- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹੇ ਹਾਲਾਤ ਵਿੱਚ ਜਪਾਨੀ ਪੈਡੀ ਟਰਾਂਸਪਲਾਂਟਰ ਮਸ਼ੀਨ ਕਿਸਾਨਾਂ ਲਈ ਵੱਡੀ ਰਾਹਤ ਬਣ ਕੇ ਸਾਹਮਣੇ ਆਈ ਹੈ। ਕਰੀਬ ਸਾਢੇ 14 ਲੱਖ ਰੁਪਏ ਕੀਮਤ ਵਾਲੀ ਇਹ ਫੁੱਲੀ ਆਟੋਮੈਟਿਕ ਮਸ਼ੀਨ ਝੋਨੇ ਦੀ ਲੁਆਈ ਨੂੰ ਆਸਾਨ, ਤੇਜ਼ ਅਤੇ ਘੱਟ ਖਰਚ ਵਾਲਾ ਬਣਾ ਰਹੀ ਹੈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓ : ਆਏ ਸਾਲ ਸੂਬੇ ਵਿੱਚ ਝੋਨਾ ਲਾਉਣ ਸਮੇਂ ਮਜ਼ਦੂਰਾਂ ਦੀ ਘਾਟ ਅਤੇ ਲਗਾਤਾਰ ਵੱਧ ਰਹੀ ਮਜ਼ਦੂਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਹਰ ਸਾਲ ਕਿਸਾਨਾਂ ਨੂੰ ਵੱਧ ਰੇਟ ਦੇ ਕੇ ਮਜ਼ਦੂਰ ਲਿਆਉਣੇ ਪੈਂਦੇ ਹਨ, ਜਿਸ ਕਾਰਨ ਖੇਤੀ ਦੀ ਲਾਗਤ ਵੀ ਵਧਦੀ ਜਾ ਰਹੀ ਹੈ। ਅਜਿਹੇ ਹਾਲਾਤ ਵਿੱਚ ਜਪਾਨੀ ਪੈਡੀ ਟਰਾਂਸਪਲਾਂਟਰ ਮਸ਼ੀਨ ਕਿਸਾਨਾਂ ਲਈ ਵੱਡੀ ਰਾਹਤ ਬਣ ਕੇ ਸਾਹਮਣੇ ਆਈ ਹੈ। ਕਰੀਬ ਸਾਢੇ 14 ਲੱਖ ਰੁਪਏ ਕੀਮਤ ਵਾਲੀ ਇਹ ਫੁੱਲੀ ਆਟੋਮੈਟਿਕ ਮਸ਼ੀਨ ਝੋਨੇ ਦੀ ਲੁਆਈ ਨੂੰ ਆਸਾਨ, ਤੇਜ਼ ਅਤੇ ਘੱਟ ਖਰਚ ਵਾਲਾ ਬਣਾ ਰਹੀ ਹੈ। ਮਸ਼ੀਨ ਨੂੰ ਚਲਾਉਣਾ ਇੰਨਾ ਸੌਖਾ ਹੈ ਕਿ ਭਿੰਡਰ ਕਲਾਂ ਪਿੰਡ ਵਿੱਚ 8 ਸਾਲਾ ਯੁਵਰਾਜ ਸਿੰਘ ਅਤੇ 12 ਸਾਲਾ ਫਤਿਹ ਸਿੰਘ ਵੀ ਇਸ ਰਾਹੀਂ ਝੋਨਾ ਲਾਉਂਦੇ ਨਜ਼ਰ ਆ ਰਹੇ ਹਨ। ਇਹ ਖੇਤੀ ਵਿੱਚ ਆ ਰਹੇ ਤਕਨੀਕੀ ਬਦਲਾਅ ਦੀ ਨਵੀਂ ਤਸਵੀਰ ਹੈ।
45 ਮਿੰਟਾਂ ’ਚ ਇੱਕ ਕਿੱਲਾ ਝੋਨਾ ਲਾਉਂਦੀ ਹੈ ਮਸ਼ੀਨ
ਜਗਰਾਓਂ ਵਿੱਚ ਜਪਾਨੀ ਪੈਡੀ ਟਰਾਂਸਪਲਾਂਟਰ ਮਸ਼ੀਨ ਦੇ ਡਿਸਟ੍ਰੀਬਿਊਟਰ ਕੰਵਲਜੀਤ ਸਿੰਘ ਲਾਲੀ ਮੁੱਲਾਂਪੁਰ ਦਾਖਾ ਨੇ ਦੱਸਿਆ ਕਿ ਇਹ ਮਸ਼ੀਨ ਜਪਾਨ ਤੋਂ ਮੰਗਵਾਈ ਜਾਂਦੀ ਹੈ ਅਤੇ ਡੀਜ਼ਲ ਨਾਲ ਚੱਲਦੀ ਹੈ। ਇੱਕ ਬਟਨ ਦਬਾਉਂਦੇ ਹੀ ਇਹ ਆਪਣੇ ਆਪ ਟਰੇਆਂ ਵਿੱਚੋਂ ਪਨੀਰੀ ਚੁੱਕ ਕੇ ਖੇਤ ਵਿੱਚ ਇੱਕਸਾਰ ਦੂਰੀ ’ਤੇ ਲਗਾਉਣੀ ਸ਼ੁਰੂ ਕਰ ਦਿੰਦੀ ਹੈ। ਮਸ਼ੀਨ ਸਿਰਫ਼ 45 ਮਿੰਟਾਂ ਵਿੱਚ ਇੱਕ ਕਿੱਲਾ ਝੋਨਾ ਲਾ ਦਿੰਦੀ ਹੈ। ਇਸ ਨੂੰ ਚਲਾਉਣ ਲਈ ਸਿਰਫ਼ ਇੱਕ ਚਾਲਕ ਅਤੇ ਤਿੰਨ-ਚਾਰ ਸਹਾਇਕਾਂ ਦੀ ਲੋੜ ਹੁੰਦੀ ਹੈ, ਜਦਕਿ ਪਹਿਲਾਂ ਇਸੇ ਕੰਮ ਲਈ 30 ਤੋਂ 40 ਮਜ਼ਦੂਰਾਂ ਦੀ ਲੋੜ ਪੈਂਦੀ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਵੀ ਇਸ ਮਸ਼ੀਨ ਦੀ ਮੰਗ ਲਗਾਤਾਰ ਵਧ ਰਹੀ ਹੈ।
ਪ੍ਰਤੀ ਕਿੱਲਾ ਤਿੰਨ ਕੁਇੰਟਲ ਤੱਕ ਵੱਧ ਝਾੜ ਦਾ ਦਾਅਵਾ
ਕੰਵਲਜੀਤ ਸਿੰਘ ਲਾਲੀ ਦਾ ਕਹਿਣਾ ਹੈ ਕਿ ਮਸ਼ੀਨ ਨਾਲ ਝੋਨਾ ਇੱਕਸਾਰ ਲਾਈਨਾਂ ਵਿੱਚ ਲੱਗਣ ਕਾਰਨ ਫਸਲ ਦਾ ਵਿਕਾਸ ਵਧੀਆ ਹੁੰਦਾ ਹੈ। ਪੌਦਿਆਂ ਨੂੰ ਪੂਰੀ ਜਗ੍ਹਾ ਅਤੇ ਹਵਾ ਮਿਲਦੀ ਹੈ, ਜਿਸ ਨਾਲ ਕੀਟਨਾਸ਼ਕ ਅਤੇ ਖਾਦ ਦੀ ਵਰਤੋਂ ਘੱਟ ਹੁੰਦੀ ਹੈ ਅਤੇ ਦਵਾਈਆਂ ਵੀ ਜੜ੍ਹਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਦੀਆਂ ਹਨ। ਇਸ ਕਾਰਨ ਪ੍ਰਤੀ ਕਿੱਲਾ ਤਿੰਨ ਕੁਇੰਟਲ ਤੱਕ ਵੱਧ ਝਾੜ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਧਣ ਦੀ ਵੀ ਸੰਭਾਵਨਾ ਬਣਦੀ ਹੈ।
ਸਾਢੇ ਚਾਰ ਘੰਟਿਆਂ ’ਚ 10 ਏਕੜ ਦੀ ਲੁਆਈ
ਨਾਰੰਗਵਾਲ ਦੇ ਖੁਸ਼ਵਿੰਦਰ ਸਿੰਘ, ਛੱਜਾਵਾਲ ਦੇ ਇਕਬਾਲ ਸਿੰਘ, ਈਸੇਵਾਲ ਦੇ ਜਗਵੰਤ ਸਿੰਘ, ਮੀਨੀਆ ਦੇ ਪ੍ਰੀਤਮ ਸਿੰਘ ਅਤੇ ਕੋਟਲੀ ਦੇ ਬੌਬੀ ਸਮੇਤ ਕਈ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ 30 ਤੋਂ ਵੱਧ ਮਜ਼ਦੂਰ ਪੂਰੇ ਦਿਨ ਵਿੱਚ ਮਸਾਂ 10 ਏਕੜ ਝੋਨਾ ਲਾਉਂਦੇ ਸਨ, ਜਦਕਿ ਇਹ ਮਸ਼ੀਨ ਚਾਰ ਵਿਅਕਤੀਆਂ ਦੀ ਮਦਦ ਨਾਲ ਸਿਰਫ਼ ਸਾਢੇ ਚਾਰ ਘੰਟਿਆਂ ਵਿੱਚ ਇਹ ਕੰਮ ਪੂਰਾ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਸ਼ੀਨ ਖਰੀਦਣ ਲਈ ਸ਼ੁਰੂਆਤੀ ਨਿਵੇਸ਼ ਵੱਡਾ ਹੈ, ਪਰ ਮਜ਼ਦੂਰੀ ਅਤੇ ਸਮੇਂ ਦੀ ਬੱਚਤ ਇਸ ਨੂੰ ਲਾਭਕਾਰੀ ਬਣਾ ਦਿੰਦੀ ਹੈ।
ਪਨੀਰੀ ਦਾ ਵੱਖਰਾ ਸਿਸਟਮ ਅਜੇ ਵੀ ਚੁਣੌਤੀ
ਸਫਲ ਕਿਸਾਨ ਅਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਦੀਦਾਰ ਸਿੰਘ ਮਲਕ ਨੇ ਕਿਹਾ ਕਿ ਇਹ ਮਸ਼ੀਨ ਬਹੁਤ ਕਾਰਗਰ ਹੈ, ਪਰ ਇਸ ਲਈ ਟਰੇਆਂ ਵਿੱਚ ਵਿਸ਼ੇਸ਼ ਢੰਗ ਨਾਲ ਪਨੀਰੀ ਤਿਆਰ ਕਰਨੀ ਪੈਂਦੀ ਹੈ। ਪਹਿਲਾਂ ਜ਼ਮੀਨ ’ਤੇ ਕਾਗਜ਼ ਵਿਛਾ ਕੇ ਛਾਣੀ ਹੋਈ ਮਿੱਟੀ ਵਿੱਚ ਟਰੇਆਂ ਰਾਹੀਂ ਪਨੀਰੀ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਬਾਅਦ ਵਿੱਚ ਮਸ਼ੀਨ ਵਿੱਚ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਨੀਰੀ ਤਿਆਰ ਕਰਨ ਦੀ ਪ੍ਰਕਿਰਿਆ ਵੀ ਪੂਰੀ ਤਰ੍ਹਾਂ ਮਸ਼ੀਨੀ ਹੋ ਜਾਵੇ ਤਾਂ ਇਸ ਤਕਨੀਕ ਨੂੰ ਹੋਰ ਵੱਡੇ ਪੱਧਰ ’ਤੇ ਅਪਣਾਇਆ ਜਾ ਸਕੇਗਾ।
ਜ਼ਿਲ੍ਹੇ ਵਿੱਚ 24 ਹਜ਼ਾਰ ਏਕੜ ਵਿੱਚ ਮਸ਼ੀਨਾਂ ਨਾਲ ਹੋ ਰਹੀ ਲੁਆਈ
ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਵੇਲੇ ਕਰੀਬ 200 ਪੈਡੀ ਟਰਾਂਸਪਲਾਂਟਰ ਮਸ਼ੀਨਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਰਾਹੀਂ ਲਗਭਗ 24 ਹਜ਼ਾਰ ਏਕੜ ਵਿੱਚ ਝੋਨੇ ਦੀ ਲੁਆਈ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਢੇ 14 ਲੱਖ ਵਾਲੀ ਵੱਡੀ ਮਸ਼ੀਨ ਤੋਂ ਇਲਾਵਾ ਕਰੀਬ 3.85 ਲੱਖ ਰੁਪਏ ਕੀਮਤ ਵਾਲੀਆਂ ਛੋਟੀਆਂ ਮਸ਼ੀਨਾਂ ਵੀ ਉਪਲਬਧ ਹਨ, ਜਿਨ੍ਹਾਂ ’ਤੇ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਘਾਟ ਦੇ ਮੱਦੇਨਜ਼ਰ ਖੇਤੀ ਵਿੱਚ ਮਸ਼ੀਨੀਕਰਨ ਹੀ ਭਵਿੱਖ ਦਾ ਰਾਹ ਹੈ।