- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਮਾਗਮ ਦੌਰਾਨ ਜਦੋਂ ਸੰਗਤ ਦੀ ਹਾਜ਼ਰੀ 'ਚ ਨਿਹੰਗ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ ਜਾ ਰਹੇ ਸਨ ਤੇ ਜੈਕਾਰੇ ਗੂੰਜ ਰਹੇ ਸਨ ਤਾਂ ਅਚਾਨਕ ਭੀੜ 'ਚੋਂ ਇੱਕ ਵਿਅਕਤੀ ਤੇਜ਼ੀ ਨਾਲ ਅੱਗੇ ਵਧਿਆ। ਉਸਨੇ ਬਾਬਾ ਜਸਦੀਪ ਸਿੰਘ ਨਾਲ ਧੱਕਾਮੁੱਕੀ ਤੇ ਹੱਥੋਪਾਈ ਦੀ ਕੋਸ਼ਿਸ਼ ਕੀਤੀ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਉੱਤਰਾਖੰਡ ਤੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਮੁਹਾਲੀ ਪੁੱਜੇ ਨਿਹੰਗ ਸਿੰਘਾਂ ਦੇ ਸਵਾਗਤੀ ਸਮਾਗਮ ਦੌਰਾਨ ਇਕ ਅਣਪਛਾਤੇ ਵਿਅਕਤੀ ਵੱਲੋਂ ਹੰਗਾਮਾ ਕਰਨ ਅਤੇ ਨਿਹੰਗ ਬਾਬਾ ਜਸਦੀਪ ਸਿੰਘ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਮੌਕੇ 'ਤੇ ਮੌਜੂਦ ਨਿਹੰਗ ਸਿੰਘਾਂ ਤੇ ਸਮਰਥਕਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਸ਼ਰਾਰਤੀ ਅਨਸਰ ਨੂੰ ਤੁਰੰਤ ਦਬੋਚ ਲਿਆ।
ਜਾਣਕਾਰੀ ਅਨੁਸਾਰ, ਉੱਤਰਾਖੰਡ ਦੇ ਕਰਨਪ੍ਰਯਾਗ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਨਿਹੰਗ ਸਿੰਘਾਂ ਨੂੰ ਹਾਲ ਹੀ 'ਚ ਅਦਾਲਤ ਵੱਲੋਂ ਜ਼ਮਾਨਤ ਮਿਲੀ ਸੀ। ਪੰਜਾਬ ਪਰਤਣ 'ਤੇ ਉਨ੍ਹਾਂ ਦੇ ਸਨਮਾਨ 'ਚ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਵਿਖੇ ਵਿਸ਼ੇਸ਼ ਸਵਾਗਤੀ ਸਮਾਗਮ ਰੱਖਿਆ ਗਿਆ ਸੀ। ਇਸ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਪਹੁੰਚੀਆਂ ਹੋਈਆਂ ਹਨ।
ਸਮਾਗਮ ਦੌਰਾਨ ਜਦੋਂ ਸੰਗਤ ਦੀ ਹਾਜ਼ਰੀ 'ਚ ਨਿਹੰਗ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ ਜਾ ਰਹੇ ਸਨ ਤੇ ਜੈਕਾਰੇ ਗੂੰਜ ਰਹੇ ਸਨ ਤਾਂ ਅਚਾਨਕ ਭੀੜ 'ਚੋਂ ਇੱਕ ਵਿਅਕਤੀ ਤੇਜ਼ੀ ਨਾਲ ਅੱਗੇ ਵਧਿਆ। ਉਸਨੇ ਬਾਬਾ ਜਸਦੀਪ ਸਿੰਘ ਨਾਲ ਧੱਕਾਮੁੱਕੀ ਤੇ ਹੱਥੋਪਾਈ ਦੀ ਕੋਸ਼ਿਸ਼ ਕੀਤੀ।
ਇਸ ਘਟਨਾ ਕਾਰਨ ਗੁਰਦੁਆਰਾ ਕੰਪਲੈਕਸ 'ਚ ਕੁਝ ਸਮੇਂ ਲਈ ਹਫੜਾ-ਦਫੜੀ ਮਚ ਗਈ ਪਰ ਉੱਥੇ ਮੌਜੂਦ ਨਿਹੰਗ ਸਿੰਘਾਂ ਤੇ ਸੇਵਾਦਾਰਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਸਥਿਤੀ ਨੂੰ ਹੋਰ ਵਿਗੜਨ ਤੋਂ ਬਚਾਇਆ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ-2 ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਦਰਬਾਰ ਹਾਲ 'ਚ ਕੁਝ ਲੋਕਾਂ ਵਿਚਕਾਰ ਆਪਸੀ ਤਕਰਾਰ ਤੇ ਝੜਪ ਹੋਣ ਦੀ ਖ਼ਬਰ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਬਿਨਾਂ ਦੇਰੀ ਕੀਤੇ ਮੌਕੇ 'ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ।
ਡੀਐੱਸਪੀ ਛੇਤਰਾ ਅਨੁਸਾਰ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਆਲੇ-ਦੁਆਲੇ ਸਥਿਤੀ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਮਨ-ਅਮਾਨ ਵਾਲੀ ਹੈ। ਕਾਨੂੰਨ ਵਿਵਸਥਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਮੁਹਾਲੀ ਪੁਲਿਸ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਸੰਗਤ ਅਤੇ ਆਮ ਲੋਕਾਂ ਨੂੰ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।