- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮਾਮਲੇ ਵਿੱਚ ਜਮਾਲਪੁਰ ਥਾਣਾ, ਲੁਧਿਆਣਾ ਪੁਲਿਸ ਵੱਲੋਂ ਪੰਜ ਕਾਰੋਬਾਰੀਆਂ ਖ਼ਿਲਾਫ਼ ਧੋਖਾਧੜੀ, ਸਾਜ਼ਿਸ਼ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਈਡੀ ਦੇ ਸਹਾਇਕ ਡਾਇਰੈਕਟਰ ਸੂਰਜ ਕੁਮਾਰ ਯਾਦਵ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਨਾਮਜ਼ਦ ਮੁਲਜ਼ਮਾਂ ਦੀ ਪਛਾਣ ਮੰਡੀ ਗੋਬਿੰਦਗੜ੍ਹ ਦੇ ਅਮਿਤ ਕੁਮਾਰ ਗੋਇਲ, ਮਨੀਸ਼ ਕੁਮਾਰ, ਗੌਰਵ ਅਗਰਵਾਲ, ਬਲਵੰਤ ਸਿੰਘ ਅਤੇ ਅਮਲੋਹ ਦੇ ਗੁਰਦੀਪ ਸਿੰਘ ਵਜੋਂ ਹੋਈ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਦੀ ਲੋਹਾ ਮੰਡੀ ਵਜੋਂ ਜਾਣੀ ਜਾਂਦੀ ਮੰਡੀ ਗੋਬਿੰਦਗੜ੍ਹ ਇੱਕ ਵਾਰ ਫਿਰ ਕਰੋੜਾਂ ਰੁਪਏ ਦੇ ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਦੇ ਵੱਡੇ ਘੁਟਾਲੇ ਕਾਰਨ ਚਰਚਾ ਵਿੱਚ ਆ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਨਵੀਂ ਦਿੱਲੀ ਦੀ ਜਾਂਚ ਦੌਰਾਨ 3,089.57 ਕਰੋੜ ਰੁਪਏ ਦੇ ਸ਼ੱਕੀ ਵਿੱਤੀ ਲੈਣ-ਦੇਣ, ਫਰਜ਼ੀ ਜੀਐਸਟੀ ਬਿਲਿੰਗ ਅਤੇ ਨਕਦੀ ਨਿਕਾਸੀ ਦੇ ਵੱਡੇ ਰੈਕਟ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ ਵਿੱਚ ਜਮਾਲਪੁਰ ਥਾਣਾ, ਲੁਧਿਆਣਾ ਪੁਲਿਸ ਵੱਲੋਂ ਪੰਜ ਕਾਰੋਬਾਰੀਆਂ ਖ਼ਿਲਾਫ਼ ਧੋਖਾਧੜੀ, ਸਾਜ਼ਿਸ਼ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਈਡੀ ਦੇ ਸਹਾਇਕ ਡਾਇਰੈਕਟਰ ਸੂਰਜ ਕੁਮਾਰ ਯਾਦਵ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਨਾਮਜ਼ਦ ਮੁਲਜ਼ਮਾਂ ਦੀ ਪਛਾਣ ਮੰਡੀ ਗੋਬਿੰਦਗੜ੍ਹ ਦੇ ਅਮਿਤ ਕੁਮਾਰ ਗੋਇਲ, ਮਨੀਸ਼ ਕੁਮਾਰ, ਗੌਰਵ ਅਗਰਵਾਲ, ਬਲਵੰਤ ਸਿੰਘ ਅਤੇ ਅਮਲੋਹ ਦੇ ਗੁਰਦੀਪ ਸਿੰਘ ਵਜੋਂ ਹੋਈ ਹੈ।
ਈਡੀ ਅਨੁਸਾਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਇੱਕੋ ਪਤੇ, ਮੋਬਾਈਲ ਨੰਬਰਾਂ ਅਤੇ ਈ-ਮੇਲ ਆਈਡੀ ਦੀ ਵਰਤੋਂ ਕਰ ਕੇ ਕਈ ਜਾਅਲੀ ਕੰਪਨੀਆਂ ਖੜ੍ਹੀਆਂ ਕੀਤੀਆਂ ਗਈਆਂ ਸਨ। ਇਨ੍ਹਾਂ ਫਰਮਾਂ ਰਾਹੀਂ ਵੱਡੀ ਰਕਮ ਦੀ ਲੇਅਰਿੰਗ ਕਰਕੇ ਫਰਜ਼ੀ ਜੀਐਸਟੀ ਇਨਵੌਇਸ ਜਾਰੀ ਕੀਤੇ ਜਾਂਦੇ ਸਨ ਅਤੇ ਬਾਅਦ ਵਿੱਚ ਰਕਮ ਨੂੰ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਘੁਮਾ ਕੇ ਏਪੀਐਮਸੀ (ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ) ਦੇ ਖਾਤਿਆਂ ਵਿੱਚ ਭੇਜਿਆ ਜਾਂਦਾ ਸੀ। ਉਥੋਂ ਨਕਦੀ ਕਢਵਾ ਕੇ ਪੂਰੇ ਲੈਣ-ਦੇਣ ਨੂੰ ਕਾਨੂੰਨੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਆਮਦਨ ਕਰ ਕਾਨੂੰਨ ਦੀ ਧਾਰਾ 194-ਐਨ ਤਹਿਤ ਲਾਗੂ ਟੀਡੀਐਸ ਅਤੇ ਨਕਦੀ ਨਿਕਾਸੀ ਸੀਮਾਵਾਂ ਤੋਂ ਬਚਣ ਲਈ ਏਪੀਐਮਸੀ ਖਾਤਿਆਂ ਦੀ ਵਰਤੋਂ ਕੀਤੀ। ਈਡੀ ਵੱਲੋਂ ਖੰਗਾਲੇ ਗਏ ਬੈਂਕ ਰਿਕਾਰਡਾਂ ਅਨੁਸਾਰ ਆਈਡੀਐਫਸੀ ਫਸਟ ਬੈਂਕ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਖੋਲ੍ਹੇ ਗਏ 25 ਖਾਤਿਆਂ ਰਾਹੀਂ ਹਜ਼ਾਰਾਂ ਕਰੋੜ ਰੁਪਏ ਦੀ ਨਕਦੀ ਕੱਢੀ ਗਈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਡਾਇਰੈਕਟੋਰੇਟ ਜਨਰਲ ਆਫ਼ ਜੀਐਸਟੀ ਇੰਟੈਲੀਜੈਂਸ ਦੀ ਲੁਧਿਆਣਾ ਜ਼ੋਨਲ ਯੂਨਿਟ ਪਹਿਲਾਂ ਹੀ ਅਮਿਤ ਕੁਮਾਰ ਗੋਇਲ ਅਤੇ ਉਸ ਦੇ ਭਰਾ ਮਨੀਸ਼ ਕੁਮਾਰ ਦੀਆਂ ਗਤੀਵਿਧੀਆਂ ਦੀ ਜਾਂਚ ਕਰ ਰਹੀ ਸੀ। ਡੀਜੀਜੀਆਈ ਦੀ ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਦੋਵਾਂ ਭਰਾਵਾਂ ਨੇ ਗੌਰਵ ਅਗਰਵਾਲ ਨਾਲ ਮਿਲ ਕੇ 27 ਜਾਅਲੀ ਅਤੇ ਬੋਗਸ ਫਰਮਾਂ ਬਣਾਈਆਂ ਸਨ, ਜਿਨ੍ਹਾਂ ਦੀ ਵਰਤੋਂ ਫਰਜ਼ੀ ਬਿਲਿੰਗ ਅਤੇ ਇਨਪੁੱਟ ਟੈਕਸ ਕ੍ਰੈਡਿਟ (ਆਈਟੀਸੀ) ਹਾਸਲ ਕਰਨ ਲਈ ਕੀਤੀ ਜਾਂਦੀ ਸੀ।
ਜਾਂਚ ਅਨੁਸਾਰ ਇਨ੍ਹਾਂ ਫਰਮਾਂ ਨੇ ਕਰੀਬ 720.97 ਕਰੋੜ ਰੁਪਏ ਦੀ ਫਰਜ਼ੀ ਬਿਲਿੰਗ ਕਰਕੇ 108.49 ਕਰੋੜ ਰੁਪਏ ਦਾ ਜਾਅਲੀ ਆਈਟੀਸੀ ਤਿਆਰ ਕੀਤਾ ਅਤੇ ਅੱਗੇ ਪਾਸ ਕੀਤਾ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਝੱਲਣਾ ਪਿਆ।
ਡੀਜੀਜੀਆਈ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ 54 ਚੈੱਕ ਬੁੱਕਾਂ, 46 ਏਟੀਐਮ ਕਾਰਡ, 5 ਵੋਟਰ ਕਾਰਡ, 11 ਪੈਨ ਕਾਰਡ, 7 ਮੋਹਰਾਂ, ਕਈ ਮੋਬਾਈਲ ਫੋਨ, ਹਾਰਡ ਡਿਸਕਾਂ, ਲੈਪਟਾਪ ਅਤੇ ਹੋਰ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਸਨ। ਇਹ ਸਾਰਾ ਸਾਮਾਨ ਇਸ ਗੱਲ ਦਾ ਸਬੂਤ ਸੀ ਕਿ ਮੁਲਜ਼ਮ ਹੋਰ ਲੋਕਾਂ ਦੇ ਪਛਾਣ ਪੱਤਰਾਂ ਦੀ ਦੁਰਵਰਤੋਂ ਕਰਕੇ ਡਮੀ ਫਰਮਾਂ ਚਲਾ ਰਹੇ ਸਨ। ਡੀਜੀਜੀਆਈ ਨੇ 9 ਅਕਤੂਬਰ 2024 ਨੂੰ ਅਮਿਤ ਕੁਮਾਰ ਗੋਇਲ ਅਤੇ ਮਨੀਸ਼ ਕੁਮਾਰ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਹਾਲਾਂਕਿ ਦੋਵੇਂ ਮੁਲਜ਼ਮ 28 ਜੁਲਾਈ 2025 ਨੂੰ ਨਿਯਮਤ ਜ਼ਮਾਨਤ ’ਤੇ ਰਿਹਾਅ ਹੋ ਗਏ ਸਨ।
ਈਡੀ ਦੀ ਮੌਜੂਦਾ ਜਾਂਚ ਦੌਰਾਨ ਮੋਬਾਈਲ ਫੋਨਾਂ ਅਤੇ ਹੋਰ ਡਿਜ਼ੀਟਲ ਉਪਕਰਣਾਂ ਦਾ ਡਾਟਾ ਖੰਗਾਲਣ ’ਤੇ ਸਾਹਮਣੇ ਆਇਆ ਕਿ ਅਮਿਤ ਕੁਮਾਰ ਗੋਇਲ ਨੇ 27 ਫਰਮਾਂ ਵਿੱਚੋਂ ਦੋ ਫਰਮਾਂ ਆਪਣੇ ਪੈਨ ਕਾਰਡ ’ਤੇ ਬਣਾਈਆਂ, ਜਦਕਿ ਬਾਕੀ 25 ਫਰਮਾਂ ਗਰੀਬ ਅਤੇ ਲੋੜਵੰਦ ਲੋਕਾਂ ਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਕੇ ਖੋਲ੍ਹੀਆਂ ਗਈਆਂ ਸਨ। ਕਈ ਫਰਮਾਂ ਇੱਕੋ ਈ-ਮੇਲ ਆਈਡੀ ਅਤੇ ਮੋਬਾਈਲ ਨੰਬਰ ਨਾਲ ਰਜਿਸਟਰ ਕੀਤੀਆਂ ਗਈਆਂ ਸਨ, ਜਿਸ ਨਾਲ ਪੂਰੇ ਨੈੱਟਵਰਕ ਦਾ ਖੁਲਾਸਾ ਹੋਇਆ।
---
ਇਸ ਤਰ੍ਹਾਂ ਚੱਲਦਾ ਸੀ ਕਰੋੜਾਂ ਦਾ ਰੈਕਟ
ਜਾਂਚ ਏਜੰਸੀਆਂ ਮੁਤਾਬਕ 27 ਬੋਗਸ ਫਰਮਾਂ ਵੱਲੋਂ ਫਰਜ਼ੀ ਜੀਐਸਟੀ ਇਨਵੌਇਸ ਜਾਰੀ ਕੀਤੇ ਜਾਂਦੇ ਸਨ। ਇਨ੍ਹਾਂ ਇਨਵੌਇਸਾਂ ਦੇ ਬਦਲੇ ਆਰਟੀਜੀਐਸ ਰਾਹੀਂ ਰਕਮ ਜਾਅਲੀ ਫਰਮਾਂ ਦੇ ਖਾਤਿਆਂ ਵਿੱਚ ਭੇਜੀ ਜਾਂਦੀ ਸੀ। ਬਾਅਦ ਵਿੱਚ ਇਹ ਰਕਮ ਏਪੀਐਮਸੀ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਜਾਂਦੀ ਸੀ, ਜਿੱਥੋਂ ਨਕਦੀ ਕੱਢ ਕੇ ਅਸਲ ਲਾਭਪਾਤਰੀਆਂ ਨੂੰ ਕਮਿਸ਼ਨ ਕੱਟ ਕੇ ਵਾਪਸ ਦੇ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਫਰਜ਼ੀ ਆਈਟੀਸੀ ਬਣਾਉਣ, ਟੈਕਸ ਚੋਰੀ ਕਰਨ ਅਤੇ ਕਾਲੇ ਧਨ ਨੂੰ ਸਫੈਦ ਕਰਨ ਦਾ ਪੂਰਾ ਨੈੱਟਵਰਕ ਚਲਾਇਆ ਜਾ ਰਿਹਾ ਸੀ।
---
ਮੰਡੀ ਗੋਬਿੰਦਗੜ੍ਹ ’ਚ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਅਜਿਹੇ ਮਾਮਲੇ
ਮੰਡੀ ਗੋਬਿੰਦਗੜ੍ਹ ਵਿੱਚ ਫਰਜ਼ੀ ਜੀਐਸਟੀ ਬਿਲਿੰਗ ਅਤੇ ਸ਼ੈੱਲ ਕੰਪਨੀਆਂ ਰਾਹੀਂ ਟੈਕਸ ਚੋਰੀ ਦੇ ਮਾਮਲੇ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੇ ਹਨ। ਜੀਐਸਟੀ, ਸੀਜੀਐਸਟੀ, ਡੀਜੀਜੀਆਈ ਅਤੇ ਹੋਰ ਕੇਂਦਰੀ ਏਜੰਸੀਆਂ ਵੱਲੋਂ ਸਮੇਂ-ਸਮੇਂ ’ਤੇ ਅਜਿਹੇ ਰੈਕਟਾਂ ਦਾ ਪਰਦਾਫਾਸ਼ ਕੀਤਾ ਜਾਂਦਾ ਰਿਹਾ ਹੈ। ਮੌਜੂਦਾ ਮਾਮਲਾ ਹੁਣ ਤੱਕ ਦੇ ਸਭ ਤੋਂ ਵੱਡੇ ਘੁਟਾਲਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਤੇ ਈਡੀ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।