- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲੇ ਦੀ ਜਾਂਚ ਏਐੱਸਆਈ ਹਰਬੋਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਨਿਊ ਸ਼ਿਵਪੁਰੀ ਇਲਾਕੇ 'ਚ ਇਕ ਗੰਭੀਰ ਤੇ ਸੰਵੇਦਨਸ਼ੀਲ ਘਟਨਾ ਸਾਹਮਣੇ ਆਈ ਹੈ। ਸੰਤੋਖ ਨਗਰ ਦੀ ਗਲੀ ਨੰਬਰ-4 ਸਥਿਤ ਮਰਕਜ਼ੀ ਸੁੰਨੀ ਨੂਰੀ ਜਾਮਾ ਮਸਜਿਦ ਨਾਲ ਲੱਗਦੀ ਇਕ ਧਾਰਮਿਕ ਸਮੱਗਰੀ ਦੀ ਦੁਕਾਨ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅੱਗ ਲਗਾ ਦਿੱਤੀ ਗਈ। ਘਟਨਾ 'ਚ ਦੁਕਾਨ ਅੰਦਰ ਪਈਆਂ ਮੁਸਲਿਮ ਧਾਰਮਿਕ ਪੁਸਤਕਾਂ ਅਤੇ ਹੋਰ ਧਾਰਮਿਕ ਵਰਤੋਂ ਦਾ ਸਾਮਾਨ ਸੜ ਗਿਆ। ਸ਼ਿਕਾਇਤਕਰਤਾ ਨੇ ਇਸ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸੋਚੀ-ਸਮਝੀ ਹਰਕਤ ਦੱਸਿਆ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਅਬਦੁਲ ਰਜ਼ਾਕ ਪੁੱਤਰ ਮੁਹੰਮਦ ਸੁਹੈਬ ਨੇ ਦੱਸਿਆ ਕਿ ਉਹ ਸੰਤੋਖ ਨਗਰ ਦੀ ਗਲੀ ਨੰਬਰ-4 ਸਥਿਤ ਮਰਕਜ਼ੀ ਸੁੰਨੀ ਨੂਰੀ ਜਾਮਾ ਮਸਜਿਦ 'ਚ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਹਨ। ਮਸਜਿਦ ਵੱਲੋਂ ਉਨ੍ਹਾਂ ਨੂੰ ਇਕ ਛੋਟੀ ਦੁਕਾਨ ਦਿੱਤੀ ਗਈ ਸੀ, ਜਿੱਥੇ ਉਹ ਮੁਸਲਿਮ ਧਾਰਮਿਕ ਪੁਸਤਕਾਂ ਸੰਬੰਧਿਤ ਸਾਹਿਤ ਅਤੇ ਮਸਜਿਦ 'ਚ ਵਰਤੀਆਂ ਜਾਣ ਵਾਲੀਆਂ ਹੋਰ ਧਾਰਮਿਕ ਵਸਤੂਆਂ ਵੇਚਦੇ ਸਨ।
ਸ਼ਿਕਾਇਤ ਅਨੁਸਾਰ ਬੀਤੇ ਦਿਨੀ ਰਾਤ ਗਲੀ 'ਚ ਅਚਾਨਕ ਰੌਲਾ ਸੁਣਾਈ ਦਿੱਤਾ। ਜਦੋਂ ਉਹ ਬਾਹਰ ਨਿਕਲੇ ਤਾਂ ਦੇਖਿਆ ਕਿ ਉਨ੍ਹਾਂ ਦੀ ਦੁਕਾਨ ਅੱਗ ਦੀਆਂ ਲਪਟਾਂ 'ਚ ਘਿਰੀ ਹੋਈ ਸੀ ਅਤੇ ਆਲੇ ਦੁਆਲੇ ਦੇ ਲੋਕ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਅੱਗ ਕਾਰਨ ਦੁਕਾਨ 'ਚ ਪਈਆਂ ਧਾਰਮਿਕ ਪੁਸਤਕਾਂ ਅਤੇ ਹੋਰ ਕੀਮਤੀ ਸਮੱਗਰੀ ਪੂਰੀ ਤਰ੍ਹਾਂ ਸੜ ਕੇ ਨਸ਼ਟ ਹੋ ਗਈ, ਜਿਸ ਨਾਲ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋਣ ਦੇ ਨਾਲ-ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਡੂੰਘੀ ਠੇਸ ਪਹੁੰਚੀ।
ਘਟਨਾ ਤੋਂ ਬਾਅਦ ਜਦੋਂ ਮਸਜਿਦ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਕਥਿਤ ਤੌਰ 'ਤੇ ਤਿੰਨ ਅਣਪਛਾਤੇ ਵਿਅਕਤੀ ਇੱਕ ਮੋਟਰਸਾਈਕਲ 'ਤੇ ਆਉਂਦੇ ਦਿਖਾਈ ਦਿੱਤੇ। ਸ਼ਿਕਾਇਤ ਮੁਤਾਬਕ ਉਨ੍ਹਾਂ ਨੇ ਦੁਕਾਨ 'ਤੇ ਜਲਣਸ਼ੀਲ ਪਦਾਰਥ ਛਿੜਕਿਆ ਅਤੇ ਦੁਕਾਨ ਨੂੰ ਅੱਗ ਲਗਾ ਕੇ ਮੌਕੇ ਤੋਂ ਫਰਾਰ ਹੋ ਗਏ। ਕੁਝ ਹੀ ਪਲਾਂ 'ਚ ਅੱਗ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਅੰਦਰ ਪਈਆਂ ਧਾਰਮਿਕ ਪੁਸਤਕਾਂ ਅਤੇ ਹੋਰ ਸਮਾਨ ਨਸ਼ਟ ਹੋ ਗਿਆ।
ਥਾਣਾ ਦਰੇਸੀ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 298, 299, 326(ਐੱਫ), 326(ਜੀ), 324(4) ਅਤੇ 3(5) ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਏਐੱਸਆਈ ਹਰਬੋਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।