- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਗਏ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਸੜਕ ਦੇ ਬਿਲਕੁਲ ਵਿਚਕਾਰ ਲੜਖੜਾਉਂਦਾ ਹੋਇਆ ਚੱਲ ਰਿਹਾ ਹੈ, ਜਿਸਦਾ ਚਿਹਰਾ ਉੱਪਰ ਵੱਲ ਨੂੰ ਹੈ ਅਤੇ ਉਸ ਦੇ ਹੱਥ ਵਿਚ ਕੋਈ ਚੀਜ਼ ਫੜੀ ਹੋਈ ਦਿਖਾਈ ਦੇ ਰਹੀ ਹੈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਫੇਜ਼-11 ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ਵਿਚ ਇਕ ਨੌਜਵਾਨ ਸੜਕ ’ਤੇ ਬੇਹੱਦ ਸ਼ੱਕੀ ਅਤੇ ਅਜੀਬ ਹਾਲਤ ਵਿਚ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰਨ ਵਾਲੇ ਲੋਕਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨੌਜਵਾਨ ਕਿਸੇ ਭਿਆਨਕ ਨਸ਼ੇ ਦੇ ਪ੍ਰਭਾਵ ਹੇਠ ਹੈ ਅਤੇ ਇਸ ਨੂੰ ਸਿੱਧਾ 'ਜ਼ੋਂਬੀ ਡਰੱਗ' ਨਾਲ ਜੋੜਿਆ ਜਾ ਰਿਹਾ ਹੈ, ਹਾਲਾਂਕਿ, ਇਸ ਦਾਅਵੇ ਦੀ ਅਜੇ ਤੱਕ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਵਿਚ ਕਥਿਤ ਤੌਰ 'ਤੇ 'ਜ਼ੋਂਬੀ ਡਰੱਗ' ਦੇ ਨਸ਼ੇ ਨਾਲ ਜੁੜੇ ਵੀਡੀਓਜ਼ ਵਾਇਰਲ ਹੋਏ ਸਨ।
ਵੀਡੀਓ ਨੇ ਵਧਾਈ ਚਿੰਤਾ :
ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਗਏ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਸੜਕ ਦੇ ਬਿਲਕੁਲ ਵਿਚਕਾਰ ਲੜਖੜਾਉਂਦਾ ਹੋਇਆ ਚੱਲ ਰਿਹਾ ਹੈ, ਜਿਸਦਾ ਚਿਹਰਾ ਉੱਪਰ ਵੱਲ ਨੂੰ ਹੈ ਅਤੇ ਉਸ ਦੇ ਹੱਥ ਵਿਚ ਕੋਈ ਚੀਜ਼ ਫੜੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਸਾਫ਼ ਨਜ਼ਰ ਆਉਂਦਾ ਹੈ ਕਿ ਨੌਜਵਾਨ ਨੂੰ ਸਿੱਧਾ ਖੜ੍ਹੇ ਹੋਣ ਅਤੇ ਚੱਲਣ ਵਿਚ ਭਾਰੀ ਪਰੇਸ਼ਾਨੀ ਹੋ ਰਹੀ ਹੈ। ਇਹ ਵੀਡੀਓ ਉੱਥੋਂ ਲੰਘ ਰਹੇ ਕਿਸੇ ਰਾਹਗੀਰ ਨੇ ਆਪਣੇ ਮੋਬਾਈਲ ਵਿਚ ਰਿਕਾਰਡ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਹੋਈ ਹੈ।
ਆਡੀਓ ਰਾਹੀਂ ਮੁਹਾਲੀ 'ਚ ਨਸ਼ਾ ਪਹੁੰਚਣ ਦਾ ਦਾਅਵਾ :
ਇਸ ਵਾਇਰਲ ਵੀਡੀਓ ਦੇ ਨਾਲ ਇਕ ਆਡੀਓ ਵੀ ਜੋੜਿਆ ਗਿਆ ਹੈ, ਜਿਸ ਵਿਚ ਇਕ ਵਿਅਕਤੀ ਦਾਅਵਾ ਕਰਦਾ ਸੁਣਾਈ ਦੇ ਰਿਹਾ ਹੈ ਕਿ ਇਹ ਵੀਡੀਓ ਮੁਹਾਲੀ ਦੇ ਫੇਜ਼-11 ਦਾ ਹੈ। ਆਡੀਓ ਵਿਚ ਕਿਹਾ ਜਾ ਰਿਹਾ ਹੈ ਕਿ ਸੜਕ 'ਤੇ ਦਿਖਾਈ ਦੇ ਰਿਹਾ ਨੌਜਵਾਨ 'ਜ਼ੋਂਬੀ ਡਰੱਗ' ਦੇ ਨਸ਼ੇ ਵਿਚ ਧੁੱਤ ਹੈ ਅਤੇ ਅਜਿਹਾ ਖ਼ਤਰਨਾਕ ਨਸ਼ਾ ਹੁਣ ਮੁਹਾਲੀ ਤੱਕ ਵੀ ਪਹੁੰਚ ਚੁੱਕਾ ਹੈ। ਫਿਲਹਾਲ ਵੀਡੀਓ ਵਿਚ ਦਿਖ ਰਹੇ ਨੌਜਵਾਨ ਦੀ ਪਛਾਣ ਅਤੇ ਉਸ ਦੀ ਮੌਜੂਦਾ ਹਾਲਤ ਬਾਰੇ ਪ੍ਰਸ਼ਾਸਨ ਜਾਂ ਪੁਲਿਸ ਵੱਲੋਂ ਕੋਈ ਵੀ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਤੋਂ ਵੀ 3 ਨੌਜਵਾਨਾਂ ਦੇ ਕਥਿਤ ਤੌਰ 'ਤੇ ਨਸ਼ੇ ਦੀ ਹਾਲਤ ਵਿਚ ਝੂਮਦੇ ਅਤੇ ਅਸਧਾਰਨ ਹਰਕਤਾਂ ਕਰਦੇ ਹੋਏ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੇ ਹਨ। ਉਨ੍ਹਾਂ ਵੀਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ ਟ੍ਰਾਈਸਿਟੀ ਵਿੱਚ 'ਜ਼ੋਂਬੀ ਡਰੱਗ' ਨੂੰ ਲੈ ਕੇ ਚਰਚਾ ਅਤੇ ਚਿੰਤਾ ਕਾਫ਼ੀ ਤੇਜ਼ ਹੋ ਗਈ ਸੀ, ਹਾਲਾਂਕਿ, ਉਨ੍ਹਾਂ ਪੁਰਾਣੇ ਮਾਮਲਿਆਂ ਵਿਚ ਵੀ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਕਿਸੇ ਵਿਸ਼ੇਸ਼ ਆਧੁਨਿਕ ਜਾਂ ਜ਼ੋਂਬੀ ਡਰੱਗ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਜਾ ਰਹੀ ਹੈ।