- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇੰਨੇ ਲੰਬੇ ਸਮੇਂ ਤੱਕ ਬਿਜਲੀ ਸਪਲਾਈ ਬੰਦ ਰਹਿਣ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ - ਪਠਾਨਕੋਟ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਐਤਵਾਰ ਦੁਪਹਿਰ ਤੋਂ ਸ਼ੁਰੂ ਹੋਇਆ ਬਿਜਲੀ ਸੰਕਟ ਲੋਕਾਂ ਲਈ ਵੱਡੀ ਮੁਸੀਬਤ ਬਣ ਗਿਆ। ਕਰੀਬ 11 ਘੰਟਿਆਂ ਤੱਕ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਪੂਰਾ ਸ਼ਹਿਰ ਭਿਆਨਕ ਗਰਮੀ, ਉਮਸ ਅਤੇ ਪਾਣੀ ਦੀ ਕਮੀ ਨਾਲ ਜੂਝਦਾ ਰਿਹਾ। ਦਿਨ ਵੇਲੇ ਲੱਗਾ ਬਿਜਲੀ ਕੱਟ ਦੇਰ ਰਾਤ ਤੱਕ ਜਾਰੀ ਰਿਹਾ, ਜਿਸ ਕਾਰਨ ਹਜ਼ਾਰਾਂ ਘਰਾਂ ਦਾ ਆਮ ਜੀਵਨ ਪ੍ਰਭਾਵਿਤ ਹੋਇਆ। ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਸੂਚਨਾ ਦੇ ਇੰਨਾ ਲੰਬਾ ਬਿਜਲੀ ਕੱਟ ਲਗਾਉਣਾ ਵਿਭਾਗ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਦੁਪਹਿਰ ਤੋਂ ਦੇਰ ਰਾਤ ਤੱਕ ਹਨੇਰੇ ਵਿੱਚ ਡੁੱਬਿਆ ਰਿਹਾ ਸ਼ਹਿਰ -----
ਹਲਕਾ ਵਾਸੀ ਅਸ਼ੋਕ ਸੈਨੀ, ਬਲਵਿੰਦਰ ਵਰਮਾ, ਓਮ ਪ੍ਰਕਾਸ਼ ਸ਼ਰਮਾ, ਅਮਨ, ਯੁਗੇਸ਼ ਸੰਨੀ, ਭਾਰਤ ਭੂਸ਼ਣ, ਹਰਭਜਨ ਕੌਰ, ਕੁਲਭੂਸ਼ਨ ਨੇ ਦੱਸਿਆ ਕਿ ਦੁਪਹਿਰ ਕਰੀਬ ਇੱਕ ਵਜੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਅਤੇ ਲਗਾਤਾਰ ਕਰੀਬ 11 ਘੰਟਿਆਂ ਤੱਕ ਬਹਾਲ ਨਾ ਹੋ ਸਕੀ। ਭਿਆਨਕ ਗਰਮੀ ਅਤੇ ਉਮਸ ਦੇ ਮੌਸਮ ਵਿੱਚ ਲੋਕਾਂ ਦਾ ਘਰਾਂ ਅੰਦਰ ਰਹਿਣਾ ਮੁਸ਼ਕਲ ਹੋ ਗਿਆ। ਰਾਤ ਦੇ ਸਮੇਂ ਵੀ ਬਿਜਲੀ ਨਾ ਆਉਣ ਕਾਰਨ ਛੋਟੇ ਬੱਚਿਆਂ, ਬਜ਼ੁਰਗਾਂ, ਮਰੀਜ਼ਾਂ ਅਤੇ ਮਹਿਲਾਵਾਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਿਜਲੀ ਦੇ ਇੰਤਜ਼ਾਰ ਵਿੱਚ ਲੋਕ ਦੇਰ ਰਾਤ ਤੱਕ ਜਾਗਦੇ ਰਹੇ।
ਹੁੰਮਸ ਭਰੀ ਗਰਮੀ ਕਾਰਨ ਘਰ ਛੱਡਣ ਲਈ ਮਜਬੂਰ ਹੋਏ ਲੋਕ --------
ਲੰਬੇ ਸਮੇਂ ਤੱਕ ਪੱਖੇ, ਕੂਲਰ ਅਤੇ ਏਅਰ ਕੰਡੀਸ਼ਨਰ ਬੰਦ ਰਹਿਣ ਕਾਰਨ ਘਰਾਂ ਅੰਦਰ ਤਾਪਮਾਨ ਕਾਫ਼ੀ ਵੱਧ ਗਿਆ। ਹਾਲਾਤ ਅਜਿਹੇ ਬਣ ਗਏ ਕਿ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਗਲੀਆਂ, ਸੜਕਾਂ ਅਤੇ ਛੱਤਾਂ 'ਤੇ ਬੈਠ ਕੇ ਸਮਾਂ ਬਿਤਾਉਣ ਲਈ ਮਜਬੂਰ ਹੋਏ। ਕਈ ਪਰਿਵਾਰਾਂ ਨੇ ਪੂਰੀ ਰਾਤ ਖੁੱਲ੍ਹੇ ਅਸਮਾਨ ਹੇਠਾਂ ਗੁਜ਼ਾਰੀ। ਗਰਮੀ ਕਾਰਨ ਬੱਚਿਆਂ ਦੀ ਨੀਂਦ ਪੂਰੀ ਨਾ ਹੋ ਸਕੀ, ਜਿਸ ਨਾਲ ਅਗਲੇ ਦਿਨ ਉਨ੍ਹਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਈ।
ਇਨਵਰਟਰ ਵੀ ਹੋਏ ਬੰਦ, ਪਾਣੀ ਦੀ ਸਪਲਾਈ ਹੋਈ ਪ੍ਰਭਾਵਿਤ --------
ਬਿਜਲੀ ਕੱਟ ਇੰਨਾ ਲੰਬਾ ਸੀ ਕਿ ਘਰਾਂ ਵਿੱਚ ਲੱਗੇ ਇਨਵਰਟਰ ਵੀ ਪੂਰੀ ਤਰ੍ਹਾਂ ਡਿਸਚਾਰਜ ਹੋ ਗਏ। ਇਨਵਰਟਰ ਬੰਦ ਹੋਣ ਤੋਂ ਬਾਅਦ ਘਰਾਂ ਵਿੱਚ ਪੂਰਾ ਹਨੇਰਾ ਛਾ ਗਿਆ। ਇਸ ਦੇ ਨਾਲ ਹੀ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਅਤੇ ਟਿਊਬਵੈੱਲ ਬੰਦ ਹੋਣ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਰਹੀ। ਲੋਕਾਂ ਨੂੰ ਪੀਣ ਵਾਲੇ ਪਾਣੀ ਸਮੇਤ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸ਼ਿਕਾਇਤਾਂ ਦੇ ਬਾਵਜੂਦ ਨਹੀਂ ਮਿਲਿਆ ਕੋਈ ਸਪੱਸ਼ਟ ਜਵਾਬ --------
ਸਥਾਨਕ ਵਸਨੀਕਾਂ ਦਾ ਦੋਸ਼ ਹੈ ਕਿ ਬਿਜਲੀ ਕੱਟ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਨੇ 1912 ਹੈਲਪਲਾਈਨ ਅਤੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਕਈ ਵਾਰ ਫੋਨ ਕਰਨ ਦੇ ਬਾਵਜੂਦ ਜਾਂ ਤਾਂ ਕਾਲ ਨਹੀਂ ਚੁੱਕੀ ਗਈ ਜਾਂ ਕੋਈ ਸੰਤੋਖਜਨਕ ਜਵਾਬ ਨਹੀਂ ਦਿੱਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸਹੀ ਜਾਣਕਾਰੀ ਮਿਲ ਜਾਂਦੀ ਤਾਂ ਲੋਕਾਂ ਵਿੱਚ ਇੰਨੀ ਬੇਚੈਨੀ ਨਾ ਹੁੰਦੀ।
ਵਿਭਾਗੀ ਕਾਰਜਪ੍ਰਣਾਲੀ 'ਤੇ ਉੱਠੇ ਸਵਾਲ --------
ਲੋਕਾਂ ਨੇ ਦੋਸ਼ ਲਾਇਆ ਕਿ ਸੰਕਟ ਦੇ ਸਮੇਂ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਵੱਲੋਂ ਲੋਕਾਂ ਨਾਲ ਸੰਪਰਕ ਬਣਾਈ ਰੱਖਣ ਦੀ ਥਾਂ ਚੁੱਪੀ ਸਾਧ ਲਈ ਗਈ। ਨਾ ਤਾਂ ਬਿਜਲੀ ਬਹਾਲ ਹੋਣ ਦਾ ਅੰਦਾਜ਼ਨ ਸਮਾਂ ਦੱਸਿਆ ਗਿਆ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਅਧਿਕਾਰਤ ਜਾਣਕਾਰੀ ਜਾਰੀ ਕੀਤੀ ਗਈ। ਇਸ ਕਾਰਨ ਲੋਕਾਂ ਵਿੱਚ ਵਿਭਾਗ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲਿਆ।
ਜਵਾਬਦੇਹੀ ਤੈਅ ਕਰਨ ਦੀ ਕੀਤੀ ਮੰਗ --------
ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇੰਨੇ ਲੰਬੇ ਸਮੇਂ ਤੱਕ ਬਿਜਲੀ ਸਪਲਾਈ ਬੰਦ ਰਹਿਣ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਭਵਿੱਖ ਵਿੱਚ ਅਜਿਹੀ ਸਥਿਤੀ ਤੋਂ ਬਚਣ ਲਈ ਬਿਜਲੀ ਕੱਟਾਂ ਸਬੰਧੀ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਰਨ ਅਤੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਵਿਵਸਥਾ ਮਜ਼ਬੂਤ ਕੀਤੀ ਜਾਵੇ।
ਦੇਰ ਰਾਤ ਬਹਾਲ ਹੋਈ ਬਿਜਲੀ, ਲੋਕਾਂ ਨੇ ਲਿਆ ਰਾਹਤ ਦਾ ਸਾਹ ------
ਕਰੀਬ 11 ਘੰਟਿਆਂ ਦੀ ਲੰਬੀ ਉਡੀਕ ਤੋਂ ਬਾਅਦ ਦੇਰ ਰਾਤ ਬਿਜਲੀ ਸਪਲਾਈ ਮੁੜ ਬਹਾਲ ਹੋਈ। ਸਪਲਾਈ ਆਉਣ ਤੋਂ ਬਾਅਦ ਲੋਕਾਂ ਨੇ ਰਾਹਤ ਦਾ ਸਾਹ ਤਾਂ ਲਿਆ, ਪਰ ਦਿਨ ਭਰ ਅਤੇ ਪੂਰੀ ਰਾਤ ਝੱਲੀ ਪ੍ਰੇਸ਼ਾਨੀ ਕਾਰਨ ਲੋਕਾਂ ਵਿੱਚ ਵਿਭਾਗ ਪ੍ਰਤੀ ਨਾਰਾਜ਼ਗੀ ਸਾਫ਼ ਨਜ਼ਰ ਆਈ।