- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਈਕਲ ਅਤੇ ਹੋਜ਼ਰੀ ਉਦਯੋਗ ਲਈ ਦੇਸ਼ ਭਰ ਵਿੱਚ ਪਛਾਣ ਰੱਖਣ ਵਾਲੇ ਲੁਧਿਆਣਾ ਦੇ ਉਦਯੋਗਿਕ ਖੇਤਰਾਂ ਵਿੱਚ ਟੁੱਟੀਆਂ ਸੜਕਾਂ, ਜਾਮ ਸੀਵਰੇਜ, ਸੜਕਾਂ 'ਤੇ ਖੜ੍ਹਾ ਪਾਣੀ, ਖ਼ਰਾਬ ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਦੀ ਸਮੱਸਿਆ, ਨਾਜਾਇਜ਼ ਕਬਜ਼ੇ ਅਤੇ ਕੂੜੇ ਦੇ ਢੇਰ ਆਮ ਨਜ਼ਾਰਾ ਬਣੇ ਹੋਏ ਹਨ।

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੇ ਫੋਕਲ ਪੁਆਇੰਟ ਅਤੇ ਹੋਰ ਉਦਯੋਗਿਕ ਖੇਤਰ ਸੂਬੇ ਦੀ ਆਰਥਿਕਤਾ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ, ਪਰ ਇੱਥੇ ਕੰਮ ਕਰ ਰਹੇ ਸਨਅਤਕਾਰ ਅੱਜ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ। ਸਾਈਕਲ ਅਤੇ ਹੋਜ਼ਰੀ ਉਦਯੋਗ ਲਈ ਦੇਸ਼ ਭਰ ਵਿੱਚ ਪਛਾਣ ਰੱਖਣ ਵਾਲੇ ਲੁਧਿਆਣਾ ਦੇ ਉਦਯੋਗਿਕ ਖੇਤਰਾਂ ਵਿੱਚ ਟੁੱਟੀਆਂ ਸੜਕਾਂ, ਜਾਮ ਸੀਵਰੇਜ, ਸੜਕਾਂ 'ਤੇ ਖੜ੍ਹਾ ਪਾਣੀ, ਖ਼ਰਾਬ ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਦੀ ਸਮੱਸਿਆ, ਨਾਜਾਇਜ਼ ਕਬਜ਼ੇ ਅਤੇ ਕੂੜੇ ਦੇ ਢੇਰ ਆਮ ਨਜ਼ਾਰਾ ਬਣੇ ਹੋਏ ਹਨ।
ਫੋਕਲ ਪੁਆਇੰਟ ਦੇ ਕਈ ਫੇਜ਼ਾਂ, ਢੰਡਾਰੀ ਕਲਾਂ, ਢੰਡਾਰੀ ਖੁਰਦ ਅਤੇ ਇੰਡਸਟਰੀ ਏਰੀਆ-ਸੀ ਦੀਆਂ ਸੜਕਾਂ ਲੰਬੇ ਸਮੇਂ ਤੋਂ ਖਸਤਾ ਹਾਲ ਹਨ। ਮੀਂਹ ਦੌਰਾਨ ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਸਗੋਂ ਉਦਯੋਗਾਂ ਤੱਕ ਕੱਚਾ ਮਾਲ ਅਤੇ ਤਿਆਰ ਮਾਲ ਪਹੁੰਚਾਉਣ ਵਿੱਚ ਵੀ ਦਿੱਕਤ ਆਉਂਦੀ ਹੈ। ਸਨਅਤਕਾਰਾਂ ਦਾ ਕਹਿਣਾ ਹੈ ਕਿ ਜਾਮ ਸੀਵਰੇਜ ਕਾਰਨ ਗੰਦਾ ਅਤੇ ਬਦਬੂਦਾਰ ਪਾਣੀ ਸੜਕਾਂ 'ਤੇ ਖੜ੍ਹਾ ਰਹਿੰਦਾ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਕਰੋੜਾਂ ਦਾ ਟੈਕਸ ਦੇਣ ਦੇ ਬਾਵਜੂਦ ਨਹੀਂ ਮਿਲ ਰਹੀਆਂ ਸਹੂਲਤਾਂ: ਬੈਨੀਪਾਲ
ਫੋਕਲ ਪੁਆਇੰਟ ਫੇਜ਼-7 ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਉਦਯੋਗਪਤੀ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਅਦਾ ਕਰਦੇ ਹਨ, ਪਰ ਬਦਲੇ ਵਿੱਚ ਲੋੜੀਂਦੀਆਂ ਸਹੂਲਤਾਂ ਨਹੀਂ ਮਿਲਦੀਆਂ। ਉਨ੍ਹਾਂ ਦੱਸਿਆ ਕਿ ਸੀਵਰੇਜ ਜਾਮ ਰਹਿਣ ਕਾਰਨ ਸੜਕਾਂ 'ਤੇ ਪਾਣੀ ਖੜ੍ਹਾ ਰਹਿੰਦਾ ਹੈ, ਖਾਲਸਾ ਰੋਡ ਦਾ ਹਿੱਸਾ ਟੁੱਟਿਆ ਪਿਆ ਹੈ ਅਤੇ ਰਾਤ ਸਮੇਂ ਸਟਰੀਟ ਲਾਈਟਾਂ ਵੀ ਬੰਦ ਰਹਿੰਦੀਆਂ ਹਨ।
ਢੰਡਾਰੀ ਇਲਾਕੇ ਦੀਆਂ ਸੜਕਾਂ ਦੀ ਹਾਲਤ ਤਰਸਯੋਗ: ਮੱਕੜ
ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਯੂਸੀਪੀਐਮਏ ਦੇ ਸਕੱਤਰ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਮੀਂਹ ਪੈਣ ਤੋਂ ਬਾਅਦ ਟੁੱਟੀਆਂ ਸੜਕਾਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਨਾਲ ਉਦਯੋਗਿਕ ਗਤੀਵਿਧੀਆਂ ਪ੍ਰਭਾਵਿਤ ਹੁੰਦੀਆਂ ਹਨ। ਉਨ੍ਹਾਂ ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਜਲਦੀ ਸੜਕਾਂ ਦੀ ਮੁਰੰਮਤ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
ਵਰਲਡ ਬੈਂਕ ਪ੍ਰੋਜੈਕਟ ਨਾਲ ਹੋਰ ਵਧ ਸਕਦੀਆਂ ਹਨ ਮੁਸ਼ਕਿਲਾਂ
ਵਰਲਡ ਬੈਂਕ ਦੇ 24 ਘੰਟੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਾਲੇ ਪ੍ਰੋਜੈਕਟ ਤਹਿਤ ਫੋਕਲ ਪੁਆਇੰਟ ਅਤੇ ਹੋਰ ਉਦਯੋਗਿਕ ਖੇਤਰਾਂ ਵਿੱਚ ਪਾਈਪਾਂ ਵਿਛਾਉਣ ਲਈ ਸੜਕਾਂ ਪੁੱਟੀਆਂ ਜਾਣੀਆਂ ਹਨ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਜੇ ਪਾਈਪਾਂ ਸੜਕਾਂ ਦੇ ਵਿਚਕਾਰ ਪਾਉਣ ਦੀ ਬਜਾਏ ਨਾਲ ਲੱਗਦੀਆਂ ਕੱਚੀਆਂ ਥਾਵਾਂ ਤੋਂ ਵਿਛਾਈਆਂ ਜਾਣ ਤਾਂ ਸੜਕਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ ਅਤੇ ਉਦਯੋਗਾਂ ਨੂੰ ਵੀ ਘੱਟ ਦਿੱਕਤ ਆਵੇਗੀ।
ਮੁੱਦਿਆਂ ਦੇ ਹੱਲ ਲਈ ਹੋਵੇਗੀ ਉੱਚ ਪੱਧਰੀ ਮੀਟਿੰਗ: ਰੇਖੀ
ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਰੇਖੀ ਨੇ ਕਿਹਾ ਕਿ ਫੋਕਲ ਪੁਆਇੰਟ ਨਾਲ ਸਬੰਧਤ ਸੜਕਾਂ, ਸੀਵਰੇਜ, ਸਟਰੀਟ ਲਾਈਟਾਂ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਜਲਦੀ ਉੱਚ ਪੱਧਰੀ ਮੀਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਨਾਲ ਤਾਲਮੇਲ ਕਰਕੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।
ਮੀਂਹ ਤੋਂ ਬਾਅਦ ਫੋਕਲ ਪੁਆਇੰਟ ਦੀਆਂ ਸੜਕਾਂ ਦੀ ਹੋਵੇਗੀ ਮੁਰੰਮਤ: ਸਿੰਗਲਾ
ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਬੀ ਦੀ ਬੀ ਐਂਡ ਆਰ ਸ਼ਾਖਾ ਦੇ ਨਿਗਰਾਨ ਇੰਜੀਨੀਅਰ ਪ੍ਰਵੀਨ ਸਿੰਗਲਾ ਨੇ ਕਿਹਾ ਕਿ ਬਰਸਾਤੀ ਮੌਸਮ ਖਤਮ ਹੁੰਦੇ ਹੀ ਫੋਕਲ ਪੁਆਇੰਟ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋ ਸੜਕਾਂ ਨੂੰ ਲੁੱਕ (ਬਿਟੂਮਿਨ) ਅਤੇ ਤਿੰਨ ਸੜਕਾਂ ਨੂੰ ਆਰਐੱਮਸੀ ਨਾਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੀਂਹ ਤੋਂ ਬਾਅਦ ਫੋਕਲ ਪੁਆਇੰਟ ਦਾ ਵਿਸਥਾਰ ਨਾਲ ਸਰਵੇ ਕਰਵਾਇਆ ਜਾਵੇਗਾ ਅਤੇ ਜਿੱਥੇ ਵੀ ਸੜਕਾਂ ਖਰਾਬ ਮਿਲਣਗੀਆਂ, ਉੱਥੇ ਤੁਰੰਤ ਐਸਟੀਮੇਟ ਤਿਆਰ ਕਰਵਾ ਕੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ।