- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਜੀਨ ਬੈਂਕ ਵਿੱਚ ਯੂਨੀਵਰਸਿਟੀ ਦੀਆਂ 900 ਤੋਂ ਵੱਧ ਖੋਜ ਸਮੱਗਰੀ ਵਾਲੀਆਂ ਕਿਸਮਾਂ ਨੂੰ ਸੰਭਾਲਣ ਦੀ ਸਹੂਲਤ ਉਪਲਬਧ ਹੈ। ਇਸ ਨਾਲ ਦਹਾਕਿਆਂ ਦੀ ਖੋਜ ਰਾਹੀਂ ਵਿਕਸਿਤ ਕੀਤੀ ਜੈਨੇਟਿਕ ਸਮੱਗਰੀ ਸੁਰੱਖਿਅਤ ਰਹੇਗੀ ਅਤੇ ਭਵਿੱਖ ਵਿੱਚ ਨਵੀਆਂ ਕਿਸਮਾਂ ਵਿਕਸਿਤ ਕਰਨ ਲਈ ਮਜ਼ਬੂਤ ਆਧਾਰ ਮਿਲੇਗਾ।’

ਪਲਵਿੰਦਰ ਸਿੰਘ ਢੁੱਡੀਕੇ, ਸਟੇਟ ਬਿਊਰੋ ਲੁਧਿਆਣਾ: ਪੰਜਾਬ ਨੂੰ ਦੇਸ਼ ਦਾ ਅੰਨ ਭੰਡਾਰ ਕਿਹਾ ਜਾਂਦਾ ਹੈ। ਇਸ ਮਾਣ ਨੂੰ ਕਾਇਮ ਰੱਖਣ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦਾ ਯੋਗਦਾਨ ਬੇਮਿਸਾਲ ਰਿਹਾ ਹੈ। ਹੁਣ ਭਵਿੱਖ ਦੀਆਂ ਖੇਤੀਬਾੜੀ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਪੀਏਯੂ ਨੇ ਜੀਨ ਬੈਂਕ ਸਥਾਪਤ ਕੀਤਾ ਹੈ, ਜਿੱਥੇ ਵੱਖ-ਵੱਖ ਫ਼ਸਲਾਂ ਦੇ ਬੀਜ ਨਿਯੰਤਰਿਤ ਤਾਪਮਾਨ ਅਤੇ ਨਮੀ ਵਿੱਚ ਸੰਭਾਲੇ ਜਾਂਦੇ ਹਨ ਤਾਂ ਜੋ ਉਨ੍ਹਾਂ ਦੀ ਅੰਕੁਰਣ ਸਮਰੱਥਾ ਅਤੇ ਜੈਨੇਟਿਕ ਵਿਸ਼ੇਸ਼ਤਾਵਾਂ ਸੁਰੱਖਿਅਤ ਰਹਿਣ।
ਮਾਹਿਰਾਂ ਅਨੁਸਾਰ ਜੇਕਰ ਬੀਜ ਸਮੇਂ ਸਿਰ ਸੰਭਾਲੇ ਨਾ ਜਾਣ ਤਾਂ ਉਨ੍ਹਾਂ ਵਿੱਚ ਮੌਜੂਦ ਵਿਲੱਖਣ ਜੈਨੇਟਿਕ ਗੁਣ ਸਦਾ ਲਈ ਖਤਮ ਹੋ ਸਕਦੇ ਹਨ। ਹਰ ਕਿਸਮ ਵਿੱਚ ਕੁਝ ਖ਼ਾਸ ਗੁਣ ਹੁੰਦੇ ਹਨ। ਕੋਈ ਕਿਸਮ ਸੋਕੇ ਨੂੰ ਸਹਿ ਸਕਦੀ ਹੈ, ਕੋਈ ਬਿਮਾਰੀਆਂ ਅਤੇ ਕੀੜਿਆਂ ਦਾ ਮੁਕਾਬਲਾ ਕਰਦੀ ਹੈ, ਜਦਕਿ ਕੁਝ ਕਿਸਮਾਂ ਵੱਧ ਤਾਪਮਾਨ ਅਤੇ ਉੱਚ ਉਪਜ ਲਈ ਜਾਣੀਆਂ ਜਾਂਦੀਆਂ ਹਨ। ਇਹੀ ਵਿਭਿੰਨਤਾ ਭਵਿੱਖ ਵਿੱਚ ਨਵੀਆਂ ਅਤੇ ਵਧੀਆ ਕਿਸਮਾਂ ਵਿਕਸਿਤ ਕਰਨ ਦਾ ਆਧਾਰ ਬਣਦੀ ਹੈ।
ਜਲਵਾਯੂ ਤਬਦੀਲੀ ਨਾਲ ਵਧੀ ਜੀਨ ਬੈਂਕ ਦੀ ਮਹੱਤਤਾ
ਜਲਵਾਯੂ ਤਬਦੀਲੀ ਕਾਰਨ ਵਧਦਾ ਤਾਪਮਾਨ, ਅਨਿਯਮਿਤ ਵਰਖਾ, ਸੋਕੇ, ਹੜ੍ਹ ਅਤੇ ਨਵੀਆਂ ਬਿਮਾਰੀਆਂ ਖੇਤੀ ਲਈ ਵੱਡੀ ਚੁਣੌਤੀ ਬਣ ਰਹੀਆਂ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਅੱਜ ਆਮ ਲੱਗਣ ਵਾਲੀ ਕੋਈ ਪੁਰਾਣੀ ਕਿਸਮ ਭਵਿੱਖ ਵਿੱਚ ਕਿਸੇ ਨਵੀਂ ਬਿਮਾਰੀ ਜਾਂ ਮੌਸਮੀ ਸੰਕਟ ਨਾਲ ਨਜਿੱਠਣ ਲਈ ਬਹੁਤ ਕੀਮਤੀ ਸਾਬਤ ਹੋ ਸਕਦੀ ਹੈ। ਇਸ ਲਈ ਜੈਨੇਟਿਕ ਵਿਭਿੰਨਤਾ ਦੀ ਸੰਭਾਲ ਸਮੇਂ ਦੀ ਲੋੜ ਬਣ ਚੁੱਕੀ ਹੈ।
ਡਾ. ਗੁਰਦੇਵ ਸਿੰਘ ਖੁਸ਼ ਜੈਨੇਟਿਕਸ ਸੰਸਥਾਨ ਦੀ ਨਿਰਦੇਸ਼ਕ ਡਾ. ਸਤਿੰਦਰ ਕੌਰ ਨੇ ਦੱਸਿਆ ਕਿ ਜੀਨ ਬੈਂਕ ਇੱਕ ਵਿਸ਼ੇਸ਼ ਸਹੂਲਤ ਹੈ, ਜਿੱਥੇ ਬੀਜਾਂ ਨੂੰ ਨਿਯੰਤਰਿਤ ਵਾਤਾਵਰਨ ਵਿੱਚ ਪੰਜ ਤੋਂ ਸੱਤ ਸਾਲ ਤੱਕ ਸੰਭਾਲਿਆ ਜਾਂਦਾ ਹੈ। ਨਿਰਧਾਰਤ ਸਮੇਂ ਬਾਅਦ ਇਨ੍ਹਾਂ ਨੂੰ ਮੁੜ ਬੀਜ ਕੇ ਨਵੇਂ ਬੀਜ ਤਿਆਰ ਕੀਤੇ ਜਾਂਦੇ ਹਨ ਅਤੇ ਫਿਰ ਦੁਬਾਰਾ ਜੀਨ ਬੈਂਕ ਵਿੱਚ ਰੱਖਿਆ ਜਾਂਦਾ ਹੈ।
ਭਵਿੱਖ ਦੀਆਂ ਕਿਸਮਾਂ ਲਈ ਬਣੇਗਾ ਮਜ਼ਬੂਤ ਆਧਾਰ
ਵਿਗਿਆਨੀ ਜੀਨ ਬੈਂਕ ਵਿੱਚ ਸੰਭਾਲੇ ਬੀਜਾਂ ਦਾ ਅਧਿਐਨ ਕਰਕੇ ਅਜਿਹੇ ਗੁਣਾਂ ਦੀ ਪਛਾਣ ਕਰਦੇ ਹਨ, ਜੋ ਨਵੀਆਂ ਕਿਸਮਾਂ ਨੂੰ ਬਿਮਾਰੀਆਂ, ਕੀੜਿਆਂ, ਗਰਮੀ ਅਤੇ ਸੋਕੇ ਤੋਂ ਬਚਾਉਣ ਦੇ ਨਾਲ ਉਤਪਾਦਕਤਾ ਅਤੇ ਪੌਸ਼ਟਿਕਤਾ ਵੀ ਵਧਾ ਸਕਣ। ਜੰਗਲੀ ਪ੍ਰਜਾਤੀਆਂ ਵਿੱਚ ਮੌਜੂਦ ਜੈਨੇਟਿਕ ਵਿਭਿੰਨਤਾ ਵੀ ਭਵਿੱਖ ਦੀ ਖੋਜ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ।
‘ਜੀਨ ਬੈਂਕ ਵਿੱਚ ਯੂਨੀਵਰਸਿਟੀ ਦੀਆਂ 900 ਤੋਂ ਵੱਧ ਖੋਜ ਸਮੱਗਰੀ ਵਾਲੀਆਂ ਕਿਸਮਾਂ ਨੂੰ ਸੰਭਾਲਣ ਦੀ ਸਹੂਲਤ ਉਪਲਬਧ ਹੈ। ਇਸ ਨਾਲ ਦਹਾਕਿਆਂ ਦੀ ਖੋਜ ਰਾਹੀਂ ਵਿਕਸਿਤ ਕੀਤੀ ਜੈਨੇਟਿਕ ਸਮੱਗਰੀ ਸੁਰੱਖਿਅਤ ਰਹੇਗੀ ਅਤੇ ਭਵਿੱਖ ਵਿੱਚ ਨਵੀਆਂ ਕਿਸਮਾਂ ਵਿਕਸਿਤ ਕਰਨ ਲਈ ਮਜ਼ਬੂਤ ਆਧਾਰ ਮਿਲੇਗਾ।’
ਡਾ. ਸਤਿਬੀਰ ਸਿੰਘ ਗੋਸਲ, ਵੀਸੀ
ਜੀਨ ਬੈਂਕ ਕਿਉਂ ਹੈ ਅਹਿਮ?
ਵੱਖ-ਵੱਖ ਫ਼ਸਲਾਂ ਦੇ ਕੀਮਤੀ ਬੀਜਾਂ ਦੀ ਲੰਬੇ ਸਮੇਂ ਤੱਕ ਸੰਭਾਲ।
ਜੈਨੇਟਿਕ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਦੀ ਸਹੂਲਤ।
ਜਲਵਾਯੂ ਤਬਦੀਲੀ ਅਤੇ ਨਵੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਖੋਜ ਨੂੰ ਮਦਦ।
ਭਵਿੱਖ ਵਿੱਚ ਵੱਧ ਉਪਜ ਅਤੇ ਸਹਿਣਸ਼ੀਲ ਕਿਸਮਾਂ ਵਿਕਸਿਤ ਕਰਨ ਦਾ ਆਧਾਰ।
ਪੀੜ੍ਹੀਆਂ ਲਈ ਖੁਰਾਕ ਸੁਰੱਖਿਆ ਅਤੇ ਟਿਕਾਊ ਖੇਤੀ ਨੂੰ ਮਜ਼ਬੂਤੀ।