- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲੇ ਦੀ ਜਾਂਚ ਕਰ ਰਹੀ ਸੀਆਈਏ ਸਟਾਫ਼ ਨੇ ਵਿੱਤੀ ਰਿਕਾਰਡ, ਬਿਲਾਂ ਅਤੇ ਲੈਜ਼ਰ ਸਟੇਟਮੈਂਟਾਂ ਦੀ ਪੜਤਾਲ ਤੋਂ ਬਾਅਦ ਧੋਖਾਧੜੀ, ਅਪਰਾਧਿਕ ਭਰੋਸਾਘਾਤ, ਜਾਅਲਸਾਜ਼ੀ ਅਤੇ ਸਾਜ਼ਿਸ਼ ਦੇ ਮੁੱਢਲੇ ਸਬੂਤ ਮਿਲਣ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ 23 ਜੂਨ ਨੂੰ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੀ ਮਨਜ਼ੂਰੀ ਉਪਰੰਤ ਕੇਸ ਦਰਜ ਕੀਤਾ ਗਿਆ।

ਸੁਸ਼ੀਲ ਕੁਮਾਰ ਸ਼ਸ਼ੀ ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ 'ਚ ਕਥਿਤ ਜਾਅਲੀ ਜੀਐਸਟੀ ਬਿਲਿੰਗ, ਕਰੋੜਾਂ ਰੁਪਏ ਦੀ ਵਿੱਤੀ ਧੋਖਾਧੜੀ ਤੇ ਟੈਕਸ ਚੋਰੀ ਨਾਲ ਜੁੜੇ ਇਕ ਵੱਡੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਸਾਹਨੇਵਾਲ ਥਾਣਾ ਪੁਲਿਸ ਨੇ ਲੁਧਿਆਣਾ ਦੇ ਕਾਰੋਬਾਰੀ ਮਹੇਸ਼ ਗੁਪਤਾ ਤੇ ਉਸ ਦੇ ਪੁੱਤਰ ਪ੍ਰਿਯੰਕ ਗੁਪਤਾ ਖ਼ਿਲਾਫ਼ 5.65 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ, ਜਾਅਲੀ ਬਿਲ ਤਿਆਰ ਕਰਨ, ਜੀਐਸਟੀ ਦਾ ਗਲਤ ਲਾਭ ਲੈਣ, ਜਾਅਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਹੇਠ ਐਫਆਈਆਰ ਦਰਜ ਕੀਤੀ ਹੈ।
ਪੁਲਿਸ ਮੁਤਾਬਕ ਇਹ ਮਾਮਲਾ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਮਾਧਵ ਭਾਰਤੀ ਅਤੇ ਅਨਮੋਲ ਮਿੱਤਲ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਕਿ ਮਹੇਸ਼ ਗੁਪਤਾ ਅਤੇ ਪ੍ਰਿਯੰਕ ਗੁਪਤਾ ਨੇ ਇਕ ਬਰੋਕਰ ਰਾਹੀਂ ਤਿੰਨ ਵੱਖ-ਵੱਖ ਫਰਮਾਂ ਤੋਂ ਅਪ੍ਰੈਲ 2024 ਤੋਂ ਜਨਵਰੀ 2025 ਦਰਮਿਆਨ ਵੱਡੀ ਮਾਤਰਾ 'ਚ ਲੋਹੇ ਦਾ ਸਕ੍ਰੈਪ ਖਰੀਦਿਆ, ਪਰ ਕਰੋੜਾਂ ਰੁਪਏ ਦੀ ਅਦਾਇਗੀ ਜਾਣਬੁੱਝ ਕੇ ਨਹੀਂ ਕੀਤੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵਾਂ ਮੁਲਜ਼ਮਾਂ ਨੇ 5 ਕਰੋੜ 65 ਲੱਖ 27 ਹਜ਼ਾਰ 592 ਰੁਪਏ ਦੀ ਰਕਮ ਬਕਾਇਆ ਰੱਖੀ। ਪੁਲਿਸ ਦਾ ਕਹਿਣਾ ਹੈ ਕਿ ਇਹ ਸਿਰਫ਼ ਵਿੱਤੀ ਧੋਖਾਧੜੀ ਦਾ ਮਾਮਲਾ ਨਹੀਂ, ਸਗੋਂ ਇਸ ਨਾਲ ਫਰਜ਼ੀ ਜੀਐਸਟੀ ਬਿਲਿੰਗ ਦਾ ਗੰਭੀਰ ਪੱਖ ਵੀ ਜੁੜਿਆ ਹੋਇਆ ਹੈ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਅਸਲ ਸਪਲਾਈ ਤੋਂ ਵੱਧ ਮੁੱਲ ਦੇ ਕਥਿਤ ਜਾਅਲੀ ਬਿਲ ਤਿਆਰ ਕਰ ਕੇ ਲੈਣ-ਦੇਣ ਨੂੰ ਵਧਾ-ਚੜ੍ਹਾ ਕੇ ਦਰਸਾਇਆ ਅਤੇ ਉਨ੍ਹਾਂ ਦੇ ਆਧਾਰ 'ਤੇ ਗੈਰਕਾਨੂੰਨੀ ਢੰਗ ਨਾਲ ਜੀਐਸਟੀ ਲਾਭ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਕਾਇਤਕਰਤਾਵਾਂ ਵੱਲੋਂ ਦਿੱਤੇ ਗਏ ਬਿਲਾਂ, ਲੈਜ਼ਰ ਸਟੇਟਮੈਂਟਾਂ ਅਤੇ ਹੋਰ ਵਿੱਤੀ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਅਸਲ ਸਪਲਾਈ ਅਤੇ ਤਿਆਰ ਕੀਤੇ ਗਏ ਬਿਲਾਂ ਵਿੱਚ ਵੱਡਾ ਫਰਕ ਸਾਹਮਣੇ ਆਇਆ।
ਸ਼ਿਕਾਇਤ 'ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਜਦੋਂ ਬਕਾਇਆ ਰਕਮ ਦੀ ਮੰਗ ਕੀਤੀ ਗਈ ਤਾਂ ਮੁਲਜ਼ਮਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਮਾਮਲੇ ਦੀ ਜਾਂਚ ਕਰ ਰਹੀ ਸੀਆਈਏ ਸਟਾਫ਼ ਨੇ ਵਿੱਤੀ ਰਿਕਾਰਡ, ਬਿਲਾਂ ਅਤੇ ਲੈਜ਼ਰ ਸਟੇਟਮੈਂਟਾਂ ਦੀ ਪੜਤਾਲ ਤੋਂ ਬਾਅਦ ਧੋਖਾਧੜੀ, ਅਪਰਾਧਿਕ ਭਰੋਸਾਘਾਤ, ਜਾਅਲਸਾਜ਼ੀ ਅਤੇ ਸਾਜ਼ਿਸ਼ ਦੇ ਮੁੱਢਲੇ ਸਬੂਤ ਮਿਲਣ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ 23 ਜੂਨ ਨੂੰ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੀ ਮਨਜ਼ੂਰੀ ਉਪਰੰਤ ਕੇਸ ਦਰਜ ਕੀਤਾ ਗਿਆ।
ਸਾਹਨੇਵਾਲ ਥਾਣੇ ਦੇ ਐਸਐਚਓ ਸਬ-ਇੰਸਪੈਕਟਰ ਦਲਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 316(2), 318(4), 336(3), 340(2) ਅਤੇ 61(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਰਜ਼ੀ ਜੀਐਸਟੀ ਬਿਲਿੰਗ ਦੇ ਪੂਰੇ ਨੈੱਟਵਰਕ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ 'ਤੇ ਹੋਰ ਧਾਰਾਵਾਂ ਵੀ ਜੋੜੀਆਂ ਜਾ ਸਕਦੀਆਂ ਹਨ।