- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ਵਿੱਚੋਂ ਦੋ ਗਊਆਂ ਦੀ ਮੌਤ ਹੋ ਚੁੱਕੀ ਸੀ, ਜਦਕਿ ਪੰਜ ਬੇਹੋਸ਼ ਹਾਲਤ ਵਿੱਚ ਮਿਲੀਆਂ। ਪੁਲਿਸ ਨੇ ਕੈਂਟਰ ਚਾਲਕ ਰਿਜ਼ਵਾਨ ਖਾਨ ਵਾਸੀ ਅੜਿਆਲ (ਜੰਮੂ) ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਸੰਵਾਦ ਸਹਿਯੋਗੀ, ਪੰਜਾਬੀ ਜਾਗਰਣ, ਬਮਿਆਲ: ਨਰੋਟ ਜੈਮਲ ਸਿੰਘ ਖੇਤਰ ਵਿੱਚ ਵੀਰਵਾਰ ਨੂੰ ਪਾਣੀ ਦੀਆਂ ਬੋਤਲਾਂ ਦੀਆਂ ਪੇਟੀਆਂ ਦੀ ਆੜ ਹੇਠ ਗਊ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਮਿੰਨੀ ਕੈਂਟਰ ਨੂੰ ਕਾਬੂ ਕਰਕੇ ਉਸ ਵਿੱਚੋਂ ਸੱਤ ਗਊਆਂ ਬਰਾਮਦ ਕੀਤੀਆਂ। ਇਨ੍ਹਾਂ ਵਿੱਚੋਂ ਦੋ ਗਊਆਂ ਦੀ ਮੌਤ ਹੋ ਚੁੱਕੀ ਸੀ, ਜਦਕਿ ਪੰਜ ਬੇਹੋਸ਼ ਹਾਲਤ ਵਿੱਚ ਮਿਲੀਆਂ। ਪੁਲਿਸ ਨੇ ਕੈਂਟਰ ਚਾਲਕ ਰਿਜ਼ਵਾਨ ਖਾਨ ਵਾਸੀ ਅੜਿਆਲ (ਜੰਮੂ) ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਥਾਣਾ ਨਰੋਟ ਜੈਮਲ ਸਿੰਘ ਦੀ ਪੁਲਿਸ ਪਿੰਡ ਬਹਾਦੁਰਪੁਰ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਇੱਕ ਕੈਂਟਰ ਨੂੰ ਰੋਕਿਆ ਗਿਆ। ਚਾਲਕ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪਾਣੀ ਦੀਆਂ ਬੋਤਲਾਂ ਲੈ ਕੇ ਜਾ ਰਿਹਾ ਹੈ। ਕੈਂਟਰ ਦੇ ਉੱਪਰਲੇ ਹਿੱਸੇ ਵਿੱਚ ਪਾਣੀ ਦੀਆਂ ਪੇਟੀਆਂ ਲੱਦੀਆਂ ਹੋਈਆਂ ਸਨ, ਪਰ ਪੁਲਿਸ ਨੂੰ ਅੰਦਰੋਂ ਹਲਚਲ ਮਹਿਸੂਸ ਹੋਣ ’ਤੇ ਸ਼ੱਕ ਪਿਆ। ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਤਾਂ ਅੰਦਰ ਗਊਆਂ ਨੂੰ ਬੇਰਹਿਮੀ ਨਾਲ ਬੰਨ੍ਹ ਕੇ ਇੱਕ-ਦੂਜੇ ਉੱਪਰ ਸੁੱਟਿਆ ਹੋਇਆ ਮਿਲਿਆ।
ਬੇਹੋਸ਼ੀ ਦੇ ਟੀਕੇ ਲੱਗੇ ਹੋਣ ਦੀ ਪੁਸ਼ਟੀ
ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਗਊਆਂ ਨੂੰ ਬਾਹਰ ਕੱਢਿਆ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੂੰ ਮੌਕੇ ’ਤੇ ਬੁਲਾਇਆ। ਪਸ਼ੂ ਹਸਪਤਾਲ ਨਰੋਟ ਜੈਮਲ ਸਿੰਘ ਦੇ ਡਾ. ਅਮਨਦੀਪ ਮਹਾਜਨ ਨੇ ਜਾਂਚ ਦੌਰਾਨ ਦੱਸਿਆ ਕਿ ਦੋ ਗਊਆਂ ਦੀ ਮੌਤ ਹੋ ਚੁੱਕੀ ਸੀ, ਜਦਕਿ ਪੰਜ ਬੇਹੋਸ਼ ਸਨ। ਉਨ੍ਹਾਂ ਕਿਹਾ ਕਿ ਗਊਆਂ ਨੂੰ ਬੇਹੋਸ਼ੀ ਦੇ ਟੀਕੇ ਲਗਾਏ ਗਏ ਸਨ। ਬਾਕੀ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸ਼ਿਵ ਸੈਨਾ ਸਮਾਜਵਾਦੀ ਸਮੇਤ ਹੋਰ ਹਿੰਦੂ ਜਥੇਬੰਦੀਆਂ ਦੇ ਕਾਰਕੁਨ ਅਤੇ ਸਥਾਨਕ ਲੋਕ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਦਿਨ-ਦਿਹਾੜੇ ਗਊ ਤਸਕਰੀ ਦੀਆਂ ਘਟਨਾਵਾਂ ਚਿੰਤਾਜਨਕ ਹਨ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਕੁਲਦੀਪ ਰਾਜ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਗਊ ਤਸਕਰੀ ਦੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।