- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੀਬ 10 ਦਿਨ ਪਹਿਲਾਂ ਚੰਡੀਗੜ੍ਹ ਦੇ ਰਹਿਣ ਵਾਲੇ ਗੁਰਦੇਵ ਸਿੰਘ ਨੇ ਇਹ ਗੱਡੀ 6,000 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਕਿਰਾਏ ’ਤੇ ਲਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬਾਅਦ ਵਿੱਚ ਮੁਲਜ਼ਮਾਂ ਨੇ ਗੁਰਦੇਵ ਸਿੰਘ ਨੂੰ 5.5 ਲੱਖ ਰੁਪਏ ਸੁਰੱਖਿਆ ਰਕਮ ਦੇਣ ਦਾ ਭਰੋਸਾ ਦੇ ਕੇ ਇਹ ਗੱਡੀ ਆਪਣੇ ਕਬਜ਼ੇ ’ਚ ਲੈ ਲਈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ 'ਚ ਕਿਰਾਏ ’ਤੇ ਲਈ ਗਈ ਇਕ ਲਗਜ਼ਰੀ ਟੋਇਟਾ ਫਾਰਚੂਨਰ ਨੂੰ ਹੜੱਪਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ- 5 ਦੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਕ ਬਰਖ਼ਾਸਤ ਪੰਜਾਬ ਪੁਲਿਸ ਮੁਲਾਜ਼ਮ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਦੋ ਨਾਜਾਇਜ਼ ਹਥਿਆਰ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਹਾਲਾਂਕਿ ਇਸ ਕਾਰਵਾਈ ਤੋਂ ਕੁਝ ਹੀ ਘੰਟਿਆਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਇਕ ਮੁਲਜ਼ਮ ਸਿਵਲ ਹਸਪਤਾਲ 'ਚੋਂ ਮੈਡੀਕਲ ਦੌਰਾਨ ਪੁਲਿਸ ਦੀ ਗ੍ਰਿਫ਼ਤ ’ਚੋਂ ਫ਼ਰਾਰ ਹੋ ਗਿਆ।
ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਵਿਕਾਸ ਅਤੇ ਪਰਵਿੰਦਰ ਸਿੰਘ ਵਾਸੀ ਫਿਰੋਜ਼ਪੁਰ ਅਤੇ ਵਿਪਨ ਵਾਸੀ ਸੰਤ ਨਗਰ ਵਜੋਂ ਹੋਈ ਹੈ। ਤਿੰਨਾਂ ਨੂੰ ਲੁਧਿਆਣਾ ਬੱਸ ਸਟੈਂਡ ਨੇੜੇ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਟੋਇਟਾ ਫਾਰਚੂਨਰ 'ਚ ਸਵਾਰ ਸਨ। ਤਲਾਸ਼ੀ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਇੱਕ .32 ਬੋਰ ਪਿਸਤੌਲ, ਛੇ ਜ਼ਿੰਦਾ ਕਾਰਤੂਸ ਅਤੇ ਇਕ .32 ਬੋਰ ਰਿਵਾਲਵਰ, ਜਿਸ ਵਿਚ ਵੀ ਛੇ ਕਾਰਤੂਸ ਲੋਡ ਸਨ, ਬਰਾਮਦ ਕੀਤੇ। ਸਿਵਲ ਲਾਈਨਜ਼ ਦੇ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਗੱਡੀ ਇਕ ਕਾਰ ਰੈਂਟਲ ਕੰਪਨੀ ਦੀ ਮਲਕੀਅਤ ਹੈ। ਕਰੀਬ 10 ਦਿਨ ਪਹਿਲਾਂ ਚੰਡੀਗੜ੍ਹ ਦੇ ਰਹਿਣ ਵਾਲੇ ਗੁਰਦੇਵ ਸਿੰਘ ਨੇ ਇਹ ਗੱਡੀ 6,000 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਕਿਰਾਏ ’ਤੇ ਲਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬਾਅਦ 'ਚ ਮੁਲਜ਼ਮਾਂ ਨੇ ਗੁਰਦੇਵ ਸਿੰਘ ਨੂੰ 5.5 ਲੱਖ ਰੁਪਏ ਸੁਰੱਖਿਆ ਰਕਮ ਦੇਣ ਦਾ ਭਰੋਸਾ ਦੇ ਕੇ ਇਹ ਗੱਡੀ ਆਪਣੇ ਕਬਜ਼ੇ ’ਚ ਲੈ ਲਈ।
ਏਸੀਪੀ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਕਾਸ ਪਹਿਲਾਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ, ਪਰ ਇੱਕ ਅਪਰਾਧਿਕ ਮਾਮਲੇ 'ਚ ਨਾਮ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਮੁਲਜ਼ਮ ਵਿਪਨ ਨੂੰ ਬੁੱਧਵਾਰ ਦੁਪਹਿਰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਮੈਡੀਕਲ ਜਾਂਚ ਦੌਰਾਨ ਉਹ ਪੁਲਿਸ ਮੁਲਾਜ਼ਮਾਂ ਨੂੰ ਝਕਾਨੀ ਦੇ ਕੇ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਐੱਸਐੱਚਓ ਇੰਸਪੈਕਟਰ ਹਮਰਾਜ ਸਿੰਘ ਨੇ ਮੁਲਜ਼ਮ ਦੇ ਫਰਾਰ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-2 ਵਿੱਚ ਵੱਖਰਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਮੁਲਜ਼ਮਾਂ ਨੇ ਗੱਡੀ ਦੀ ਅਸਲ ਪਛਾਣ ਲੁਕਾਉਣ ਲਈ ਉਸ ਦੀ ਰਜਿਸਟ੍ਰੇਸ਼ਨ ਨੰਬਰ ਪਲੇਟ ਬਦਲ ਦਿੱਤੀ ਸੀ। ਇੰਨਾ ਹੀ ਨਹੀਂ, ਉਨ੍ਹਾਂ ਵਾਹਨ ਵਿੱਚ ਲੱਗੇ ਕਈ ਗੁਪਤ ਜੀਪੀਐਸ ਟਰੈਕਰ ਵੀ ਹਟਾ ਦਿੱਤੇ ਸਨ ਤਾਂ ਜੋ ਗੱਡੀ ਦੀ ਲੋਕੇਸ਼ਨ ਦਾ ਪਤਾ ਨਾ ਲੱਗ ਸਕੇ। ਪਰ ਇੱਕ ਜੀਪੀਐਸ ਟਰੈਕਰ ਉਨ੍ਹਾਂ ਦੀ ਨਜ਼ਰ ਤੋਂ ਬਚ ਗਿਆ, ਜੋ ਲਗਾਤਾਰ ਕੰਮ ਕਰਦਾ ਰਿਹਾ। ਇਸੇ ਟਰੈਕਰ ਦੀ ਮਦਦ ਨਾਲ ਕਾਰ ਰੈਂਟਲ ਕੰਪਨੀ ਨੂੰ ਗੱਡੀ ਦੀ ਅਸਲ ਲੋਕੇਸ਼ਨ ਬਾਰੇ ਜਾਣਕਾਰੀ ਮਿਲਦੀ ਰਹੀ। ਜਾਣਕਾਰੀ ਮਿਲਣ ’ਤੇ ਲੁਧਿਆਣਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੱਡੀ ਦਾ ਪਿੱਛਾ ਕੀਤਾ ਅਤੇ ਬੱਸ ਸਟੈਂਡ ਨੇੜੇ ਨਾਕਾਬੰਦੀ ਕਰਕੇ ਵਾਹਨ ਨੂੰ ਰੋਕ ਲਿਆ। ਇਸ ਦੌਰਾਨ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।