- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਜ਼ਿਲ੍ਹੇ ਦੀ ਇੱਕ ਲੜਕੀ, ਜੋ ਟਰੈਵਲ ਏਜੰਟਾਂ ਦੇ ਜਾਲ ਵਿੱਚ ਫਸ ਕੇ ਪਹਿਲਾਂ ਦੁਬਈ ਅਤੇ ਫਿਰ ਓਮਾਨ ਦੇ ਮਸਕਟ ਸ਼ਹਿਰ ਪਹੁੰਚ ਗਈ ਸੀ, ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਆਪਣੇ ਘਰ ਵਾਪਸ ਪਰਤ ਆਈ ਹੈ। ਵਤਨ ਪਰਤਣ ਤੋਂ ਬਾਅਦ ਲੜਕੀ ਨੇ ਮਨੁੱਖੀ ਤਸਕਰੀ ਦੇ ਗੰਭੀਰ ਅਤੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਅਰਬ ਦੇਸ਼ਾਂ ਵਿੱਚ ਨੌਕਰੀ ਦੇ ਸੁਪਨੇ ਦਿਖਾ ਕੇ ਲਿਜਾਈਆਂ ਜਾ ਰਹੀਆਂ ਭਾਰਤੀ ਧੀਆਂ ਦੀ ਦਰਦਨਾਕ ਹਕੀਕਤ ਇੱਕ ਵਾਰ ਫਿਰ ਸਾਹਮਣੇ ਆਈ ਹੈ। ਜਲੰਧਰ ਜ਼ਿਲ੍ਹੇ ਦੀ ਇੱਕ ਲੜਕੀ, ਜੋ ਟਰੈਵਲ ਏਜੰਟਾਂ ਦੇ ਜਾਲ ਵਿੱਚ ਫਸ ਕੇ ਪਹਿਲਾਂ ਦੁਬਈ ਅਤੇ ਫਿਰ ਓਮਾਨ ਦੇ ਮਸਕਟ ਸ਼ਹਿਰ ਪਹੁੰਚ ਗਈ ਸੀ, ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਆਪਣੇ ਘਰ ਵਾਪਸ ਪਰਤ ਆਈ ਹੈ। ਵਤਨ ਪਰਤਣ ਤੋਂ ਬਾਅਦ ਲੜਕੀ ਨੇ ਮਨੁੱਖੀ ਤਸਕਰੀ ਦੇ ਗੰਭੀਰ ਅਤੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
ਪੀੜਤਾ ਨੇ ਦੱਸਿਆ ਕਿ ਮਸਕਟ ਵਿੱਚ ਉਸ ਨੇ ਨੇਪਾਲ, ਸ਼੍ਰੀਲੰਕਾ, ਮਿਆਂਮਾਰ ਅਤੇ ਭਾਰਤ ਦੀਆਂ ਕਈ ਲੜਕੀਆਂ ਨੂੰ ਬੇਹੱਦ ਮਾੜੇ ਹਾਲਾਤਾਂ ਵਿੱਚ ਰਹਿੰਦੇ ਦੇਖਿਆ। ਉਸ ਦਾ ਦਾਅਵਾ ਹੈ ਕਿ ਉੱਥੇ ਲੜਕੀਆਂ ਨੂੰ 1200 ਤੋਂ 1350 ਰਿਆਲ ਤੱਕ ਦੀ ਰਕਮ ਲੈ ਕੇ ਇੱਕ ਮਾਲਕ ਤੋਂ ਦੂਜੇ ਮਾਲਕ ਕੋਲ ਭੇਜਿਆ ਜਾਂਦਾ ਹੈ। ਉਨ੍ਹਾਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਵੇਰੇ ਤੜਕੇ ਤੋਂ ਅੱਧੀ ਰਾਤ ਤੱਕ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।
ਪੀੜਤਾ ਅਨੁਸਾਰ ਉਹ 14 ਫਰਵਰੀ ਨੂੰ ਵਧੀਆ ਨੌਕਰੀ ਅਤੇ 40 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਦੇ ਵਾਅਦੇ ’ਤੇ ਦੁਬਈ ਗਈ ਸੀ, ਪਰ ਉੱਥੇ ਇੱਕ ਮਹੀਨਾ ਰੱਖਣ ਤੋਂ ਬਾਅਦ ਉਸ ਨੂੰ ਮਸਕਟ ਭੇਜ ਦਿੱਤਾ ਗਿਆ। ਉੱਥੇ ਉਸ ਤੋਂ ਘਰੇਲੂ ਕੰਮ ਸਵੇਰੇ ਪੰਜ ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਜਾਂਦਾ ਸੀ। ਆਰਾਮ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਜਦੋਂ ਵੀ ਉਸ ਨੇ ਭਾਰਤ ਵਾਪਸ ਆਉਣ ਦੀ ਇੱਛਾ ਜਤਾਈ ਤਾਂ ਉਸ ਨਾਲ ਸਖ਼ਤ ਵਿਵਹਾਰ ਕੀਤਾ ਗਿਆ ਅਤੇ ਕੁੱਟਮਾਰ ਵੀ ਕੀਤੀ ਗਈ।
ਲੜਕੀ ਨੇ ਦੱਸਿਆ ਕਿ ਜਿੱਥੇ ਉਸ ਨੂੰ ਰੱਖਿਆ ਗਿਆ ਸੀ, ਉੱਥੇ ਕਈ ਹੋਰ ਲੜਕੀਆਂ ਵੀ ਆਪਣੇ ਪਰਿਵਾਰਾਂ ਅਤੇ ਬੱਚਿਆਂ ਨੂੰ ਯਾਦ ਕਰਕੇ ਰੋਂਦੀਆਂ ਰਹਿੰਦੀਆਂ ਸਨ। ਉਨ੍ਹਾਂ ਦੀ ਇੱਕੋ ਇੱਛਾ ਸੀ ਕਿ ਕਿਸੇ ਤਰ੍ਹਾਂ ਆਪਣੇ ਦੇਸ਼ ਵਾਪਸ ਪਰਤ ਸਕਣ।
ਪੀੜਤਾ ਦੇ ਪਰਿਵਾਰ ਨੇ ਦੱਸਿਆ ਕਿ 4 ਜੂਨ ਨੂੰ ਉਨ੍ਹਾਂ ਨੇ ਸੰਤ ਸੀਚੇਵਾਲ ਕੋਲ ਮਦਦ ਦੀ ਅਪੀਲ ਕੀਤੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੰਤ ਸੀਚੇਵਾਲ ਨੇ ਤੁਰੰਤ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ, ਜਿਸ ਦੇ ਨਤੀਜੇ ਵਜੋਂ ਲੜਕੀ 14 ਜੂਨ ਨੂੰ ਸੁਰੱਖਿਅਤ ਭਾਰਤ ਵਾਪਸ ਆ ਗਈ।
ਮਨੁੱਖੀ ਤਸਕਰੀ ’ਤੇ ਚਿੰਤਾ
ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿੱਚ ਧੀਆਂ ਨਾਲ ਜੁੜੇ ਅਜਿਹੇ ਮਾਮਲੇ ਬੇਹੱਦ ਚਿੰਤਾਜਨਕ ਹਨ। ਮਨੁੱਖੀ ਤਸਕਰੀ ਦੇ ਇਸ ਗੈਰ-ਕਾਨੂੰਨੀ ਨੈੱਟਵਰਕ ਨੂੰ ਤੋੜਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਵਿਦੇਸ਼ ਜਾਣ ਤੋਂ ਪਹਿਲਾਂ ਜਾਂਚ ਜ਼ਰੂਰੀ
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਿਦੇਸ਼ੀ ਨੌਕਰੀਆਂ ਦੇ ਲਾਲਚ ਵਿੱਚ ਆਉਣ ਤੋਂ ਪਹਿਲਾਂ ਏਜੰਟਾਂ ਅਤੇ ਕੰਪਨੀਆਂ ਦੀ ਪੂਰੀ ਜਾਂਚ-ਪੜਤਾਲ ਜ਼ਰੂਰ ਕੀਤੀ ਜਾਵੇ। ਥੋੜ੍ਹੀ ਜਿਹੀ ਲਾਪਰਵਾਹੀ ਕਈ ਪਰਿਵਾਰਾਂ ਲਈ ਵੱਡੀ ਮੁਸੀਬਤ ਬਣ ਸਕਦੀ ਹੈ।
ਪੀੜਤਾ ਨੇ ਕੀ ਦੱਸਿਆ
ਪਾਸਪੋਰਟ ਅਤੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ ਜਾਂਦੇ ਸਨ
ਸਵੇਰੇ ਤੋਂ ਅੱਧੀ ਰਾਤ ਤੱਕ ਕੰਮ ਕਰਵਾਇਆ ਜਾਂਦਾ ਸੀ
ਪਰਿਵਾਰ ਨਾਲ ਗੱਲ ਕਰਨ ਲਈ ਸੀਮਤ ਸਮਾਂ ਮਿਲਦਾ ਸੀ
ਵਾਪਸ ਜਾਣ ਦੀ ਗੱਲ ਕਰਨ ’ਤੇ ਕੁੱਟਮਾਰ ਅਤੇ ਧਮਕੀਆਂ ਦਿੱਤੀਆਂ ਜਾਂਦੀਆਂ ਸਨ
ਕਈ ਲੜਕੀਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਉਹ ਕਿਸ ਸ਼ਹਿਰ ਜਾਂ ਇਲਾਕੇ ਵਿੱਚ ਰਹਿ ਰਹੀਆਂ ਹਨ।