- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੁੱਸੀ ਬੰਨ੍ਹ ਦਾ ਮੁੱਦਾ ਹੁਣ ਸਿਆਸੀ ਚਰਚਾ ਦਾ ਕੇਂਦਰ ਵੀ ਬਣ ਗਿਆ ਹੈ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਪਿਛਲੇ ਹੜ੍ਹਾਂ ਨੂੰ ਕਰੀਬ ਦਸ ਮਹੀਨੇ ਬੀਤ ਚੁੱਕੇ ਹਨ, ਪਰ ਸਥਾਈ ਹੱਲ ਅਜੇ ਤੱਕ ਨਹੀਂ ਕੀਤਾ ਗਿਆ। ਦੂਜੇ ਪਾਸੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਾਲ ਹੀ ਵਿੱਚ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ। ਮੌਨਸੂਨ ਦੀ ਆਮਦ ਵਿੱਚ ਹੁਣ ਕੁਝ ਹੀ ਦਿਨ ਬਾਕੀ ਹਨ, ਪਰ ਰਾਵੀ ਦਰਿਆ ਦੇ ਕਥਲੌਰ ਪੁਲ ਨੇੜੇ ਪਿਛਲੇ ਸਾਲ ਟੁੱਟਿਆ ਧੁੱਸੀ ਬੰਨ੍ਹ ਅਜੇ ਤੱਕ ਮੁੜ ਨਹੀਂ ਬਣ ਸਕਿਆ। ਇਸ ਕਾਰਨ ਦਰਿਆ ਕੰਢੇ ਵੱਸਦੇ ਕਰੀਬ 70 ਪਿੰਡਾਂ ਦੇ ਲੋਕਾਂ ਵਿੱਚ ਚਿੰਤਾ ਵਧਦੀ ਜਾ ਰਹੀ ਹੈ। ਪਿਛਲੇ ਸਾਲ ਹੜ੍ਹਾਂ ਦੌਰਾਨ ਭਾਰੀ ਤਬਾਹੀ ਦਾ ਸਾਹਮਣਾ ਕਰ ਚੁੱਕੇ ਲੋਕ ਇਸ ਵਾਰ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਲੈ ਕੇ ਚਿੰਤਤ ਹਨ ਅਤੇ ਪ੍ਰਸ਼ਾਸਨ ਤੋਂ ਜਲਦੀ ਸਥਾਈ ਹੱਲ ਦੀ ਮੰਗ ਕਰ ਰਹੇ ਹਨ।
ਪਿਛਲੇ ਸਾਲ ਰਾਵੀ ਦਰਿਆ ਵਿੱਚ ਆਏ ਹੜ੍ਹ ਨੇ ਕੋਹਲੀਆਂ ਅੱਡੇ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੱਡਾ ਨੁਕਸਾਨ ਕੀਤਾ ਸੀ। ਕਈ ਪਰਿਵਾਰਾਂ ਦੀ ਉਪਜਾਊ ਜ਼ਮੀਨ ਦਰਿਆ ਵਿੱਚ ਸਮਾ ਗਈ ਸੀ, ਜਦਕਿ ਕਈ ਘਰਾਂ ਅਤੇ ਵਪਾਰਕ ਅਦਾਰਿਆਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਿਆ ਸੀ। ਕੁਝ ਥਾਵਾਂ ’ਤੇ ਜਾਨੀ ਨੁਕਸਾਨ ਵੀ ਹੋਇਆ ਸੀ। ਪ੍ਰਭਾਵਿਤ ਲੋਕਾਂ ਦਾ ਕਹਿਣਾ ਹੈ ਕਿ ਉਹ ਅਜੇ ਤੱਕ ਉਸ ਆਰਥਿਕ ਅਤੇ ਮਾਨਸਿਕ ਸੱਟ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕੇ।
ਹੜ੍ਹਾਂ ਤੋਂ ਬਾਅਦ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਮਿੱਟੀ ਨਾਲ ਭਰੀਆਂ ਬੋਰੀਆਂ ਰੱਖ ਕੇ ਇੱਕ ਆਰਜ਼ੀ ਬੰਨ੍ਹ ਤਿਆਰ ਕੀਤਾ ਗਿਆ ਸੀ। ਇਸ ਨਾਲ ਉਸ ਵੇਲੇ ਪਾਣੀ ਦੇ ਵਹਾਅ ਨੂੰ ਕੁਝ ਹੱਦ ਤੱਕ ਰੋਕਣ ਵਿੱਚ ਮਦਦ ਮਿਲੀ ਸੀ ਅਤੇ ਅੱਗੇ ਪੈਂਦੇ ਕਈ ਪਿੰਡਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਗਿਆ ਸੀ। ਪਰ ਹੁਣ ਲੰਬਾ ਸਮਾਂ ਬੀਤ ਜਾਣ ਕਾਰਨ ਇਹ ਬੋਰੀਆਂ ਅਤੇ ਉਨ੍ਹਾਂ ਨੂੰ ਬੰਨ੍ਹਣ ਲਈ ਵਰਤੀਆਂ ਗਈਆਂ ਰੱਸੀਆਂ ਕਾਫ਼ੀ ਕਮਜ਼ੋਰ ਹੋ ਚੁੱਕੀਆਂ ਹਨ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਮੌਨਸੂਨ ਦੌਰਾਨ ਭਾਰੀ ਮੀਂਹ ਪਿਆ ਅਤੇ ਦਰਿਆ ਦਾ ਪਾਣੀ ਵਧਿਆ ਤਾਂ ਇਹ ਆਰਜ਼ੀ ਪ੍ਰਬੰਧ ਟਿਕ ਨਹੀਂ ਸਕੇਗਾ।
ਕਿਸਾਨ ਆਗੂਆਂ ਨੇ ਜਤਾਈ ਚਿੰਤਾ
ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਸੂਬਾਈ ਜਨਰਲ ਸਕੱਤਰ ਕਰਮਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪਿਛਲੇ ਸਾਲ ਬਣਾਇਆ ਗਿਆ ਆਰਜ਼ੀ ਬੰਨ੍ਹ ਹੁਣ ਆਪਣੀ ਮਿਆਦ ਪੂਰੀ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਪੱਕਾ ਅਤੇ ਮਜ਼ਬੂਤ ਧੁੱਸੀ ਬੰਨ੍ਹ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਮੁੜ ਵਿਗੜ ਸਕਦੇ ਹਨ।
ਸਿਆਸੀ ਮੰਚ ’ਤੇ ਵੀ ਗੂੰਜਿਆ ਮਾਮਲਾ
ਧੁੱਸੀ ਬੰਨ੍ਹ ਦਾ ਮੁੱਦਾ ਹੁਣ ਸਿਆਸੀ ਚਰਚਾ ਦਾ ਕੇਂਦਰ ਵੀ ਬਣ ਗਿਆ ਹੈ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਪਿਛਲੇ ਹੜ੍ਹਾਂ ਨੂੰ ਕਰੀਬ ਦਸ ਮਹੀਨੇ ਬੀਤ ਚੁੱਕੇ ਹਨ, ਪਰ ਸਥਾਈ ਹੱਲ ਅਜੇ ਤੱਕ ਨਹੀਂ ਕੀਤਾ ਗਿਆ। ਦੂਜੇ ਪਾਸੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਾਲ ਹੀ ਵਿੱਚ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।
ਵਿਭਾਗ ਦਾ ਕੀ ਕਹਿਣਾ ਹੈ?
ਡਰੇਨੇਜ ਵਿਭਾਗ ਦੇ ਸਬ-ਡਿਵੀਜ਼ਨ ਅਫਸਰ ਪੰਕਜ ਬਾਲੀ ਅਨੁਸਾਰ ਪ੍ਰਭਾਵਿਤ ਸਥਾਨ ’ਤੇ ਪੱਥਰਾਂ ਦੇ ਕਰੇਟ ਲਗਾ ਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਯੋਜਨਾ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਜਲਦ ਹੀ ਅਗਲੇ ਕਦਮ ਤੈਅ ਕੀਤੇ ਜਾਣਗੇ। ਮੌਨਸੂਨ ਨੇੜੇ ਹੋਣ ਕਾਰਨ ਰਾਵੀ ਦਰਿਆ ਕੰਢੇ ਵੱਸਦੇ ਲੋਕਾਂ ਦੀਆਂ ਨਜ਼ਰਾਂ ਹੁਣ ਸਰਕਾਰ ਅਤੇ ਪ੍ਰਸ਼ਾਸਨ ’ਤੇ ਟਿਕੀਆਂ ਹੋਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਪੱਕੇ ਪ੍ਰਬੰਧ ਨਾ ਕੀਤੇ ਗਏ ਤਾਂ ਪਿਛਲੇ ਸਾਲ ਦੀ ਤਬਾਹੀ ਇੱਕ ਵਾਰ ਫਿਰ ਦੁਹਰਾਈ ਜਾ ਸਕਦੀ ਹੈ।