- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਬਕਾਰੀ ਅਫ਼ਸਰ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਇਹ ਛਾਪੇਮਾਰੀ ਸੁਲਤਾਨਪੁਰ ਸਰਕਲ ਦੇ ਆਬਕਾਰੀ ਇੰਸਪੈਕਟਰ ਜਤਿੰਦਰਪਾਲ ਸਿੰਘ, ਆਬਕਾਰੀ ਪੁਲਿਸ ਮੁਲਾਜ਼ਮਾਂ ਅਤੇ ਸੁਲਤਾਨਪੁਰ ਲੋਧੀ ਦੀ ਸਥਾਨਕ ਪੁਲਿਸ ਦੇ ਸਰਗਰਮ ਸਹਿਯੋਗ ਨਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਭਾਗ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਨੂੰ ਜੜ੍ਹੋਂ ਖ਼ਤਮ ਕਰਕੇ ਹੀ ਸਾਹ ਲਵੇਗਾ।

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਨਾਜਾਇਜ਼ ਸ਼ਰਾਬ ਬਣਾਉਣ, ਸਟੋਰ ਕਰਨ ਅਤੇ ਵੇਚਣ ਦੇ ਧੰਦੇ ਨੂੰ ਨੱਥ ਪਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਆਬਕਾਰੀ ਵਿਭਾਗ ਵੱਲੋਂ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਤੋਤੀ ਅਤੇ ਲਾਟੀਆਂ 'ਚ ਵੱਡੀ ਕਾਰਵਾਈ ਕੀਤੀ ਗਈ ਹੈ। ਵਿਭਾਗ ਨੇ ਇਨ੍ਹਾਂ ਪਿੰਡਾਂ 'ਚ ਸਖ਼ਤ ਛਾਪੇਮਾਰੀ ਕਰ ਕੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਅਤੇ ਇਸ ਨੂੰ ਤਿਆਰ ਕਰਨ ਵਾਲਾ ਸਾਮਾਨ ਬਰਾਮਦ ਕੀਤਾ ਹੈ। ਇਸ ਮੁਹਿੰਮ ਦੌਰਾਨ ਅਧਿਕਾਰੀਆਂ ਨੇ ਪਿੰਡ ਤੋਤੀ ਵਿਚ ਇਕ ਲਾਵਾਰਸ ਜਗ੍ਹਾ ਤੋਂ ਡਰੰਮਾਂ 'ਚ ਲੁਕਾ ਕੇ ਰੱਖੀ ਹੋਈ ਲਗਪਗ 2 ਹਜ਼ਾਰ ਲੀਟਰ ਲਾਹਣ ਅਤੇ 20 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਬਰਾਮਦ ਕੀਤੀ ਗਈ ਲਾਹਣ ਤੇ ਸ਼ਰਾਬ ਨੂੰ ਨਿਯਮਾਂ ਅਨੁਸਾਰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸੇ ਤਰ੍ਹਾਂ ਪਿੰਡ ਲਾਟੀਆਂ 'ਚ ਕੀਤੀ ਗਈ ਛਾਪੇਮਾਰੀ ਦੌਰਾਨ ਆਬਕਾਰੀ ਵਿਭਾਗ ਨੇ 50 ਲੀਟਰ ਨਾਜਾਇਜ਼ ਸ਼ਰਾਬ ਲਾਵਾਰਿਸ ਹਾਲਤ ਵਿੱਚ ਬਰਾਮਦ ਕੀਤੀ, ਜਿਸ ਨੂੰ ਅੱਗੇ ਸਪਲਾਈ ਹੋਣ ਅਤੇ ਵਰਤੋਂ ਵਿੱਚ ਆਉਣ ਤੋਂ ਰੋਕਣ ਲਈ ਤੁਰੰਤ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।
ਆਬਕਾਰੀ ਅਫ਼ਸਰ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਇਹ ਛਾਪੇਮਾਰੀ ਸੁਲਤਾਨਪੁਰ ਸਰਕਲ ਦੇ ਆਬਕਾਰੀ ਇੰਸਪੈਕਟਰ ਜਤਿੰਦਰਪਾਲ ਸਿੰਘ, ਆਬਕਾਰੀ ਪੁਲਿਸ ਮੁਲਾਜ਼ਮਾਂ ਅਤੇ ਸੁਲਤਾਨਪੁਰ ਲੋਧੀ ਦੀ ਸਥਾਨਕ ਪੁਲਿਸ ਦੇ ਸਰਗਰਮ ਸਹਿਯੋਗ ਨਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਭਾਗ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਨੂੰ ਜੜ੍ਹੋਂ ਖ਼ਤਮ ਕਰਕੇ ਹੀ ਸਾਹ ਲਵੇਗਾ। ਚਾਹਲ ਨੇ ਚਿਤਾਵਨੀ ਦਿੱਤੀ ਕਿ ਨਾਜਾਇਜ਼ ਸ਼ਰਾਬ ਬਣਾਉਣ, ਇਸ ਦੀ ਤਸਕਰੀ ਕਰਨ ਅਤੇ ਵੇਚਣ ਵਾਲੇ ਅਨਸਰਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ ਅਜਿਹੇ ਸ਼ੱਕੀ ਇਲਾਕਿਆਂ 'ਚ ਨਿਗਰਾਨੀ ਵਧਾ ਦਿੱਤੀ ਗਈ ਹੈ ਅਤੇ ਪੂਰੇ ਜ਼ਿਲ੍ਹੇ ਵਿਚ ਨਿਯਮਤ ਚੈਕਿੰਗ ਤੇ ਅਚਨਚੇਤ ਛਾਪੇਮਾਰੀ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ।