- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਸਨਸਨੀਖੇਜ਼ ਵਾਰਦਾਤ 19 ਮਾਰਚ 2017 ਦੀ ਰਾਤ ਮੁਹਾਲੀ ਦੇ ਫੇਜ਼-3ਬੀ1 ਸਥਿਤ ਘਰ ਵਿੱਚ ਵਾਪਰੀ ਸੀ। ਸਰਕਾਰੀ ਪੱਖ ਅਨੁਸਾਰ ਘਰੇਲੂ ਵਿਵਾਦ ਦੌਰਾਨ ਸੀਰਤ ਕੌਰ ਨੇ ਆਪਣੇ ਪਤੀ ਏਕਮ ਸਿੰਘ ਢਿੱਲੋਂ ਦੇ ਸਿਰ ਵਿੱਚ ਲਾਇਸੈਂਸੀ 9 ਐੱਮਐੱਮ ਪਿਸਤੌਲ ਨਾਲ ਗੋਲੀ ਮਾਰ ਦਿੱਤੀ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ: ਮੁਹਾਲੀ ਦੀ ਅਦਾਲਤ ਨੇ ਬਹੁ-ਚਰਚਿਤ ਏਕਮ ਢਿੱਲੋਂ ਕਤਲ ਕੇਸ ਵਿੱਚ ਕਰੀਬ ਨੌਂ ਸਾਲ ਚੱਲੀ ਸੁਣਵਾਈ ਤੋਂ ਬਾਅਦ ਕਾਰੋਬਾਰੀ ਏਕਮ ਸਿੰਘ ਢਿੱਲੋਂ ਦੀ ਪਤਨੀ ਸੀਰਤ ਕੌਰ ਢਿੱਲੋਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ 'ਤੇ 90 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸੀਰਤ ਕੌਰ ਮਾਰਚ 2017 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਲਗਾਤਾਰ ਨਿਆਂਇਕ ਹਿਰਾਸਤ ਵਿੱਚ ਹੈ।
ਇਹ ਸਨਸਨੀਖੇਜ਼ ਵਾਰਦਾਤ 19 ਮਾਰਚ 2017 ਦੀ ਰਾਤ ਮੁਹਾਲੀ ਦੇ ਫੇਜ਼-3ਬੀ1 ਸਥਿਤ ਘਰ ਵਿੱਚ ਵਾਪਰੀ ਸੀ। ਸਰਕਾਰੀ ਪੱਖ ਅਨੁਸਾਰ ਘਰੇਲੂ ਵਿਵਾਦ ਦੌਰਾਨ ਸੀਰਤ ਕੌਰ ਨੇ ਆਪਣੇ ਪਤੀ ਏਕਮ ਸਿੰਘ ਢਿੱਲੋਂ ਦੇ ਸਿਰ ਵਿੱਚ ਲਾਇਸੈਂਸੀ 9 ਐੱਮਐੱਮ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਜਾਂਚ ਮੁਤਾਬਿਕ ਵਿਵਾਦ ਦਾ ਕਾਰਨ ਸੀਰਤ ਦੀ ਕਿਸੇ ਹੋਰ ਵਿਅਕਤੀ ਨਾਲ ਦੋਸਤੀ ਸੀ।
ਕਤਲ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਇੱਕ ਵੱਡੇ ਸੂਟਕੇਸ ਵਿੱਚ ਪਾ ਕੇ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ। ਅਗਲੇ ਦਿਨ ਜਦੋਂ ਉਹ ਸੂਟਕੇਸ ਨੂੰ ਆਪਣੀ ਬੀਐੱਮਡਬਲਯੂ ਕਾਰ ਵਿੱਚ ਰੱਖਣ ਲਈ ਇੱਕ ਆਟੋ ਚਾਲਕ ਦੀ ਮਦਦ ਲੈ ਰਹੀ ਸੀ ਤਾਂ ਸੂਟਕੇਸ ਵਿੱਚੋਂ ਖ਼ੂਨ ਵਗਦਾ ਦੇਖ ਕੇ ਆਟੋ ਚਾਲਕ ਨੂੰ ਸ਼ੱਕ ਹੋ ਗਿਆ। ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੂਟਕੇਸ ਵਿੱਚੋਂ ਲਾਸ਼ ਬਰਾਮਦ ਕਰਕੇ ਸੀਰਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ।
ਖ਼ੁਦਕੁਸ਼ੀ ਦੀ ਦਲੀਲ ਅਦਾਲਤ ਨੇ ਕੀਤੀ ਰੱਦ
ਆਟੋ-ਰਿਕਸ਼ਾ ਚਾਲਕ ਨੇ ਅਦਾਲਤ ਵਿੱਚ ਗਵਾਹੀ ਦਿੰਦਿਆਂ ਦੱਸਿਆ ਕਿ ਸੀਰਤ ਨੇ ਉਸ ਕੋਲੋਂ ਇੱਕ ਭਾਰੀ ਸੂਟਕੇਸ ਚੁੱਕਣ ਵਿੱਚ ਮਦਦ ਮੰਗੀ ਸੀ, ਜਿਸ ਵਿੱਚੋਂ ਖ਼ੂਨ ਨਿਕਲ ਰਿਹਾ ਸੀ। ਜਾਂਚ ਦੌਰਾਨ ਸੀਰਤ ਨੇ ਸ਼ੁਰੂ ਵਿੱਚ ਆਪਣਾ ਜੁਰਮ ਕਬੂਲ ਕੀਤਾ ਸੀ, ਪਰ ਬਾਅਦ ਵਿੱਚ ਬਿਆਨ ਤੋਂ ਮੁਕਰਦਿਆਂ ਦਾਅਵਾ ਕੀਤਾ ਕਿ ਉਸ ਦੇ ਪਤੀ ਨੇ ਖ਼ੁਦਕੁਸ਼ੀ ਕੀਤੀ ਸੀ। ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰਦਿਆਂ ਸਰਕਾਰੀ ਪੱਖ ਦੇ ਸਬੂਤਾਂ ਨੂੰ ਭਰੋਸੇਯੋਗ ਮੰਨਿਆ।
ਪਰਿਵਾਰ ਨੇ ਫ਼ੈਸਲੇ ਦਾ ਕੀਤਾ ਸਵਾਗਤ
ਏਕਮ ਸਿੰਘ ਢਿੱਲੋਂ ਦੇ ਭਰਾ ਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਪਰਿਵਾਰ ਅਦਾਲਤ ਦੇ ਫ਼ੈਸਲੇ ਤੋਂ ਸੰਤੁਸ਼ਟ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਨਸਾਫ਼ ਮਿਲਣ ਵਿੱਚ ਲੰਮਾ ਸਮਾਂ ਲੱਗਿਆ, ਪਰ ਆਖ਼ਰਕਾਰ ਸੱਚ ਦੀ ਜਿੱਤ ਹੋਈ ਹੈ। ਜੇਕਰ ਦੋਸ਼ੀ ਧਿਰ ਹਾਈ ਕੋਰਟ ਵਿੱਚ ਅਪੀਲ ਕਰਦੀ ਹੈ ਤਾਂ ਉਹ ਅੱਗੇ ਵੀ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਨ।