- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜੇ ਪਾਸੇ ਥਾਣਾ ਮਟੌਰ ਦੇ ਐੱਸਐੱਚਓ ਅਮਨਦੀਪ ਨੇ ਸੰਪਰਕ ਕਰਨ 'ਤੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੀਜੇ ਬੱਚੇ ਦੀ ਭਾਲ ਲਈ ਯਤਨ ਜਾਰੀ ਹਨ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਵਿਖੇ ਆਪਣੇ ਤਿੰਨ ਮਾਸੂਮ ਬੱਚਿਆਂ ਨੂੰ ਨਹਿਰ ਵਿੱਚ ਸੁੱਟਣ ਵਾਲੀ ਮਾਂ ਸ਼ਕੁੰਤਲਾ ਨੂੰ ਬੱਚਿਆਂ ਦੇ ਅੰਤਿਮ ਸੰਸਕਾਰ ਦੌਰਾਨ ਪਰਿਵਾਰਕ ਮੈਂਬਰਾਂ ਨੇ ਬੱਚਿਆਂ ਦਾ ਮੂੰਹ ਤੱਕ ਨਹੀਂ ਦੇਖਣ ਦਿੱਤਾ। ਰਿਸ਼ਤੇਦਾਰਾਂ ਦਾ ਸਾਫ਼ ਕਹਿਣਾ ਸੀ ਕਿ ਜਿਸ ਨੇ ਬੱਚਿਆਂ ਦਾ ਕਤਲ ਕੀਤਾ ਹੈ, ਉਸ ਨੂੰ ਮੂੰਹ ਦੇਖਣ ਦਾ ਕੋਈ ਹੱਕ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਕੁੰਤਲਾ ਆਪਣੇ ਭਰਾ ਅਤੇ ਭਾਬੀ ਨਾਲ ਆਟੋ ਵਿੱਚ ਸਵਾਰ ਹੋ ਕੇ ਸ਼ਮਸ਼ਾਨਘਾਟ ਪਹੁੰਚੀ ਸੀ।
ਸਥਾਨਕ ਨਿਵਾਸੀ ਨੇ ਮੀਡੀਆ ਸਾਹਮਣੇ ਕੀਤਾ ਸਨਸਨੀਖੇਜ਼ ਖੁਲਾਸਾ
ਇਸ ਦਰਦਨਾਕ ਮਾਮਲੇ ਵਿੱਚ ਮਟੌਰ ਦੇ ਇੱਕ ਸਥਾਨਕ ਨਿਵਾਸੀ ਰਾਜੂ ਨੇ ਮੀਡੀਆ ਸਾਹਮਣੇ ਸਨਸਨੀਖੇਜ਼ ਖੁਲਾਸੇ ਕਰਦਿਆਂ ਦੱਸਿਆ ਕਿ ਮੁਲਜ਼ਮ ਮਾਂ ਸ਼ਕੁੰਤਲਾ ਨੇ ਖੁਦ ਇਹ ਗੱਲ ਕਬੂਲ ਕੀਤੀ ਕਿ ਜਦੋਂ ਉਹ ਬੱਚਿਆਂ ਨੂੰ ਨਹਿਰ ਵਿੱਚ ਸੁੱਟਣ ਲੱਗੀ ਤਾਂ ਉਸ ਦਾ 10 ਸਾਲ ਦਾ ਵੱਡਾ ਪੁੱਤਰ ਤਪਿਸ਼ ਉੱਥੋਂ ਜਾਨ ਬਚਾ ਕੇ ਭੱਜ ਨਿਕਲਿਆ ਸੀ ਕਿਉਂਕਿ ਉਹ ਬਹੁਤ ਹੁਸ਼ਿਆਰ ਸੀ।
ਫਿਲਹਾਲ ਇਹ ਪੂਰਾ ਮਾਮਲਾ ਇੱਕ ਵੱਡਾ ਰਹੱਸ ਬਣ ਗਿਆ ਹੈ, ਕਿਉਂਕਿ ਉਕਤ ਵੱਡੇ ਬੱਚੇ ਬਾਰੇ ਅਜੇ ਤੱਕ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਹ ਕਿੱਥੇ ਗਾਇਬ ਹੈ ਜਾਂ ਉਹ ਵੀ ਨਹਿਰ ਵਿੱਚ ਡੁੱਬ ਚੁੱਕਿਆ ਹੈ। ਉਕਤ ਨਿਵਾਸੀ ਨੇ ਕਿਹਾ ਕਿ ਉਹ ਪੁਲਿਸ ਕੋਲ ਗਵਾਹੀ ਅਤੇ ਬਿਆਨ ਦੇਣ ਲਈ ਵੀ ਤਿਆਰ ਹੈ। ਦੂਜੇ ਪਾਸੇ ਲੋਕਾਂ ਨੇ ਸ਼ਕੁੰਤਲਾ ਦੇ ਨਹਿਰ ਵਿੱਚ ਛਾਲ ਮਾਰਨ ਅਤੇ ਖੁਦ ਬਚਣ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਸਵਾਲ ਚੁੱਕੇ ਹਨ ਕਿ ਜੇਕਰ ਉਸ ਨੇ ਨਹਿਰ 'ਚ ਛਾਲ ਮਾਰੀ ਸੀ ਤਾਂ ਉਹ ਨਹਿਰ ਦੇ ਇੰਨੇ ਤੇਜ਼ ਵਹਾਅ ਪਾਣੀ ਵਿਚੋਂ ਕਿਵੇਂ ਬਚ ਗਈ ਅਤੇ ਉਸਦੇ ਦੋਵੇਂ ਮੋਬਾਈਲ ਫੋਨ ਕਿਵੇਂ ਸੁਰੱਖਿਆ ਹਨ।
ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸ਼ਕੁੰਤਲਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮ੍ਰਿਤਕ ਬੱਚਿਆਂ ਦੀ ਮਾਂ ਸ਼ਕੁੰਤਲਾ ਦਾ ਦਾਅਵਾ
ਬੱਚਿਆਂ ਦਾ ਮੂੰਹ ਨਾ ਦਿਖਾਉਣ 'ਤੇ ਸ਼ਕੁੰਤਲਾ ਨੇ ਆਪਣਾ ਪੱਖ ਰੱਖਦਿਆਂ ਕਿਹਾ, "ਮੈਂ ਕਿਹੜੀ ਗਲਤੀ ਕੀਤੀ ਹੈ? ਮੈਂ ਤਾਂ ਖੁਦ ਵੀ ਬੱਚਿਆਂ ਦੇ ਨਾਲ ਹੀ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ ਪਰ ਲੋਕਾਂ ਨੇ ਤੁਰੰਤ ਬਾਹਰ ਕੱਢ ਲਿਆ, ਜਿਸ ਕਾਰਨ ਮੇਰੀ ਜਾਨ ਬਚ ਗਈ।"
ਮਾਮਲੇ ਦਾ ਪਿਛੋਕੜ
ਬੱਚਿਆਂ ਦੀ ਮਾਂ ਸ਼ਕੁੰਤਲਾ ਮੁਤਾਬਕ 9 ਮਹੀਨੇ ਪਹਿਲਾਂ ਉਸ ਦੇ ਪਤੀ ਕਮਲ ਦੀ ਮੌਤ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਸੱਸ, ਸਹੁਰਾ, ਦਿਓਰ, ਨਣਦ ਅਤੇ ਨਣਦੋਈਆ ਉਸ ਨੂੰ ਲਗਾਤਾਰ ਤੰਗ-ਪਰੇਸ਼ਾਨ ਕਰਦੇ ਸਨ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ। ਉਸ ਨੇ ਦਾਅਵਾ ਕੀਤਾ ਕਿ ਉਹ ਮਦਦ ਲਈ ਕਈ ਲੋਕਾਂ ਅਤੇ ਪਿੰਡ ਦੇ ਪ੍ਰਧਾਨ ਕੋਲ ਵੀ ਗਈ ਸੀ, ਪਰ ਕਿਸੇ ਨੇ ਉਸ ਦੀ ਬਾਂਹ ਨਹੀਂ ਫੜੀ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ।
ਮੇਲਾ ਦਿਖਾਉਣ ਦੇ ਬਹਾਨੇ ਲੈ ਗਈ ਸੀ ਮਾਂ :
ਬੀਤੇ ਸੋਮਵਾਰ ਦੁਪਹਿਰ ਨੂੰ ਸ਼ਕੁੰਤਲਾ ਆਪਣੇ ਤਿੰਨਾਂ ਬੱਚਿਆਂ ਤਪਿਸ਼ (10 ਸਾਲ), ਤਨਵੀ (7 ਸਾਲ) ਅਤੇ ਨਿਤਿਨ (4 ਸਾਲ) ਨੂੰ ਮੇਲਾ ਦਿਖਾਉਣ ਦਾ ਬਹਾਨਾ ਬਣਾ ਕੇ ਘਰੋਂ ਲੈ ਕੇ ਗਈ ਸੀ ਅਤੇ ਰੋਪੜ ਸਥਿਤ ਨਹਿਰ ਵਿੱਚ ਸੁੱਟ ਦਿੱਤਾ।
ਤੀਜੇ ਬੱਚੇ ਦੀ ਭਾਲ ਜਾਰੀ:
ਸੂਚਨਾ ਮਿਲਣ ਤੋਂ ਬਾਅਦ ਮੁਹਾਲੀ ਪੁਲਿਸ ਮੌਕੇ 'ਤੇ ਪਹੁੰਚੀ। ਗੋਤਾਖੋਰਾਂ ਦੀ ਮਦਦ ਨਾਲ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰਕੇ ਮੁਹਾਲੀ ਲਿਆਂਦੀਆਂ ਗਈਆਂ। ਪੁਲਿਸ ਵੱਲੋਂ ਤੀਜੇ ਬੱਚੇ ਦੀ ਲਾਸ਼ ਦੀ ਭਾਲ ਲਈ ਨਹਿਰ 'ਚ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਸਹੁਰੇ ਪਰਿਵਾਰ ਨੇ ਨੂੰਹ 'ਤੇ ਲਗਾਏ ਦੋਸ਼ :
ਦੂਜੇ ਪਾਸੇ, ਸ਼ਕੁੰਤਲਾ ਦੇ ਸਹੁਰੇ ਰਾਮਬਾਬੂ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਪਹਿਲਾਂ ਹੀ ਬੱਚਿਆਂ ਨੂੰ ਮਾਰਨਾ ਚਾਹੁੰਦੀ ਸੀ ਅਤੇ ਜਦੋਂ ਸਾਰੇ ਕੰਮ 'ਤੇ ਗਏ ਤਾਂ ਉਸ ਨੂੰ ਮੌਕਾ ਮਿਲ ਗਿਆ। ਉਨ੍ਹਾਂ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਉਹ ਦੋ-ਦੋ ਮੋਬਾਈਲ ਫ਼ੋਨਾਂ 'ਤੇ ਘੰਟਿਆਂਬੱਧੀ ਕਿਸੇ ਨਾਲ ਗੱਲਾਂ ਕਰਦੀ ਰਹਿੰਦੀ ਸੀ।
ਦੂਜੇ ਪਾਸੇ ਥਾਣਾ ਮਟੌਰ ਦੇ ਐੱਸਐੱਚਓ ਅਮਨਦੀਪ ਨੇ ਸੰਪਰਕ ਕਰਨ 'ਤੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੀਜੇ ਬੱਚੇ ਦੀ ਭਾਲ ਲਈ ਯਤਨ ਜਾਰੀ ਹਨ।