਸਿਆ ਕਿ ਸ਼ਹਿਰ ਦੇ ਉਨ੍ਹਾਂ ਸੰਵੇਦਨਸ਼ੀਲ ਖੇਤਰਾਂ ਦੀ ਵਿਸ਼ੇਸ਼ ਪਛਾਣ ਕਰ ਲਈ ਗਈ ਹੈ, ਜਿੱਥੇ ਪਹਿਲਾਂ ਪਾਣੀ ਭਰਦਾ ਸੀ। ਉਨ੍ਹਾਂ ਥਾਵਾਂ 'ਤੇ ਪਹਿਲ ਦੇ ਆਧਾਰ 'ਤੇ ਸੁਧਾਰ ਕਾਰਜ ਕਰਵਾਏ ਜਾ ਰਹੇ ਹਨ, ਤਾਂ ਜੋ ਆਉਣ ਵਾਲੇ ਮਾਨਸੂਨ ਦੇ ਸੀਜ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਜਾਂ ਭਾਰੀ ਬਾਰਸ਼ ਦੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ ਅਤੇ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਾ ਆਵੇ।