- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹਾਲੀ ਦੇ ਉਦਯੋਗਿਕ ਏਰੀਆ ਫੇਜ਼-7 ਵਿਚ ਨਾਮੀ ਜੇਸੀਟੀ ਇਲੈਕਟ੍ਰਾਨਿਕ ਪ੍ਰਾਈਵੇਟ ਲਿਮਟਿਡ ਬੰਦ ਹੋ ਚੁੱਕੀ ਹੈ। ਇੱਥੇ ਰੰਗਦਾਰ ਟੀਵੀ ਦੀ ਸਕਰੀਨ ਬਣਦੀ ਸੀ ਅਤੇ ਹਜ਼ਾਰਾਂ ਕਰਮਚਾਰੀ ਸੜਕਾਂ ’ਤੇ ਆ ਗਏ। ਜਿਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜਾ ਹੋਣ ਲਈ ਕਾਫ਼ੀ ਸਮਾਂ ਲੱਗ ਗਿਆ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਮੁਹਾਲੀ ਨੂੰ ਪਹਿਲਾਂ ਉਦਯੋਗਿਕ ਹੱਬ ਵਜੋਂ ਜਾਣਿਆ ਜਾਂਦਾ ਸੀ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦੇ ਚੱਲਦਿਆਂ ਪਿਛਲੇ ਸਮੇਂ ਦੌਰਾਨ ਸ਼ਹਿਰ ਦੇ ਕਈ ਵੱਡੇ ਉਦਯੋਗਾਂ ਨੂੰ ਤਾਲੇ ਲੱਗ ਗਏ ਹਨ। ਜਿੱਥੇ ਇਨ੍ਹਾਂ ਉਦਯੋਗਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਇੰਡਸਟਰੀ ਬੰਦ ਹੋਣ ਨਾਲ ਮੁਹਾਲੀ ਦੇ ਵਿਕਾਸ ’ਤੇ ਮਾੜਾ ਅਸਰ ਪਿਆ ਹੈ। ਪੰਜਾਬ ਦਾ ‘ਕੈਲੀਫੋਰਨੀਆ’ ਕਹੇ ਜਾਣ ਵਾਲੇ ਮੁਹਾਲੀ ਦੇ ਉਦਯੋਗਿਕ ਏਰੀਆ (ਫੇਜ਼-1 ਤੋਂ 9) ਅਤੇ ਆਸ-ਪਾਸ ਇਲਾਕਿਆਂ (ਜਿਵੇਂ ਡੇਰਾਬੱਸੀ ਅਤੇ ਜ਼ੀਰਕਪੁਰ) ਵਿਚ ਪਿਛਲੇ ਸਮੇਂ ਦੌਰਾਨ ਕਈ ਉਦਯੋਗਿਕ ਇਕਾਈਆਂ ਨੂੰ ਤਾਲੇ ਲੱਗ ਗਏ ਹਨ। ਸਬ-ਅਰਬਨ ਖੇਤਰਾਂ ਵਿਚ ਪਿਛਲੇ ਕੁਝ ਸਾਲਾਂ ਵਿਚ ਸੈਂਕੜੇ ਛੋਟੀਆਂ ਅਤੇ ਮੱਧਮ ਇਕਾਈਆਂ ਪੂਰੀ ਤਰ੍ਹਾਂ ਬੰਦ ਹੋ ਚੁੱਕੀਆਂ ਹਨ ਜਾਂ ਬੰਦ ਹੋਣ ਦੀ ਕਗਾਰ 'ਤੇ ਹਨ।
ਮੁਹਾਲੀ ਦੇ ਉਦਯੋਗਿਕ ਏਰੀਆ ਫੇਜ਼-7 ਵਿਚ ਨਾਮੀ ਜੇਸੀਟੀ ਇਲੈਕਟ੍ਰਾਨਿਕ ਪ੍ਰਾਈਵੇਟ ਲਿਮਟਿਡ ਬੰਦ ਹੋ ਚੁੱਕੀ ਹੈ। ਇੱਥੇ ਰੰਗਦਾਰ ਟੀਵੀ ਦੀ ਸਕਰੀਨ ਬਣਦੀ ਸੀ ਅਤੇ ਹਜ਼ਾਰਾਂ ਕਰਮਚਾਰੀ ਸੜਕਾਂ ’ਤੇ ਆ ਗਏ। ਜਿਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜਾ ਹੋਣ ਲਈ ਕਾਫ਼ੀ ਸਮਾਂ ਲੱਗ ਗਿਆ। ਕਰੋੜਾਂ ਰੁਪਏ ਦੀ ਜ਼ਮੀਨ ਸਿਰਫ਼ ਇਕ ਚੌਕੀਦਾਰ ਦੇ ਹਵਾਲੇ ਹੈ। ਕਾਂਗਰਸ ਸਰਕਾਰ ਸਮੇਂ ਇਸ ਕੰਪਨੀ ਦੀ ਜ਼ਮੀਨ ਖੁਰਦਬੁਰਦ ਕਰਨ ਦੇ ਦੋਸ਼ ਲੱਗੇ ਸੀ। ਸਾਬਕਾ ਡਿਪਟੀ ਸਪੀਕਰ ਮਰਹੂਮ ਬੀਰਦਿਵੰਦਰ ਸਿੰਘ ਨੇ ਇਹ ਮੁੱਦਾ ਚੁੱਕਿਆ ਸੀ ਅਤੇ ਸਾਬਕਾ ਉਦਯੋਗ ਮੰਤਰੀ ਨੂੰ ਜੇਲ੍ਹ ਵੀ ਜਾਣਾ ਪਿਆ ਸੀ।
ਸਿਆਸੀ ਘਰਾਣੇ ਨਾਲ ਸਬੰਧਤ ਇਕ ਵੱਡੀ ਇੰਡਸਟਰੀ ਵੀ ਬੰਦ ਹੋ ਚੁੱਕੀ ਹੈ। ਜਿੱਥੇ ਬਿਜਲੀ ਅਤੇ ਟੈਲੀਫੋਨ ਦੀਆਂ ਕੇਬਲ ਤਾਰਾਂ ਬਣਦੀਆਂ ਸਨ। ਇਹ ਸੂਬੇ ਦੇ ਇਕ ਸਾਬਕਾ ਮੁੱਖ ਮੰਤਰੀ ਦੀ ਧੀ ਦੀ ਕੰਪਨੀ ਸੀ। ਹੁਣ ਇੱਥੇ ਇਮਾਰਤ ਦੀ ਰਾਖੀ ਲਈ ਸਿਰਫ਼ ਚੌਕੀਦਾਰ ਹੁੰਦਾ ਹੈ। ਜਪਾਨ ਦੀ ਕੰਪਨੀ ਫਜਿਤਸੂ ਨੂੰ ਵੀ ਤਾਲਾ ਲੱਗ ਚੁੱਕਾ ਹੈ। ਦਵਾਈਆਂ ਬਣਾਉਣ ਵਾਲੀ ਬਹੁਤ ਵੱਡੀ ਕੰਪਨੀ ਰਣਬੈਕਸੀ ਨੂੰ ਵੀ ਘਾਟੇ ਵਿਚ ਦਿਖਾ ਕੇ ਬੰਦ ਕਰ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਦਾ ਅਦਾਰਾ ਪੰਜਾਬ ਰਿਕਾਰਡਰ ਲਿਮਟਿਡ ਅਜੈ ਲੈਬ, ਐਸਸੀਈਐਲ ਅਤੇ ਪਨਵਾਇਰ ਵਰਗੇ ਵੱਡੇ ਅਦਾਰੇ ਬੰਦ ਹੋ ਚੁੱਕੇ ਹਨ। ਪੰਜਾਬ ਦੇ ਇਕ ਸਿਆਸਤਦਾਨ ਵੱਲੋਂ ਸਥਾਪਿਤ ਕੀਤਾ ਜਾਣ ਵਾਲਾ ਬ੍ਰਹਮਾ ਟਰੈਕਟਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਗਿਆ ਸੀ। ਇਸ ਤੋਂ ਇਲਾਵਾ ਅਮਰੀਕਨ ਸਨਅਤ ਪੈਰਾਮਾਊਟ ਵੀ ਬੰਦ ਹੋ ਗਈ ਹੈ। ਇੱਥੇ ਅਮਰੀਕਾ ਵਿਚ ਖੇਤੀਬਾੜੀ ਧੰਦੇ ਲਈ ਫਾਹਲੇ ਬਣਾਏ ਜਾਂਦੇ ਸੀ। ਜਿਵੇਂ ਪੰਜਾਬ ਵਿਚ ਫ਼ਸਲ ਉਗਾਉਣ ਲਈ ਕਿਸਾਨ ਖਾਦ ਦੀ ਵਰਤੋਂ ਕਰਦਾ ਹੈ, ਓਵੇਂ ਅਮਰੀਕਾ ਵਿਚ ਜ਼ਮੀਨ ਦੇ ਥੱਲੇ ਹੀ ਪਾਈਪ ਰਾਹੀਂ ਗੈਸ ਰੂਪੀ ਖਾਦ ਪਾਈ ਜਾਂਦੀ ਸੀ।
ਗਲੋਬਲ ਮੰਦੀ ਅਤੇ ਕੰਪਿਊਟਰ/ਪੀਸੀ ਮਾਰਕੀਟ ਵਿਚ ਆਈ ਗਿਰਾਵਟ ਕਾਰਨ ਕਈ ਵੱਡੀਆਂ ਆਈਟੀ ਸਪੋਰਟ ਕੰਪਨੀਆਂ ਨੇ ਆਪਣਾ ਬੋਰਡ ਸਮੇਟ ਲਿਆ ਹੈ। ਉਦਾਹਰਨ ਵਜੋਂ ਪਿਛਲੇ ਸਮੇਂ ਦੌਰਾਨ 'ਡੇਲ' ਵਰਗੇ ਵੱਡੇ ਬ੍ਰਾਂਡਾਂ ਨੇ ਨੁਕਸਾਨ ਦੇ ਚੱਲਦਿਆਂ ਮੁਹਾਲੀ ਤੋਂ ਆਪਣਾ ਕੰਮਕਾਜ ਬੰਦ ਕਰ ਦਿੱਤਾ ਸੀ। ਸ਼ਹਿਰ ਵਿਚ ਲਾਈਟ ਇੰਜੀਨੀਅਰਿੰਗ, ਆਟੋ ਪਾਰਟਸ ਬਣਾਉਣ ਵਾਲੀਆਂ ਅਤੇ ਨਟ-ਬੋਲਟ ਬਣਾਉਣ ਵਾਲੀਆਂ ਕਈ ਛੋਟੀਆਂ ਇਕਾਈਆਂ ਕੱਚੇ ਮਾਲ (ਖਾਸ ਕਰਕੇ ਸਟੀਲ) ਦੀਆਂ ਵਧਦੀਆਂ ਕੀਮਤਾਂ ਕਾਰਨ ਬੰਦ ਹੋ ਗਈਆਂ। ਡੇਰਾਬੱਸੀ ਅਤੇ ਲਾਲੜੂ ਬੈਲਟ ਵਿਚ ਕਈ ਟੈਕਸਟਾਈਲ ਯੂਨਿਟਾਂ ਸਖ਼ਤ ਮੁਕਾਬਲੇ ਅਤੇ ਮਹਿੰਗੀ ਬਿਜਲੀ ਕਾਰਨ ਪ੍ਰਭਾਵਿਤ ਹੋਈਆਂ ਹਨ।
ਬਾਕਸ:
ਸਰਕਾਰਾਂ ਵੱਲੋਂ ਮੁਹਾਲੀ ਵਿਚ ਉਦਯੋਗਿਕ ਖੇਤਰ ਨੂੰ ਮੁੜ ਸੁਰਜੀਤ ਕਰਨ, ਨਵੇਂ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਮੌਜੂਦਾ ਬੰਦ ਹੋ ਰਹੇ ਜਾਂ ਸੰਕਟਗ੍ਰਸਤ ਉਦਯੋਗਾਂ ਨੂੰ ਬਚਾਉਣ ਲਈ 'ਉਦਯੋਗਿਕ ਤੇ ਵਪਾਰਕ ਵਿਕਾਸ ਨੀਤੀ' ਤਹਿਤ ਕਈ ਵੱਡੇ ਕਦਮ ਤਾਂ ਚੁੱਕੇ ਜਾਂਦੇ ਰਹੇ ਹਨ ਪ੍ਰੰਤੂ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋਇਆ। ਜਿਸ ਕਾਰਨ ਨਿਵੇਸ਼ਕਾਂ ਨੇ ਮੂੰਹ ਮੋੜ ਲਿਆ ਹੈ। ਪਲਾਸਟਿਕ ਦੀਆਂ ਟੈਂਕੀਆਂ ਅਤੇ ਪਾਈਪ ਬਣਾਉਣ ਵਾਲੀ ਡਿਪਸਾਲਟ ਪਲਾਸਟਿਕ ਲਿਮਟਿਡ ਵੀ ਔਖੇ ਸਾਹਾਂ ’ਤੇ ਹੈ। ਸਰਕਾਰ ਵੱਲੋਂ ਕੋਈ ਮਦਦ ਨਾ ਦੇਣ ਕਾਰਨ ਕਾਫ਼ੀ ਦਿੱਕਤ ਆ ਰਹੀ ਹੈ। ਪਹਿਲਾਂ ਸਰਕਾਰ ਸਨਅਤਕਾਰਾਂ ਨੂੰ ਵਿਆਜ ਮੁਕਤ ਲੋਨ ਦਿੰਦੀ ਸੀ ਅਤੇ ਸਬਸਿਡੀਆਂ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਸਾਰਾ ਕੰਮ ਡਾਵਾਡੋਲ ਹੈ।
ਸਤਵੀਰ ਸਿੰਘ ਧਨੋਆ, ਸਾਬਕਾ ਲੇਖਾਕਾਰ ਅਫ਼ਸਰ।
ਬਾਕਸ:
ਜੇਕਰ ਮੁਹਾਲੀ ਵਿਚ ਵੱਡੀਆਂ ਸਨਅਤਾਂ ਬੰਦ ਨਾ ਹੁੰਦੀਆਂ ਤਾਂ ਅੱਜ ਸ਼ਹਿਰ ਦਾ ਨਾਂਅ ਦੁਨੀਆ ਦੇ ਨਕਸ਼ੇ ’ਤੇ ਹੋਣਾ ਸੀ। ਪਹਿਲਾਂ ਮੁਹਾਲੀ ਵਿਚ ਚਾਰ ਚੁਫੇਰੇ ਰੌਣਕਾਂ ਦੇਖਣ ਨੂੰ ਮਿਲਿਆ ਸੀ। ਸ਼ਿਫ਼ਟਾਂ ਵਿਚ ਕੰਮ ਚੱਲ ਰਹੇ ਸੀ ਪਰ ਹੁਣ ਉਦਯੋਗਿਕ ਏਰੀਆ ਵਿਚ ਸਨਾਟਾ ਛਾਇਆ ਹੋਇਆ ਹੈ। ਬੰਦ ਹੋਈਆਂ ਸਨਅਤਾਂ ਦੀਆਂ ਇਮਾਰਤਾਂ ਖੰਡਰ ਬਣ ਚੁੱਕੀਆਂ ਹਨ ਅਤੇ ਖਾਲੀ ਥਾਵਾਂ ਨੇ ਜੰਗਲ ਦਾ ਰੂਪ ਧਾਰਨ ਕਰ ਲਿਆ ਹੈ। ਸਿਰਫ਼ ਮਹਿੰਦਰ ਐਂਡ ਮਹਿੰਦਰਾ ਦੇ ਸਹਾਰੇ ਕੁੱਝ ਛੋਟੇ ਯੂਨਿਟ ਚੱਲ ਰਹੇ ਹਨ। ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।