- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲ ਦੀ ਖ਼ਰਾਬ ਸਲੈਬ ਦੀ ਸਮੇਂ ਸਿਰ ਮੁਰੰਮਤ ਕਰ ਦਿੱਤੀ ਜਾਂਦੀ ਤਾਂ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ। ਹੁਣ ਤਰੇੜਾਂ ਕਈ ਫੁੱਟ ਤੱਕ ਫੈਲ ਚੁੱਕੀਆਂ ਹਨ, ਜਿਸ ਨਾਲ ਵੱਡੇ ਹਾਦਸੇ ਦਾ ਖ਼ਤਰਾ ਬਣ ਗਿਆ ਹੈ।

ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ: ਦੁਆਬੇ ਅਤੇ ਮਾਲਵੇ ਨੂੰ ਜੋੜਨ ਵਾਲੇ ਖੰਨਾ-ਨਵਾਂਸ਼ਹਿਰ ਮਾਰਗ 'ਤੇ ਸਤਲੁਜ ਦਰਿਆ ਉੱਪਰ ਬਣੇ ਪੁਲ ਨੂੰ ਸੋਮਵਾਰ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਪੁਲ ਦੀ ਖਸਤਾ ਹਾਲਤ ਅਤੇ ਹਾਦਸੇ ਦੇ ਖ਼ਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ। ਫਿਲਹਾਲ ਕਾਰਾਂ ਅਤੇ ਹੋਰ ਹਲਕੇ ਵਾਹਨਾਂ ਦੀ ਆਵਾਜਾਈ ਜਾਰੀ ਰਹੇਗੀ।
ਲੰਬੇ ਸਮੇਂ ਤੋਂ ਪੁਲ ਦੀ ਟੁੱਟੀ ਸਲੈਬ ਅਤੇ ਖ਼ਰਾਬ ਹਾਲਤ ਬਾਰੇ ਪ੍ਰਸ਼ਾਸਨ ਦਾ ਧਿਆਨ ਦਿਵਾਇਆ ਜਾ ਰਿਹਾ ਸੀ। ਮਾਛੀਵਾੜਾ ਵਾਲੇ ਪਾਸੇ ਪੁਲ ਦੀ ਪਹਿਲੀ ਸਲੈਬ ਬੁਰੀ ਤਰ੍ਹਾਂ ਨੁਕਸਾਨੀ ਹੋ ਚੁੱਕੀ ਹੈ, ਜਿਸ ਕਾਰਨ ਪੈਦਲ ਲੰਘਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਸੀ। ਇਸ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਰੇਤੇ ਨਾਲ ਭਰੇ ਟਿੱਪਰਾਂ, ਟਰਾਲੀਆਂ ਅਤੇ ਹੋਰ ਭਾਰੀ ਵਾਹਨਾਂ ਦੇ ਲੰਘਣ 'ਤੇ ਤੁਰੰਤ ਪਾਬੰਦੀ ਲਾ ਦਿੱਤੀ।
ਰਾਹੋਂ ਵਾਲੇ ਪਾਸੇ ਪੁਲ ਦੇ ਮੁਹਾਣੇ 'ਤੇ ਪੁਲਿਸ ਨੇ ਨਾਕਾ ਲਗਾ ਕੇ ਬੈਰੀਕੇਡ ਲਾ ਦਿੱਤੇ ਹਨ। ਦੋਵਾਂ ਪਾਸਿਆਂ ਭਾਰੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਜਾਣਕਾਰੀ ਅਨੁਸਾਰ ਕਈ ਟਿੱਪਰ ਰੇਤ ਖੱਡਾਂ ਵਿੱਚ ਹੀ ਰੁਕੇ ਰਹੇ, ਜਦਕਿ ਕੁਝ ਖਾਲੀ ਵਾਪਸ ਮੁੜ ਗਏ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲ ਦੀ ਖ਼ਰਾਬ ਸਲੈਬ ਦੀ ਸਮੇਂ ਸਿਰ ਮੁਰੰਮਤ ਕਰ ਦਿੱਤੀ ਜਾਂਦੀ ਤਾਂ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ। ਹੁਣ ਤਰੇੜਾਂ ਕਈ ਫੁੱਟ ਤੱਕ ਫੈਲ ਚੁੱਕੀਆਂ ਹਨ, ਜਿਸ ਨਾਲ ਵੱਡੇ ਹਾਦਸੇ ਦਾ ਖ਼ਤਰਾ ਬਣ ਗਿਆ ਹੈ।
ਕੀ ਹੈ ਮੌਜੂਦਾ ਸਥਿਤੀ?
ਭਾਰੀ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ।
ਕਾਰਾਂ ਅਤੇ ਹਲਕੇ ਵਾਹਨਾਂ ਲਈ ਪੁਲ ਖੁੱਲ੍ਹਾ।
ਪੁਲਿਸ ਵੱਲੋਂ ਦੋਵਾਂ ਪਾਸਿਆਂ ਨਾਕਾਬੰਦੀ।
ਪੁਲ ਦੀ ਮੁਰੰਮਤ ਤੱਕ ਪਾਬੰਦੀ ਜਾਰੀ ਰਹਿਣ ਦੀ ਸੰਭਾਵਨਾ।