- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਅਨੁਸਾਰ ਹਾਦਸੇ ਵਿੱਚ 53 ਸਾਲਾ ਹਰਪ੍ਰੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਸ ਦੀ ਸਾਥਣ 50 ਸਾਲਾ ਮਨਮੀਤ ਕੌਰ ਉਰਫ਼ ਮੀਤੂ ਗੰਭੀਰ ਜ਼ਖ਼ਮੀ ਹੋ ਗਈ। ਮੁਲਜ਼ਮ ਨੂੰ ਅਬਦੁੱਲਾਪੁਰ ਬਸਤੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਹਾਦਸੇ ਵਿੱਚ ਵਰਤੀ ਗਈ ਮਾਰੂਤੀ ਸੁਜ਼ੂਕੀ ਸਵਿਫ਼ਟ ਡਿਜ਼ਾਇਰ ਕਾਰ ਰਾਜਸਥਾਨ ਤੋਂ ਬਰਾਮਦ ਕੀਤੀ ਗਈ ਹੈ।

ਗਗਨਦੀਪ ਰਤਨ, ਲੁਧਿਆਣਾ: ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ 3 ਜੁਲਾਈ ਨੂੰ ਸਵੇਰ ਦੀ ਸੈਰ ਦੌਰਾਨ ਦੋ ਔਰਤਾਂ ਨੂੰ ਕਾਰ ਹੇਠ ਦਰੜਨ ਦੇ ਮਾਮਲੇ ਵਿੱਚ ਪੁਲਿਸ ਜਾਂਚ ਦੌਰਾਨ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਪੁਲਿਸ ਨੇ 18 ਸਾਲਾ ਅਮਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਉਹ ਲਰਨਿੰਗ ਲਾਇਸੈਂਸ ਦੇ ਆਧਾਰ 'ਤੇ ਇਕੱਲਾ ਹੀ ਘਰ ਤੋਂ ਕਰੀਬ 9 ਕਿਲੋਮੀਟਰ ਦੂਰ ਕਾਰ ਚਲਾ ਕੇ ਆਇਆ ਸੀ ਅਤੇ ਉਸ ਸਮੇਂ ਸੋਸ਼ਲ ਮੀਡੀਆ ਲਈ ਰੀਲ ਵੀ ਬਣਾ ਰਿਹਾ ਸੀ।
ਪੁਲਿਸ ਅਨੁਸਾਰ ਹਾਦਸੇ ਵਿੱਚ 53 ਸਾਲਾ ਹਰਪ੍ਰੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਸ ਦੀ ਸਾਥਣ 50 ਸਾਲਾ ਮਨਮੀਤ ਕੌਰ ਉਰਫ਼ ਮੀਤੂ ਗੰਭੀਰ ਜ਼ਖ਼ਮੀ ਹੋ ਗਈ। ਮੁਲਜ਼ਮ ਨੂੰ ਅਬਦੁੱਲਾਪੁਰ ਬਸਤੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਹਾਦਸੇ ਵਿੱਚ ਵਰਤੀ ਗਈ ਮਾਰੂਤੀ ਸੁਜ਼ੂਕੀ ਸਵਿਫ਼ਟ ਡਿਜ਼ਾਇਰ ਕਾਰ ਰਾਜਸਥਾਨ ਤੋਂ ਬਰਾਮਦ ਕੀਤੀ ਗਈ ਹੈ।
ਪੁਲਿਸ ਨੂੰ ਮੁਲਜ਼ਮ ਦੇ ਮੋਬਾਈਲ ਫੋਨ ਵਿੱਚੋਂ 4 ਮਿੰਟ 6 ਸਕਿੰਟ ਦੀ ਵੀਡੀਓ ਮਿਲੀ ਹੈ। ਜਾਂਚ ਮੁਤਾਬਕ ਹਾਦਸਾ ਵੀਡੀਓ ਸ਼ੁਰੂ ਹੋਣ ਤੋਂ 1 ਮਿੰਟ 13 ਸਕਿੰਟ ਬਾਅਦ ਵਾਪਰਿਆ, ਪਰ ਰਿਕਾਰਡਿੰਗ ਜਾਰੀ ਰਹੀ ਅਤੇ ਮੁਲਜ਼ਮ ਨੇ ਕਰੀਬ ਤਿੰਨ ਮਿੰਟ ਬਾਅਦ ਇਸ ਨੂੰ ਬੰਦ ਕੀਤਾ।
ਕਾਰ ਦੇ ਪਾਰਟਸ ਬਦਲ ਕੇ ਰਾਜਸਥਾਨ ਭੇਜਣ ਦਾ ਦੋਸ਼
ਮ੍ਰਿਤਕਾ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਹਾਦਸੇ ਤੋਂ ਬਾਅਦ ਕਾਰ ਦੀ ਟੁੱਟੀ ਵਿੰਡਸ਼ੀਲਡ ਅਤੇ ਹੋਰ ਨੁਕਸਾਨੇ ਪਾਰਟਸ ਬਦਲਵਾਏ ਗਏ ਅਤੇ ਸਬੂਤ ਮਿਟਾਉਣ ਲਈ ਕਾਰ ਨੂੰ ਰਾਜਸਥਾਨ ਭੇਜ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਜੇ ਜਾਂਚ ਵਿੱਚ ਪਰਿਵਾਰ ਦੇ ਹੋਰ ਮੈਂਬਰਾਂ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ।
ਅੱਠਵਾਂ ਮਾਲਕ ਨਿਕਲਿਆ ਮੁਲਜ਼ਮ ਦਾ ਪਰਿਵਾਰ
ਐੱਸਐੱਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਕਾਰ ਦੇ ਨੰਬਰ ਤੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਵਾਹਨ ਕਈ ਵਾਰ ਵਿਕ ਚੁੱਕਾ ਸੀ। ਚਾਰ ਕਾਰ ਏਜੰਸੀਆਂ ਵਿੱਚ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਕਾਰ ਪਹਿਲਾਂ ਸੱਤ ਵਾਰ ਵਿਕ ਚੁੱਕੀ ਸੀ ਅਤੇ ਅੱਠਵੀਂ ਵਾਰ ਮੁਲਜ਼ਮ ਦੇ ਪਿਤਾ ਨੇ ਖਰੀਦੀ ਸੀ। ਇਸੇ ਆਧਾਰ 'ਤੇ ਪੁਲਿਸ ਮੁਲਜ਼ਮ ਤੱਕ ਪਹੁੰਚੀ।
ਲਰਨਿੰਗ ਲਾਇਸੈਂਸ ਦੇ ਨਿਯਮਾਂ ਦੀ ਉਲੰਘਣਾ
ਪੁਲਿਸ ਅਨੁਸਾਰ ਲਰਨਿੰਗ ਲਾਇਸੈਂਸ ਧਾਰਕ ਦੇ ਨਾਲ ਸਥਾਈ ਡਰਾਈਵਿੰਗ ਲਾਇਸੈਂਸ ਵਾਲੇ ਵਿਅਕਤੀ ਦਾ ਅੱਗੇਲੀ ਸੀਟ 'ਤੇ ਬੈਠਣਾ ਲਾਜ਼ਮੀ ਹੁੰਦਾ ਹੈ ਅਤੇ ਵਾਹਨ 'ਤੇ 'ਐੱਲ' ਦਾ ਨਿਸ਼ਾਨ ਲੱਗਾ ਹੋਣਾ ਚਾਹੀਦਾ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਇਕੱਲਾ ਹੀ ਕਾਰ ਚਲਾ ਕੇ ਆਇਆ ਸੀ ਅਤੇ ਇਸ ਦੌਰਾਨ ਮੋਬਾਈਲ 'ਤੇ ਵੀਡੀਓ ਬਣਾ ਰਿਹਾ ਸੀ। ਪੁਲਿਸ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਦੀ ਵੀ ਜਾਂਚ ਕਰ ਰਹੀ ਹੈ।