- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਐਸ.ਪੀ. ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ। 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਦੌਰ ਵਿੱਚ ਵੀ ਕੁੜੀਆਂ ਨਾਲ ਹੋ ਰਹੇ ਅਣਮਨੁੱਖੀ ਸਲੂਕ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਮਿਸਾਲ ਸਾਹਮਣੇ ਆਈ ਹੈ। ਇਕ ਨਾਬਾਲਿਗ ਲੜਕੀ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਬਚਪਨ ਵਿੱਚ ਉਸ ਦੇ ਪਿਤਾ ਨੇ ਵੇਚ ਦਿੱਤਾ ਸੀ ਅਤੇ ਬਾਅਦ ਵਿੱਚ ਕਈ ਵਾਰ ਉਸ ਦੀ ਖਰੀਦੋ-ਫ਼ਰੋਖ਼ਤ ਕੀਤੀ ਗਈ। ਆਖ਼ਰਕਾਰ ਉਸ ਦਾ ਜਬਰੀ ਵਿਆਹ ਕਰਵਾ ਕੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ।
ਹਰਿਆਣਾ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਔਰਤਾਂ ਸਮੇਤ ਅੱਠ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਲੁਧਿਆਣਾ ਦੇ ਜਮਾਲਪੁਰ ਥਾਣੇ ਨੂੰ ਭੇਜ ਦਿੱਤੀ ਹੈ। ਪੁਲਿਸ ਅਨੁਸਾਰ ਨਾਮਜ਼ਦ ਮੁਲਜ਼ਮਾਂ ਵਿੱਚ ਹਰਿਆਣਾ ਦੇ ਸੋਨੀਪਤ ਵਾਸੀ ਸਾਹਿਲ, ਉਸ ਦੇ ਪਿਤਾ ਸੁਭਾਸ਼, ਮਾਤਾ ਫੂਲਮਤੀ, ਭੈਣ ਮੀਨਾ ਅਤੇ ਡੱਬਵਾਲੀ ਵਾਸੀ ਹਰੀ ਰਾਮ, ਉਸ ਦੀ ਪਤਨੀ ਦਰਸ਼ਨਾ, ਪੁੱਤਰ ਵਿਕਾਸ ਅਤੇ ਨੂੰਹ ਰੇਖਾ ਸ਼ਾਮਲ ਹਨ।
ਦੋ ਸਾਲ ਦੀ ਉਮਰ ਵਿੱਚ ਹੀ ਵੇਚ ਦਿੱਤੀ ਗਈ
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਿਤਾ ਸ਼ਰਾਬ ਦਾ ਆਦੀ ਸੀ ਅਤੇ ਘਰ ਵਿੱਚ ਅਕਸਰ ਕਲੇਸ਼ ਰਹਿੰਦਾ ਸੀ। ਮਾਂ ਵੱਖ ਰਹਿਣ ਲੱਗੀ ਤਾਂ ਪਿਤਾ ਨੇ ਉਸ ਅਤੇ ਉਸ ਦੀ ਭੈਣ ਨੂੰ ਆਪਣੇ ਕੋਲ ਰੱਖ ਲਿਆ। ਪੀੜਤਾ ਦਾ ਦੋਸ਼ ਹੈ ਕਿ ਜਦੋਂ ਉਹ ਮਹਿਜ਼ ਦੋ ਸਾਲ ਦੀ ਸੀ ਤਾਂ ਪਿਤਾ ਨੇ ਉਸ ਨੂੰ ਡੱਬਵਾਲੀ ਦੇ ਇੱਕ ਪਰਿਵਾਰ ਨੂੰ ਵੇਚ ਦਿੱਤਾ। ਉਸ ਨੇ ਦੱਸਿਆ ਕਿ ਉੱਥੇ ਬਚਪਨ ਤੋਂ ਹੀ ਉਸ ਨਾਲ ਮਾੜਾ ਸਲੂਕ ਕੀਤਾ ਜਾਂਦਾ ਰਿਹਾ। ਬਾਅਦ ਵਿੱਚ ਉਸੇ ਪਰਿਵਾਰ ਨੇ ਉਸ ਨੂੰ ਕਿਸੇ ਹੋਰ ਪਰਿਵਾਰ ਨੂੰ ਵੇਚ ਦਿੱਤਾ। ਉਸ ਸਮੇਂ ਉਸ ਦੀ ਉਮਰ ਕਰੀਬ 16 ਸਾਲ ਸੀ।
ਜਬਰੀ ਵਿਆਹ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼
ਪੀੜਤਾ ਅਨੁਸਾਰ ਨਵੰਬਰ 2024 ਵਿੱਚ ਉਸ ਦਾ ਵਿਆਹ ਜਬਰਦਸਤੀ ਸਾਹਿਲ ਨਾਲ ਕਰਵਾ ਦਿੱਤਾ ਗਿਆ। ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਮਰਜ਼ੀ ਦੇ ਉਲਟ ਉਸ ਨਾਲ ਸਰੀਰਕ ਸਬੰਧ ਬਣਾਏ ਗਏ। ਕੁਝ ਸਮੇਂ ਬਾਅਦ ਸਾਹਿਲ ਅਤੇ ਉਸ ਦਾ ਪਰਿਵਾਰ ਲੁਧਿਆਣਾ ਦੇ ਜਮਾਲਪੁਰ ਇਲਾਕੇ ਵਿੱਚ ਆ ਕੇ ਰਹਿਣ ਲੱਗ ਪਿਆ, ਜਿੱਥੇ ਵੀ ਉਸ 'ਤੇ ਪਤੀ-ਪਤਨੀ ਵਾਂਗ ਰਹਿਣ ਲਈ ਦਬਾਅ ਬਣਾਇਆ ਜਾਂਦਾ ਰਿਹਾ।
ਮੌਕਾ ਮਿਲਣ 'ਤੇ ਮਾਂ ਕੋਲ ਪਹੁੰਚੀ
ਪੀੜਤਾ ਨੇ ਦੱਸਿਆ ਕਿ ਮਈ 2025 ਵਿੱਚ ਉਸ ਨੂੰ ਘਰ ਤੋਂ ਨਿਕਲਣ ਦਾ ਮੌਕਾ ਮਿਲਿਆ ਅਤੇ ਉਹ ਕਿਸੇ ਤਰ੍ਹਾਂ ਆਪਣੀ ਮਾਂ ਕੋਲ ਭਿਵਾਨੀ (ਹਰਿਆਣਾ) ਪਹੁੰਚ ਗਈ। ਇਸ ਦੌਰਾਨ ਉਹ ਗਰਭਵਤੀ ਹੋ ਚੁੱਕੀ ਸੀ ਅਤੇ ਬਾਅਦ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਮਾਂ ਕੋਲ ਪਹੁੰਚਣ ਤੋਂ ਬਾਅਦ ਵੀ ਸਾਹਿਲ ਅਤੇ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਵਾਪਸ ਭੇਜਣ ਲਈ ਦਬਾਅ ਬਣਾਇਆ ਜਾਂਦਾ ਰਿਹਾ। ਕਥਿਤ ਤੌਰ 'ਤੇ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚਿਆ।
ਪਾਕਸੋ ਅਤੇ ਬਾਲ ਵਿਆਹ ਕਾਨੂੰਨ ਤਹਿਤ ਕੇਸ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰਿਆਣਾ ਪੁਲਿਸ ਨੇ ਪਾਕਸੋ ਐਕਟ, ਬਾਲ ਵਿਆਹ ਰੋਕੂ ਕਾਨੂੰਨ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਜ਼ੀਰੋ ਐੱਫਆਈਆਰ ਦਰਜ ਕੀਤੀ। ਬਾਅਦ ਵਿੱਚ ਜਾਂਚ ਲਈ ਕੇਸ ਲੁਧਿਆਣਾ ਦੇ ਥਾਣਾ ਜਮਾਲਪੁਰ ਨੂੰ ਭੇਜ ਦਿੱਤਾ ਗਿਆ।
ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ
ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।