- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਓਂ ਨੇੜਲੇ ਪਿੰਡ ਪੱਬੀਆਂ ਦੇ ਕਿਸਾਨ ਹਰਬੰਸ ਸਿੰਘ ਦੇ ਖੇਤਾਂ ’ਚ ਹਰ ਸਾਲ ਦੀ ਤਰ੍ਹਾਂ ਪ੍ਰਵਾਸੀ ਮਜ਼ਦੂਰ ਰਮੇਸ਼ ਮੰਡਲ ਪੁੱਤਰ ਜਾਗੇਸ਼ਵਰ ਵਾਸੀ ਮੱਖਣਾਹਾ ਪੂਰਨੀਆਂ (ਬਿਹਾਰ) ਆਪਣੇ ਸਾਥੀ ਮਜ਼ਦੂਰਾਂ ਨਾਲ ਝੋਨਾ ਲਗਾਉਣ ਆਇਆ ਸੀ।

ਸੰਜੀਵ ਗੁਪਤਾ, ਪੰਜਾਬੀ ਜਾਗਰਣ , ਜਗਰਾਓਂ : ਨੇੜਲੇ ਪਿੰਡ ਪੱਬੀਆਂ ’ਚ ਬੁੱਧਵਾਰ ਰਾਤ ਨੂੰ ਅਵਾਰਾ ਕੁੱਤਿਆਂ ਨੇ ਇਕ ਪਰਵਾਸੀ ਮਜ਼ਦੂਰ ਨੂੰ ਏਨੀ ਬੁਰੀ ਤਰ੍ਹਾਂ ਨੋਚ-ਨੋਚ ਖਾਧਾ ਕਿ ਉਸ ਦੀ ਮੌਤ ਹੋ ਗਈ। ਮਜ਼ਦੂਰ ਦੀ ਲਾਸ਼ ਸਵੇਰੇ ਖੇਤਾਂ ’ਚ ਪਈ ਮਿਲੀ, ਜਿਸ ਦੀ ਹਾਲਤ ਬੁਰੀ ਸੀ। ਜਗਰਾਓਂ ਨੇੜਲੇ ਪਿੰਡ ਪੱਬੀਆਂ ਦੇ ਕਿਸਾਨ ਹਰਬੰਸ ਸਿੰਘ ਦੇ ਖੇਤਾਂ ’ਚ ਹਰ ਸਾਲ ਦੀ ਤਰ੍ਹਾਂ ਪ੍ਰਵਾਸੀ ਮਜ਼ਦੂਰ ਰਮੇਸ਼ ਮੰਡਲ ਪੁੱਤਰ ਜਾਗੇਸ਼ਵਰ ਵਾਸੀ ਮੱਖਣਾਹਾ ਪੂਰਨੀਆਂ (ਬਿਹਾਰ) ਆਪਣੇ ਸਾਥੀ ਮਜ਼ਦੂਰਾਂ ਨਾਲ ਝੋਨਾ ਲਗਾਉਣ ਆਇਆ ਸੀ। ਬੁੱਧਵਾਰ ਰਾਤ ਨੂੰ ਉਹ ਸਾਰੇ ਖੇਤ ਦੀ ਮੋਟਰ ਦੀ ਛੱਤ ’ਤੇ ਸੋ ਗਏ। ਅੱਧੀ ਰਾਤ ਨੂੰ ਰਮੇਸ਼ ਮੰਡਲ ਦੇ ਮੋਬਾਈਲ ’ਤੇ ਫੋਨ ਆਇਆ। ਉਹ ਫੋਨ ਸੁਣਨ ਲਈ ਛੱਤ ਤੋਂ ਹੇਠਾਂ ਉਤਰ ਆਇਆ ਤੇ ਗੱਲ ਕਰਦਾ-ਕਰਦਾ ਖੇਤਾਂ ਵੱਲ ਚਲਾ ਗਿਆ। ਇਸੇ ਦੌਰਾਨ ਹੱਡਾ ਰੋੜੀ ਦੇ 12-13 ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਘੇਰ ਲਿਆ। ਰਮੇਸ਼ ਡਿੱਗ ਪਿਆ ਤੇ ਕੁੱਤਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਨੋਚਿਆ। ਰਮੇਸ਼ ਨੇ ਕਾਫ਼ੀ ਰੌਲਾ ਪਾਇਆ ਪਰ ਉਸ ਦੇ ਸਾਥੀ ਦਿਨ ਭਰ ਦੀ ਥਕਾਵਟ ਕਾਰਨ ਆਈ ਗੂੜੀ ਨੀਂਦ ਕਰ ਕੇ ਉਸ ਦੀਆਂ ਚੀਕਾਂ ਨਾ ਸੁਣ ਸਕੇ। ਕੁੱਤਿਆਂ ਨੇ ਉਸ ਦੀ ਗਰਦਨ ਨੂੰ ਏਨੀ ਬੁਰੀ ਤਰ੍ਹਾਂ ਵੱਢ ਖਾਧਾ ਕਿ ਉਸ ਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਸਵੇਰੇ ਉਦੋਂ ਲੱਗਾ ਜਦੋਂ ਉਸ ਦੇ ਸਾਥੀਆਂ ਨੇ ਖੇਤਾਂ ’ਚ ਪਈ ਰਮੇਸ਼ ਦੀ ਲਾਸ਼ ਦੇਖੀ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਚੌਂਕੀ, ਚੌਂਕੀਮਾਨ ਦੇ ਮੁਖੀ ਸੁਖਮੰਦਰ ਸਿੰਘ ਮੌਕੇ ’ਤੇ ਪੁੱਜ ਗਏ ਤੇ ਬਣਦੀ ਕਾਰਵਾਈ ਕੀਤੀ।