- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਕਰਮਦੀਪ ਸਿੰਘ ਪੇਸ਼ੇ ਵੱਜੋਂ ਆਰਕੀਟੈਕਟ ਸੀ। ਉਹ ਕੁਝ ਸਮਾਂ ਵਿਦੇਸ਼ ਲਗਾ ਕੇ ਵੀ ਆਇਆ ਸੀ ਤੇ ਖੰਨਾ ’ਚ ਆਰਕੀਟੈਕਟ ਵੱਜੋਂ ਆਪਣਾ ਕਾਰੋਬਾਰ ਵੀ ਕਰਦਾ ਸੀ। ਥਾਣਾ ਸਦਰ ਖੰਨਾ ਦੀ ਪੁਲਿਸ ਵੱਲੋਂ ਮ੍ਰਿਤਕ ਇੰਜ. ਗੁਰਕਰਮਦੀਪ ਸਿੰਘ ਦੀ ਮਾਤਾ ਛਿੰਦਰਪਾਲ ਕੌਰ ਦੇ ਬਿਆਨਾਂ ’ਤੇ ਨਵਜੋਤ ਕੌਰ ਉਰਫ਼ ਦੀਪ ਪਤਨੀ ਦਵਿੰਦਰ ਸਿੰਘ ਵਾਸੀ ਪਿੰਡ ਬੂਥਗੜ੍ਹ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਪਿੰਡ ਬੂਥਗੜ੍ਹ ’ਚ ਇਕ ਨਵ-ਵਿਆਹੇ ਜੋੜੇ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਦੇ ਦੋਸ਼ਾਂ ਮੁਤਾਬਕ ਪਿੰਡ ਦੀ ਇੱਕ ਔਰਤ ਵੱਲੋਂ ਬਲੈਕਮੇਲਿੰਗ ਤੇ ਮਾਨਸਿਕ ਤੰਗ-ਪਰੇਸ਼ਾਨੀ ਕਾਰਨ ਪਹਿਲਾਂ ਨੌਜਵਾਨ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਜਦਕਿ ਕੁਝ ਸਮੇਂ ਬਾਅਦ ਪਤੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਣ ਕਾਰਨ ਉਸ ਦੀ ਪਤਨੀ ਨੇ ਵੀ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾਂ ਦੀ ਪਛਾਣ ਪਿੰਡ ਬੂਥਗੜ੍ਹ ਦੇ ਰਹਿਣ ਵਾਲੇ ਇੰਜ. ਗੁਰਕਰਮਦੀਪ ਸਿੰਘ ਭੱਟੀ (31) ਤੇ ਉਸਦੀ ਪਤਨੀ ਜੈਸਮੀਨ ਨਾਗਰਾ (23) ਵਜੋਂ ਹੋਈ ਹੈ। ਦੋਵਾਂ ਦਾ ਕਰੀਬ ਚਾਰ ਮਹੀਨੇ ਪਹਿਲਾਂ ਹੀ ਪ੍ਰੇਮ ਵਿਆਹ ਹੋਇਆ ਸੀ। ਗੁਰਕਰਮਦੀਪ ਸਿੰਘ ਪੇਸ਼ੇ ਵੱਜੋਂ ਆਰਕੀਟੈਕਟ ਸੀ। ਉਹ ਕੁਝ ਸਮਾਂ ਵਿਦੇਸ਼ ਲਗਾ ਕੇ ਵੀ ਆਇਆ ਸੀ ਤੇ ਖੰਨਾ ’ਚ ਆਰਕੀਟੈਕਟ ਵੱਜੋਂ ਆਪਣਾ ਕਾਰੋਬਾਰ ਵੀ ਕਰਦਾ ਸੀ। ਥਾਣਾ ਸਦਰ ਖੰਨਾ ਦੀ ਪੁਲਿਸ ਵੱਲੋਂ ਮ੍ਰਿਤਕ ਇੰਜ. ਗੁਰਕਰਮਦੀਪ ਸਿੰਘ ਦੀ ਮਾਤਾ ਛਿੰਦਰਪਾਲ ਕੌਰ ਦੇ ਬਿਆਨਾਂ ’ਤੇ ਨਵਜੋਤ ਕੌਰ ਉਰਫ਼ ਦੀਪ ਪਤਨੀ ਦਵਿੰਦਰ ਸਿੰਘ ਵਾਸੀ ਪਿੰਡ ਬੂਥਗੜ੍ਹ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੋਸਟ ਮਾਰਟਮ ਤੋਂ ਬਾਅਦ ਪਤ ਪਤਨੀ ਦੋਵਾਂ ਦਾ ਇਕੱਠਿਆਂ ਸਸਕਾਰ ਕੀਤਾ ਗਿਆ। ਪਤੀ-ਪਤਨੀ ਦੀ ਇਕੱਠੀ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਤੀ-ਪਤਨੀ ਦੇ ਇੱਕਠੇ ਸਿਵੇ ਬਲ਼ਦੇ ਦੇਖ ਹਰੇਕ ਅੱਖ ਨਮ ਹੋ ਗਈ ਤੇ ਮਾਹੌਲ ਗ਼ਮਗੀਨ ਹੋ ਗਿਆ ਸੀ।
ਮ੍ਰਿਤਕ ਦੀ ਮਾਤਾ ਛਿੰਦਰਪਾਲ ਕੌਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਦੀ ਹੀ ਨਵਜੋਤ ਕੌਰ ਉਰਫ਼ ਦੀਪ ਨਾਮ ਔਰਤ ਦੀ ਵਿਆਹ ਤੋਂ ਪਹਿਲਾਂ ਉਸ ਦੇ ਪੁੱਤਰ ਨਾਲ ਦੋਸਤੀ ਸੀ। ਵਿਆਹ ਤੋਂ ਬਾਅਦ ਨਵਜੋਤ ਕੌਰ ਉਸਦੇ ਪੁੱਤ ਨੂੰ ਬਲੈਕਮੇਲ ਕਰਨ ਲੱਗੀ। ਪਰਿਵਾਰ ਦਾ ਦੋਸ਼ ਹੈ ਕਿ ਉਹ ਲਗਾਤਾਰ ਪੈਸਿਆਂ ਦੀ ਮੰਗ ਕਰਦੀ ਸੀ, ਮਾਨਸਿਕ ਦਬਾਅ ਬਣਾਉਂਦੀ ਸੀ ਅਤੇ ਘਰ ਆ ਕੇ ਕਲੇਸ਼ ਵੀ ਕਰਦੀ ਰਹਿੰਦੀ ਸੀ। ਪਰਿਵਾਰ ਅਨੁਸਾਰ ਇਸ ਤੰਗ-ਪਰੇਸ਼ਾਨੀ ਤੋਂ ਦੁਖੀ ਹੋ ਕੇ ਗੁਰਕਰਮਦੀਪ ਸਿੰਘ ਨੇ ਘਰ ’ਚ ਪਈ ਜ਼ਹਿਰੀਲੀ ਦਵਾਈ ਨਿਗਲ ਲਈ। ਘਟਨਾ ਤੋਂ ਬਾਅਦ ਸਦਰ ਥਾਣਾ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਨਵਜੋਤ ਕੌਰ ਉਰਫ਼ ਦੀਪ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।