- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤਕਰਤਾ ਨੇ ਦੱਸਿਆ ਕਿ ਖੁਸ਼ੀ ਮਨਪ੍ਰੀਤ ਦੇ ਕੋਲ ਖੜ੍ਹੀ ਸੀ ਤੇ ਉਹ ਲਹੂ-ਲੁਹਾਨ ਹੋ ਕੇ ਪੌੜੀਆਂ 'ਚ ਡਿੱਗਿਆ ਹੋਇਆ ਸੀ। ਲੜਕੇ ਨੇ ਦੱਸਿਆ ਕਿ ਖੁਸ਼ੀ ਨੇ ਉਸਨੂੰ ਜਾਨੋ ਮਾਰ ਦੇਣ ਦੀ ਨੀਅਤ ਨਾਲ ਉਸਦੀ ਵੱਖੀ 'ਚ ਚਾਕੂ ਮਾਰੇ ਹਨ। ਬੁਰੀ ਤਰ੍ਹਾਂ ਲਹੂ ਲੁਹਾਨ ਹੋਏ ਮਨਪ੍ਰੀਤ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਹਰਿਆਣਾ ਦੇ ਯਮੁਨਾ ਨਗਰ ਦੀ ਰਹਿਣ ਵਾਲੀ ਲੜਕੀ ਨੇ ਆਪਣੇ ਬੁਆਏਫਰੈਂਡ ਦੀ ਵੱਖੀ 'ਚ ਚਾਕੂ ਨਾਲ ਵਾਰ ਕਰ ਕੇ ਉਸਨੂੰ ਗੰਭੀਰ ਰੂਪ 'ਚ ਫੱਟੜ ਕਰ ਦਿੱਤਾ। ਨੌਜਵਾਨ ਲਹੂ-ਲੁਹਾਨ ਹੋ ਕੇ ਪੀਜੀ ਦੀਆਂ ਪੌੜੀਆਂ 'ਚ ਡਿੱਗ ਪਿਆ। ਲੜਕੇ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਉਸਦੇ ਦੋਸਤ ਪੀਜੀ ਦੇ ਅੰਦਰ ਦਾਖਲ ਹੋਏ ਤੇ ਉਸਨੂੰ ਇਲਾਜ ਲਈ ਹਸਪਤਾਲ ਲੈ ਗਏ। ਇਸ ਮਾਮਲੇ 'ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਕੁਮਕਲਾਂ ਦੇ ਪਿੰਡ ਹੀਰਾਂ ਦੇ ਰਹਿਣ ਵਾਲੇ ਲਵਪ੍ਰੀਤ ਦੀ ਸ਼ਿਕਾਇਤ 'ਤੇ ਯਮੁਨਾ ਨਗਰ ਹਰਿਆਣਾ ਦੀ ਵਾਸੀ ਖੁਸ਼ੀ ਦੇ ਖਿਲਾਫ਼ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਮਲੇਸ਼ੀਆ ਤੋਂ ਆਏ ਆਪਣੇ ਦੋਸਤ ਮਨਪ੍ਰੀਤ ਸਿੰਘ ਨਾਲ ਕੁਹਾੜਾ 'ਚ ਇਕ ਬਰਥਡੇ ਪਾਰਟੀ 'ਤੇ ਗਏ ਸਨ। ਇਸੇ ਦੌਰਾਨ ਮਨਪ੍ਰੀਤ ਨੇ ਆਖਿਆ ਕਿ ਉਹ ਆਪਣੀ ਮਹਿਲਾ ਦੋਸਤ ਨੂੰ ਮਿਲਣ ਪਿੰਡ ਹੀਰਾਂ 'ਚ ਪੈਂਦੇ ਪੀਜੀ ਜਾ ਰਿਹਾ ਹੈ। ਦੋਸਤਾਂ ਨੇ ਕਾਰ 'ਚ ਬਿਠਾ ਕੇ ਰਾਤ 11:30 ਵਜੇ ਦੇ ਕਰੀਬ ਨੌਜਵਾਨ ਨੂੰ ਵਿਕਰਮਜੀਤ ਸਿੰਘ ਦੇ ਪੀਜੀ ਦੇ ਸਾਹਮਣੇ ਛੱਡ ਦਿੱਤਾ। ਕੁਝ ਦੇਰ ਲਈ ਨੌਜਵਾਨ ਪੀਜੀ ਸਾਹਮਣੇ ਹੀ ਖੜ੍ਹ ਗਏ। ਸ਼ਿਕਾਇਤਕਰਤਾ ਲਵਪ੍ਰੀਤ ਸਿੰਘ ਨੇ ਦੇਖਿਆ ਕਿ ਇਸੇ ਦੌਰਾਨ ਪੀਜੀ ਦੇ ਅੰਦਰੋਂ ਚੀਕਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਜਦੋਂ ਲੜਕੇ ਅੰਦਰ ਗਏ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਖੁਸ਼ੀ ਮਨਪ੍ਰੀਤ ਦੇ ਕੋਲ ਖੜ੍ਹੀ ਸੀ ਤੇ ਉਹ ਲਹੂ-ਲੁਹਾਨ ਹੋ ਕੇ ਪੌੜੀਆਂ 'ਚ ਡਿੱਗਿਆ ਹੋਇਆ ਸੀ। ਲੜਕੇ ਨੇ ਦੱਸਿਆ ਕਿ ਖੁਸ਼ੀ ਨੇ ਉਸਨੂੰ ਜਾਨੋ ਮਾਰ ਦੇਣ ਦੀ ਨੀਅਤ ਨਾਲ ਉਸਦੀ ਵੱਖੀ 'ਚ ਚਾਕੂ ਮਾਰੇ ਹਨ। ਬੁਰੀ ਤਰ੍ਹਾਂ ਲਹੂ ਲੁਹਾਨ ਹੋਏ ਮਨਪ੍ਰੀਤ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ।
ਉਧਰੋਂ, ਇਸ ਮਾਮਲੇ 'ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਯਮੁਨਾ ਨਗਰ ਦੀ ਰਹਿਣ ਵਾਲੀ ਖੁਸ਼ੀ ਖਿਲਾਫ਼ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਅਤੇ ਖੁਸ਼ੀ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਸਬੰਧ ਸਨ। ਕੁਝ ਸਮਾਂ ਪਹਿਲੋਂ ਹੀ ਮਨਪ੍ਰੀਤ ਮਲੇਸ਼ੀਆ ਤੋਂ ਵਾਪਸ ਆਇਆ। ਸ਼ਿਕਾਇਤਕਰਤਾ ਮੁਤਾਬਕ ਮਨਪ੍ਰੀਤ ਇਸ ਵੇਲੇ ਸੈਲੂਨ ਦਾ ਕੰਮ ਕਰ ਰਿਹਾ ਸੀ ਤੇ ਉਸ ਦਾ ਖੁਸ਼ੀ ਨਾਲ ਥੋੜ੍ਹਾ ਵਿਵਾਦ ਵੀ ਚੱਲ ਰਿਹਾ ਲੱਗਦਾ ਸੀ। ਫਿਲਹਾਲ ਇਸ ਮਾਮਲੇ 'ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਫਤੀਸ਼ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਲੜਕੀ ਦੀ ਤਲਾਸ਼ ਕਰਨ 'ਚ ਜੁਟੀ ਹੋਈ ਹੈ।