- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਪੁਲਿਸ ਨੂੰ ਮਹੱਤਵਪੂਰਨ ਜਾਣਕਾਰੀ ਮਿਲੀ। ਜਾਂਚ ’ਚ ਸਾਹਮਣੇ ਆਇਆ ਕਿ ਹਰਜੀਤ ਨੂੰ ਪਬਜੀ ਗੇਮ ਨਾਲ ਸਬੰਧਤ ਇੱਕ ਪ੍ਰਤੀਯੋਗਿਤਾ ਬਾਰੇ ਜਾਣਕਾਰੀ ਮਿਲੀ ਸੀ। ਇਸ ਪ੍ਰਤੀਯੋਗਿਤਾ ’ਚ ਹਿੱਸਾ ਲੈਣ ਦੀ ਇੱਛਾ ਕਾਰਨ ਉਹ ਲੁਧਿਆਣਾ ਤੋਂ ਦਿੱਲੀ ਪਹੁੰਚ ਗਿਆ। ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਦਿੱਲੀ ਤੋਂ ਬਾਅਦ ਉਸ ਦਾ ਅਗਲਾ ਟੀਚਾ ਅਹਿਮਦਾਬਾਦ ਜਾਣਾ ਸੀ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮੋਬਾਈਲ ਗੇਮਾਂ ਦੀ ਵੱਧ ਰਹੀ ਲਤ ਨੌਜਵਾਨਾਂ ਤੇ ਸਕੂਲੀ ਵਿਦਿਆਰਥੀਆਂ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰ ਸਕਦੀ ਹੈ, ਇਸ ਦੀ ਤਾਜ਼ਾ ਮਿਸਾਲ ਲੁਧਿਆਣਾ ਦੇ ਥਾਣਾ ਡਾਬਾ ਇਲਾਕੇ ’ਚ ਪੈਂਦੀ ਮੈੜ ਕਾਲੋਨੀ ’ਚ ਸਾਹਮਣੇ ਆਈ ਹੈ। 8ਵੀਂ ਜਮਾਤ ’ਚ ਪੜ੍ਹਦਾ 16 ਸਾਲਾ ਹਰਜੀਤ ਕੁਮਾਰ ਪਬਜੀ ਗੇਮ ਦੇ ਪ੍ਰਭਾਵ ਹੇਠ ਘਰ ਤੋਂ ਸੈਂਕੜੇ ਕਿਲੋਮੀਟਰ ਦੂਰ ਦਿੱਲੀ ਤੱਕ ਪਹੁੰਚ ਗਿਆ। ਇਸ ਘਟਨਾ ਨੇ ਨਾ ਸਿਰਫ਼ ਉਸ ਦੇ ਪਰਿਵਾਰ ਨੂੰ ਚਿੰਤਾ ’ਚ ਪਾ ਦਿੱਤਾ ਸਗੋਂ ਇਹ ਸਮਾਜ ਅਤੇ ਮਾਪਿਆਂ ਲਈ ਵੀ ਇੱਕ ਵੱਡਾ ਸੁਨੇਹਾ ਛੱਡ ਗਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਹਰਜੀਤ ਨੇ ਦਿੱਲੀ ਤੋਂ ਅਹਿਮਦਾਬਾਦ ਤੇ ਅਹਿਮਦਾਬਾਦ ਤੋਂ ਇੰਡੋਨੇਸ਼ੀਆ ਪਹੁੰਚਣਾ ਸੀ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਸੁਰਿੰਦਰ ਕੁਮਾਰ ਨੇ ਦੱਸਿਆ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਹਰਜੀਤ ਕੁਮਾਰ ਪਿਛਲੇ ਕਰੀਬ ਇੱਕ ਸਾਲ ਤੋਂ ਪਬਜੀ ਗੇਮ ਖੇਡਣ ਦਾ ਆਦੀ ਹੋ ਚੁੱਕਾ ਸੀ। ਪਰਿਵਾਰਕ ਮੈਂਬਰ ਉਸ ਨੂੰ ਵਾਰ-ਵਾਰ ਗੇਮ ਖੇਡਣ ਤੋਂ ਰੋਕਦੇ ਸਨ ਤੇ ਉਸ ਦਾ ਜ਼ਿਆਦਾ ਸਮਾਂ ਮੋਬਾਈਲ ’ਤੇ ਬੀਤਣ ਕਾਰਨ ਚਿੰਤਤ ਰਹਿੰਦੇ ਸਨ।
ਸਥਿਤੀ ਇਥੋਂ ਤੱਕ ਪਹੁੰਚ ਗਈ ਕਿ ਉਸ ਦੇ ਪਿਤਾ ਰਾਮ ਫਲਰਾਏ ਨੇ ਉਸ ਕੋਲੋਂ ਮੋਬਾਈਲ ਫੋਨ ਵੀ ਲੈ ਲਿਆ ਸੀ ਤਾਂ ਜੋ ਉਹ ਪੜ੍ਹਾਈ ਵੱਲ ਧਿਆਨ ਦੇ ਸਕੇ। ਪਰਿਵਾਰ ਮੁਤਾਬਕ 19 ਜੂਨ ਦੀ ਸ਼ਾਮ ਕਰੀਬ 5:45 ਵਜੇ ਹਰਜੀਤ ਘਰੋਂ ਇਹ ਕਹਿ ਕੇ ਨਿਕਲਿਆ ਕਿ ਉਹ ਸਿਰਫ਼ 15 ਮਿੰਟਾਂ ’ਚ ਵਾਪਸ ਆ ਜਾਵੇਗਾ ਪਰ ਸਮਾਂ ਬੀਤਣ ਦੇ ਬਾਵਜੂਦ ਜਦੋਂ ਉਹ ਘਰ ਨਾ ਪਰਤਿਆ ਤਾਂ ਪਰਿਵਾਰ ਦੀ ਚਿੰਤਾ ਵੱਧ ਗਈ। ਰਿਸ਼ਤੇਦਾਰਾਂ, ਦੋਸਤਾਂ ਤੇ ਜਾਣ-ਪਛਾਣ ਵਾਲਿਆਂ ਕੋਲ ਉਸ ਦੀ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਾ ਮਿਲਿਆ।
ਆਖਿਰਕਾਰ ਪਰਿਵਾਰ ਨੇ ਥਾਣਾ ਡਾਬਾ ਪੁਲਿਸ ਨਾਲ ਸੰਪਰਕ ਕਰ ਕੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ’ਚ ਪਰਿਵਾਰ ਨੇ ਸ਼ੱਕ ਜਤਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰ ਲਿਆ ਹੈ। ਇਸ ਤੋਂ ਬਾਅਦ ਥਾਣਾ ਡਾਬਾ ਪੁਲਿਸ ਨੇ ਹਰਜੀਤ ਦੇ ਪਿਤਾ ਰਾਮ ਫਲਰਾਏ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਪੁਲਿਸ ਨੂੰ ਮਹੱਤਵਪੂਰਨ ਜਾਣਕਾਰੀ ਮਿਲੀ। ਜਾਂਚ ’ਚ ਸਾਹਮਣੇ ਆਇਆ ਕਿ ਹਰਜੀਤ ਨੂੰ ਪਬਜੀ ਗੇਮ ਨਾਲ ਸਬੰਧਤ ਇੱਕ ਪ੍ਰਤੀਯੋਗਿਤਾ ਬਾਰੇ ਜਾਣਕਾਰੀ ਮਿਲੀ ਸੀ। ਇਸ ਪ੍ਰਤੀਯੋਗਿਤਾ ’ਚ ਹਿੱਸਾ ਲੈਣ ਦੀ ਇੱਛਾ ਕਾਰਨ ਉਹ ਲੁਧਿਆਣਾ ਤੋਂ ਦਿੱਲੀ ਪਹੁੰਚ ਗਿਆ। ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਦਿੱਲੀ ਤੋਂ ਬਾਅਦ ਉਸ ਦਾ ਅਗਲਾ ਟੀਚਾ ਅਹਿਮਦਾਬਾਦ ਜਾਣਾ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਹਰਜੀਤ ਦੇ ਮਨ ’ਚ ਇਹ ਧਾਰਨਾ ਬਣ ਚੁੱਕੀ ਸੀ ਕਿ ਜੇਕਰ ਉਹ ਇਸ ਗੇਮਿੰਗ ਮੁਕਾਬਲੇ ’ਚ ਕਾਮਯਾਬ ਹੋ ਜਾਂਦਾ ਤਾਂ ਉਸ ਨੂੰ ਅੱਗੇ ਅੰਤਰਰਾਸ਼ਟਰੀ ਪੱਧਰ ’ਤੇ ਖੇਡਣ ਦਾ ਮੌਕਾ ਮਿਲ ਸਕਦਾ ਹੈ। ਪੁਲਿਸ ਅਨੁਸਾਰ ਲੜਕੇ ਨੇ ਆਪਣੇ ਦੋਸਤਾਂ ਤੋਂ ਇਹ ਜਾਣਕਾਰੀ ਹਾਸਲ ਕੀਤੀ ਸੀ ਕਿ ਮੁਕਾਬਲੇ ’ਚ ਜਿੱਤਣ ਵਾਲਿਆਂ ਨੂੰ ਇੰਡੋਨੇਸ਼ੀਆ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ। ਇਸੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਘਰ ਤੋਂ ਬਿਨਾਂ ਕਿਸੇ ਨੂੰ ਦੱਸੇ ਨਿਕਲ ਪਿਆ। ਏਐੱਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਪਰਿਵਾਰਕ ਮੈਂਬਰਾਂ ਨੂੰ ਹਰਜੀਤ ਦੇ ਦਿੱਲੀ ’ਚ ਹੋਣ ਬਾਰੇ ਜਾਣਕਾਰੀ ਮਿਲ ਗਈ ਹੈ ਤੇ ਉਮੀਦ ਹੈ ਕਿ ਐਤਵਾਰ ਸ਼ਾਮ ਤੱਕ ਪਰਿਵਾਰ ਉਸ ਨੂੰ ਸੁਰੱਖਿਅਤ ਲੁਧਿਆਣਾ ਵਾਪਸ ਲੈ ਆਵੇਗਾ।
ਪੁਲਿਸ ਵੱਲੋਂ ਵੀ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।ਬਾਕਸਮੋਬਾਇਲ ਗੇਮਾਂ ਬੱਚਿਆਂ ਲਈ ਖਤਰੇ ਦੀ ਘੰਟੀ ਇਹ ਘਟਨਾ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰਦੀ ਹੈ ਕਿ ਕੀ ਮੋਬਾਈਲ ਗੇਮਾਂ ਦਾ ਬੇਕਾਬੂ ਇਸਤੇਮਾਲ ਬੱਚਿਆਂ ਦੇ ਭਵਿੱਖ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਿੱਥੇ ਆਨਲਾਈਨ ਗੇਮਾਂ ਮਨੋਰੰਜਨ ਦਾ ਸਾਧਨ ਹਨ, ਉੱਥੇ ਇਨ੍ਹਾਂ ਦੀ ਜ਼ਿਆਦਾ ਵਰਤੋਂ ਬੱਚਿਆਂ ਨੂੰ ਹਕੀਕਤ ਤੋਂ ਦੂਰ ਲੈ ਜਾ ਸਕਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀਆਂ ਆਨਲਾਈਨ ਗਤੀਵਿਧੀਆਂ ’ਤੇ ਨਜ਼ਰ ਰੱਖਣ ਤੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ।
ਅਸਲ ਜਿੱਤ ਪੜ੍ਹਾਈ, ਅਨੁਸ਼ਾਸਨ ਤੇ ਮਿਹਨਤ ਨਾਲ ਮਿਲਦੀ ਹੈ। ਕਿਸੇ ਵੀ ਆਨਲਾਈਨ ਗੇਮ ਜਾਂ ਸੋਸ਼ਲ ਮੀਡੀਆ ’ਤੇ ਮਿਲਣ ਵਾਲੀ ਜਾਣਕਾਰੀ ਦੇ ਆਧਾਰ ’ਤੇ ਘਰ ਛੱਡਣ ਜਾਂ ਅਣਜਾਣ ਥਾਵਾਂ ’ਤੇ ਜਾਣਾ ਬਹੁਤ ਖ਼ਤਰਨਾਕ ਹੋ ਸਕਦਾ ਹੈ। ਮਾਪਿਆਂ ਦੀ ਸਲਾਹ ਤੇ ਸੁਰੱਖਿਆ ਹਮੇਸ਼ਾ ਬੱਚਿਆਂ ਦੇ ਭਲੇ ਲਈ ਹੁੰਦੀ ਹੈ।
ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪਬਜੀ ਤੇ ਹੋਰ ਆਨਲਾਈਨ ਗੇਮਾਂ ਦੀ ਲਤ ਕਾਰਨ ਬੱਚਿਆਂ ਦੇ ਘਰੋਂ ਭੱਜਣ, ਪੜ੍ਹਾਈ ਛੱਡਣ ਤੇ ਪਰਿਵਾਰਾਂ ਨਾਲ ਝਗੜੇ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਕੁੱਝ ਸਾਲ ਪਹਿਲਾਂ ਕਈ ਸੂਬਿਆਂ ’ਚ ਅਜਿਹੇ ਮਾਮਲੇ ਦਰਜ ਹੋਏ ਜਿੱਥੇ ਨਾਬਾਲਿਗ ਬੱਚੇ ਗੇਮ ਖੇਡਣ ਲਈ ਘਰੋਂ ਪੈਸੇ ਲੈ ਕੇ ਭੱਜ ਗਏ ਸਨ। ਮਨੋਵਿਗਿਆਨੀਆਂ ਅਨੁਸਾਰ ਗੇਮਿੰਗ ਦੀ ਅਤਿ ਬੱਚਿਆਂ ’ਚ ਇਕੱਲਾਪਣ, ਚਿੜਚਿੜਾਪਣ ਤੇ ਹਕੀਕਤੀ ਜ਼ਿੰਦਗੀ ਤੋਂ ਦੂਰੀ ਪੈਦਾ ਕਰ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਬੱਚਿਆਂ ਲਈ ਮੋਬਾਈਲ ਵਰਤੋਂ ਦਾ ਸਮਾਂ ਨਿਰਧਾਰਤ ਕਰਨਾ ਚਾਹੀਦਾ ਹੈ ਤੇ ਖੇਡਾਂ, ਪੜ੍ਹਾਈ ਤੇ ਸਮਾਜਿਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਸਮਾਜ ਨੂੰ ਚੇਤਾਵਨੀ ਦਿੱਤੀ ਹੈ ਕਿ ਡਿਜੀਟਲ ਦੁਨੀਆ ਦੇ ਆਕਰਸ਼ਣ ’ਚ ਫਸੇ ਬੱਚਿਆਂ ਨੂੰ ਸਮੇਂ ਸਿਰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਹੈ।