- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਲਾਵਾ ਜ਼ਿਲ੍ਹਾ ਮੋਗਾ ਵਿੱਚ ਮੈਸ. ਬਾਬਾ ਭਾਨੇਵਾਲਾ ਪੈਸਟੀਸਾਈਡਜ਼, ਬੱਧਨੀ ਕਲਾਂ ਵਿਖੇ ਅਣ-ਅਧਿਕਾਰਤ ਕੰਪਨੀ ਦੇ ਕੀਟਨਾਸ਼ਕ ਮਿਲਣ 'ਤੇ ਮੌਕੇ 'ਤੇ ਐੱਫ਼ਆਈਆਰ ਦਰਜ ਕਰਵਾਈ ਗਈ, ਜਦਕਿ ਲੌਂਗੋਵਾਲ ਸਥਿਤ ਇਸੇ ਫਰਮ ਦੇ ਅਣ-ਅਧਿਕਾਰਤ ਗੁਦਾਮ ਸਬੰਧੀ ਪੁਲਿਸ ਕਾਰਵਾਈ ਲਈ ਲਿਖਿਆ ਗਿਆ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਖੇਤੀਬਾੜੀ ਵਿਭਾਗ ਨੇ ਸੰਯੁਕਤ ਡਾਇਰੈਕਟਰ (ਪੌਦਾ ਸੁਰੱਖਿਆ) ਡਾ. ਨਰਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ 26 ਜੂਨ ਨੂੰ ਸੰਗਰੂਰ ਅਤੇ ਮੋਗਾ ਦੇ ਖਾਦ ਤੇ ਕੀਟਨਾਸ਼ਕ ਵਿਕਰੇਤਾਵਾਂ ਦੀ ਵਿਸ਼ੇਸ਼ ਚੈਕਿੰਗ ਦੌਰਾਨ 22 ਸੈਂਪਲ ਭਰੇ, ਜਿਨ੍ਹਾਂ ਵਿੱਚੋਂ 17 ਗ਼ੈਰ-ਮਿਆਰੀ ਪਾਏ ਗਏ, ਜਦਕਿ ਦੋ ਸੈਂਪਲਾਂ ਦੀ ਜਾਂਚ ਰਿਪੋਰਟ ਅਜੇ ਬਾਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸੂਬੇ ਭਰ ਵਿੱਚ ਗ਼ੈਰ-ਮਿਆਰੀ ਖਾਦਾਂ, ਕੀਟਨਾਸ਼ਕਾਂ ਅਤੇ ਹੋਰ ਉਤਪਾਦਾਂ ਦੀ ਵਿਕਰੀ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਬਣੀਆਂ ਵਿਸ਼ੇਸ਼ ਟੀਮਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਯਮਿਤ ਨਿਰੀਖਣ ਕਰ ਰਹੀਆਂ ਹਨ। ਵਿਭਾਗ ਅਨੁਸਾਰ ਜ਼ਿਲ੍ਹਾ ਸੰਗਰੂਰ ਵਿੱਚ ਮੈਸ. ਸੰਤ ਅਤਰ ਸਿੰਘ ਖੇਤੀਬਾੜੀ ਸਟੋਰ, ਲੌਂਗੋਵਾਲ, ਮੈਸ. ਧੰਨ-ਧੰਨ ਬਾਬਾ ਭਾਣਾ ਜੀ, ਮੈਸ. ਧੰਨ-ਧੰਨ ਬਾਬਾ ਨੰਦ ਸਿੰਘ ਜੀ ਅਤੇ ਮੈਸ. ਸੰਗਰੂਰ ਖੇਤੀ ਸੇਵਾ ਸੈਂਟਰ ਤੋਂ ਲਏ ਗਏ ਸੈਂਪਲਾਂ ਵਿੱਚ ਵੱਡੀ ਗਿਣਤੀ ਗ਼ੈਰ-ਮਿਆਰੀ ਪਾਈ ਗਈ।
ਇਸ ਤੋਂ ਇਲਾਵਾ ਜ਼ਿਲ੍ਹਾ ਮੋਗਾ ਵਿੱਚ ਮੈਸ. ਬਾਬਾ ਭਾਨੇਵਾਲਾ ਪੈਸਟੀਸਾਈਡਜ਼, ਬੱਧਨੀ ਕਲਾਂ ਵਿਖੇ ਅਣ-ਅਧਿਕਾਰਤ ਕੰਪਨੀ ਦੇ ਕੀਟਨਾਸ਼ਕ ਮਿਲਣ 'ਤੇ ਮੌਕੇ 'ਤੇ ਐੱਫ਼ਆਈਆਰ ਦਰਜ ਕਰਵਾਈ ਗਈ, ਜਦਕਿ ਲੌਂਗੋਵਾਲ ਸਥਿਤ ਇਸੇ ਫਰਮ ਦੇ ਅਣ-ਅਧਿਕਾਰਤ ਗੁਦਾਮ ਸਬੰਧੀ ਪੁਲਿਸ ਕਾਰਵਾਈ ਲਈ ਲਿਖਿਆ ਗਿਆ ਹੈ।
ਵਿਭਾਗ ਨੇ ਦੱਸਿਆ ਕਿ ਗ਼ੈਰ-ਮਿਆਰੀ ਪਾਏ ਗਏ ਉਤਪਾਦਾਂ ਵਿੱਚ ਕੀਟਨਾਸ਼ਕ, ਰਸਾਇਣਕ ਅਤੇ ਜੈਵਿਕ ਖਾਦਾਂ ਸ਼ਾਮਲ ਹਨ। ਸਬੰਧਤ ਫਰਮਾਂ ਵਿਰੁੱਧ ਇਨਸੈਕਟੀਸਾਈਡਜ਼ ਐਕਟ-1968, ਇਨਸੈਕਟੀਸਾਈਡਜ਼ ਰੂਲਜ਼-1971, ਫਰਟੀਲਾਈਜ਼ਰ (ਕੰਟਰੋਲ) ਆਰਡਰ-1985 ਅਤੇ ਜ਼ਰੂਰੀ ਵਸਤਾਂ ਐਕਟ-1955 ਤਹਿਤ ਲਾਇਸੈਂਸ ਰੱਦ ਕਰਨ ਸਮੇਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਾਕੀ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਡਾ. ਬਰਾੜ
ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਵਿਭਾਗ ਵੱਲੋਂ ਸੂਬੇ ਭਰ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਵਿਕਰੇਤਾਵਾਂ ਨੂੰ ਗ਼ੈਰ-ਮਿਆਰੀ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਿਕਰੀ ਜਾਂ ਟੈਗਿੰਗ ਤੋਂ ਗੁਰੇਜ਼ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਸਿਰਫ਼ ਲਾਇਸੈਂਸਸ਼ੁਦਾ ਵਿਕਰੇਤਾਵਾਂ ਤੋਂ ਹੀ ਖੇਤੀ ਆਦਾਨ ਖ਼ਰੀਦਣ ਅਤੇ ਪੱਕਾ ਬਿੱਲ ਲੈਣ ਦੀ ਅਪੀਲ ਕੀਤੀ।