ਮੁੜ ਬਹਾਲ ਕੱਚੇ ਅਧਿਆਪਕਾਂ ਦਾ ਤਿੱਖਾ ਪ੍ਰਦਰਸ਼ਨ: ਸਿੱਖਿਆ ਮੰਤਰੀ ਦੇ 'ਗੁੰਮਸ਼ੁਦਾ' ਦੇ ਪੋਸਟਰ ਲੈ ਕੇ ਸੜਕਾਂ 'ਤੇ ਉਤਰੇ ਅਧਿਆਪਕ
ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋਂ ਐਤਵਾਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ 'ਗੁੰਮਸ਼ੁਦਾ ਦੀ ਤਲਾਸ਼' ਵਾਲੇ ਪੋਸਟਰ ਫੜ ਕੇ ਵੱਖ-ਵੱਖ ਥਾਵਾਂ ਉਤੇ ਰੋਸ ਪ੍ਰਦਰਸ਼ਨ ਕੀਤੇ ਗਏ।
Publish Date: Sun, 28 Jun 2026 03:45 PM (IST)
Updated Date: Sun, 28 Jun 2026 03:47 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋਂ ਐਤਵਾਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ 'ਗੁੰਮਸ਼ੁਦਾ ਦੀ ਤਲਾਸ਼' ਵਾਲੇ ਪੋਸਟਰ ਫੜ ਕੇ ਵੱਖ-ਵੱਖ ਥਾਵਾਂ ਉਤੇ ਰੋਸ ਪ੍ਰਦਰਸ਼ਨ ਕੀਤੇ ਗਏ।
ਕੱਚੇ ਅਧਿਆਪਕਾਂ ਨੇ ਅੱਤ ਦੀ ਗਰਮੀ (ਡਿਗਰੀ ਤੋਂ ਵੱਧ ਟੈਂਪਰੇਚਰ) ਮਾਇਕ ਵਿੱਚ ਬੋਲਦੇ ਹੋਏ ਸਰਕਾਰ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ। ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ, ਮੀਤ ਪ੍ਰਧਾਨ ਲਖਵਿੰਦਰ ਕੌਰ, ਸੂਬਾ ਕਮੇਟੀ ਮੈਂਬਰ ਵਰੁਣ ਕੁਮਾਰ, ਗੁਰਪ੍ਰੀਤ ਸਿੰਘ, ਅਮਨਦੀਪ ਕੌਰ, ਮਨਿੰਦਰ ਮਾਨਸਾ, ਦਰਸ਼ਨ ਕੁਲਰੀਆਂ, ਗੁਰਸੇਵਕ ਸਿਂਘ ਨਵਦੀਪ, ਸਤਿਅਬਾਨ ਨੇ ਕਿਹਾ ਕਿ ਸਿੱਖਿਆ ਮੰਤਰੀ ਜੁਆਇਨਿੰਗ ਲੈਟਰ ਘਰੇ ਰੱਖ ਕੇ ਖੁਦ ਲਾਪਤਾ ਹੋ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਨਿੱਜੀ ਰੌਲਾ ਨਹੀਂ ਹੈ, ਉਹ ਸਿਰਫ਼ ਆਪਣੇ ਜੁਆਇਨਿੰਗ ਲੈਟਰ ਲੈਣਾ ਚਾਹੁੰਦੇ ਹਨ।
ਕੱਚੇ ਅਧਿਆਪਕਾਂ ਨੇ ਕਿਹ ਕਿ ਉਹ ਪਿਛਲੇ 3 ਸਾਲਾਂ ਤੋਂ ਲਗਾਤਾਰ ਇਨਸਾਫ਼ ਲਈ ਭਟਕ ਰਹੇ ਹਨ ਅਤੇ ਦੁਖੀ ਹੋ ਕੇ ਅੱਜ ਮੁੜ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਮੁਹਾਲੀ ਤੋਂ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਵੱਲ ਕੂਚ ਕਰਨ ਦਾ ਯਤਨ ਕੀਤਾ ਗਿਆ ਸੀ ਪਰ ਮੁਹਾਲੀ ਪ੍ਰਸ਼ਾਸਨ ਨੇ ਪੰਜਾਬ ਦੇ ਮੁੱਖ ਸਕੱਤਰ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਖਤਮ ਕਰਵਾਇਆ ਸੀ ਪਰ ਅਗਲੇ ਦਿਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵਿਵਾਦਿਤ ਵੀਡੀਓ ਦੇ ਮਾਮਲੇ ਸਬੰਧੀ ਆਪਣਾ ਪੱਖ ਰੱਖਣ ਲਈ ਮੁਹਾਲੀ ਵਿੱਚ ਮੀਡੀਆ ਦੇ ਰੂਬਰੂ ਹੋਣ ਪਹੁੰਚੇ ਸੀ ਤਾਂ ਉਨ੍ਹਾਂ ਨੇ ਸੀਐਮ ਮਾਨ ਨੂੰ ਮਿਲ ਕੇ ਮੰਗ ਪੱਤਰ ਦੇਣਾ ਚਾਹਿਆ ਲੇਕਿਨ ਪੁਲਿਸ ਨੇ ਮੋਹਰੀ ਆਗੂਆਂ ਨੂੰ ਫੜ ਕੇ ਸੋਹਾਣਾ ਥਾਣੇ ਵਿੱਚ ਬੰਦ ਕੀਤਾ ਸੀ।
ਉਸ ਤੋਂ ਬਾਅਦ ਨਾ ਮੁਹਾਲੀ ਪ੍ਰਸ਼ਾਸਨ ਨੇ ਉਨ੍ਹਾਂ ਦੀ ਬਾਂਹ ਫੜੀ ਨਾ ਹੀ ਸਿੱਖਿਆ ਮੰਤਰੀ ਅਤੇ ਉਚ ਅਧਿਕਾਰੀ ਮਿਲੇ। ਜਿਸ ਕਾਰਨ ਉਨ੍ਹਾਂ ਨੇ ਸਿੱਖਿਆ ਮੰਤਰੀ ਦੀ ਗੁੰਮਸ਼ੁਦਗੀ ਦੇ ਪੋਸਟਰ ਲੈ ਕੇ ਸਿੱਖਿਆ ਮੰਤਰੀ ਦੀ ਭਾਲ ਕਰਨ ਲਈ ਸੜਕਾਂ 'ਤੇ ਉਤਰਨਾ ਪਿਆ ਹੈ।