- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Jagraon News : ਐੱਸਐੱਚਓ ਦੇ ਲਾਈਵ ’ਚ ਪਿੰਡ ਦੇ ਕੁਝ ਵਿਅਕਤੀਆਂ ਨੇ ਵੀ ਪੱਖ ਰੱਖਦਿਆਂ ਉਕਤ ਵਿਅਕਤੀ ਦੇ ਚਿੱਟੇ ਦਾ ਨਸ਼ਾ ਨਾ ਕਰਨ ਦੀ ਵਕਾਲਤ ਕਰਦਿਆਂ ਵਾਇਰਲ ਵੀਡੀਓ ਨੂੰ ਗਲਤ ਦੱਸਿਆ।

ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਨੇੜਲੇ ਪਿੰਡ ਮਾਣੂੰਕੇ 'ਚ ਨਸ਼ੇ ’ਚ ਡਿੱਗੇ ਵਿਅਕਤੀ ਦੀ ਵਾਇਰਲ ਵੀਡੀਓ ਨੇ ਜਗਰਾਓਂ ਪੁਲਿਸ ਨੂੰ ਵਖ਼ਤ ਪਾ ਦਿੱਤਾ। ਵੀਡੀਓ ਵਾਇਰਲ ਕਰਨ ਵਾਲੇ ਨੇ ਪਿੰਡ ’ਚ ਡਿੱਗੇ ਪਏ ਵਿਅਕਤੀ ਦੇ ‘ਚਿੱਟਾ’ ਪੀਤੇ ਹੋਣ ਦਾ ਕਹਿ ਕੇ ਨਸ਼ਿਆਂ ਦੀ ਦੁਹਾਈ ਦਿੱਤੀ। ਉਸ ਵੱਲੋਂ ਆਪਣੀ ਇਸ ਵੀਡੀਓ ’ਚ ਪਿੰਡ ਮਾਣੂੰਕੇ ਨੂੰ ਨਸ਼ਿਆਂ ਦੀ ਹੱਬ ਦੱਸਿਆ ਗਿਆ ਤੇ ਪਿੰਡ ਵਿਚ ਨਸ਼ਿਆਂ ਕਾਰਨ ਕਈ ਘਟਨਾਵਾਂ ਦਾ ਵੀ ਜ਼ਿਕਰ ਕੀਤਾ। ਇਸ ਵਿਅਕਤੀ ਵੱਲੋਂ ਨਸ਼ਿਆਂ ਨੂੰ ਲੈ ਕੇ ਪੁਲਿਸ ਕਾਰਵਾਈ ’ਤੇ ਵੀ ਸਵਾਲ ਕੀਤੇ ਗਏ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਕੋਲ ਪਹੁੰਚੀ ਤਾਂ ਪੁਲਿਸ ਹਰਕਤ ਵਿਚ ਆਈ ਜਿਸ ’ਤੇ ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਪੁਲਿਸ ਪਾਰਟੀ ਨਾਲ ਪਿੰਡ ਮਾਣੂੰਕੇ ਪੁੱਜੇ ਜਿੱਥੇ ਉਨ੍ਹਾਂ ਪਿੰਡ ’ਚ ਵਾਇਰਲ ਵੀਡੀਓ ਵਾਲੇ ਸ਼ਖ਼ਸ ਦੀ ਭਾਲ ਕੀਤੀ, ਜਿਸ ’ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਮਾਪਿਆਂ ਨਾਲ ਪੁਲਿਸ ਨੂੰ ਮਿਲਾਇਆ। ਇਸ ’ਤੇ ਫਿਰ ਥਾਣਾ ਮੁਖੀ ਵੀ ਸੋਸ਼ਲ ਮੀਡੀਆ ’ਤੇ ਲਾਈਵ ਹੋਏ। ਉਨ੍ਹਾਂ ਇਸ ਮਾਮਲੇ ’ਚ ਦੱਸਿਆ ਕਿ ਉਕਤ ਵਿਅਕਤੀ ਚਿੱਟੇ ਨਾਲ ਨਹੀਂ ਜ਼ਿਆਦਾ ਸ਼ਰਾਬ ਪੀਣ ਕਾਰਨ ਨਸ਼ੇ ’ਚ ਡਿੱਗ ਗਿਆ ਸੀ। ਉਸ ਦੇ ਮਾਪਿਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਐੱਸਐੱਚਓ ਦੇ ਲਾਈਵ ’ਚ ਪਿੰਡ ਦੇ ਕੁਝ ਵਿਅਕਤੀਆਂ ਨੇ ਵੀ ਪੱਖ ਰੱਖਦਿਆਂ ਉਕਤ ਵਿਅਕਤੀ ਦੇ ਚਿੱਟੇ ਦਾ ਨਸ਼ਾ ਨਾ ਕਰਨ ਦੀ ਵਕਾਲਤ ਕਰਦਿਆਂ ਵਾਇਰਲ ਵੀਡੀਓ ਨੂੰ ਗਲਤ ਦੱਸਿਆ।