- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਪੰਜਾਬੀ ਜਾਗਰਣ’ ਵਿਚ ਛਪਣਾ ਤੇ ਪੜ੍ਹਣਾ ਮਾਣ ਵਾਲੀ ਗੱਲ ਰਹੀ ਹੈ। ਕਈ ਖ਼ਬਰਾਂ ਦਾ ਸੜਕ ਤੋਂ ਸੰਸਦ ਦਾ ਅਸਰ ਹੋਇਆ। ਮੇਰੇ ਬਾਰੇ ਤਾਂ ਅਕਸਰ ਲੋਕ ਕਹਿੰਦੇ ਹੁੰਦੇ ਹਨ ਕਿ ‘ਵਾਲੀਆ ਅਖ਼ਬਾਰ ਦੇ ਨਾਲ-ਨਾਲ ਲਹਿਰਾਂ ਵੀ ਚਲਾਉਂਦਾ ਹੈ।’

ਅਰੁਣਦੀਪ, ਜਲੰਧਰ : ਅਦਾਰਾ ‘ਪੰਜਾਬੀ ਜਾਗਰਣ’ ਦੇ ਇਕ ਦਹਾਕੇ ਤੱਕ ਸੰਪਾਦਕ ਰਹੇ ਵਰਿੰਦਰ ਸਿੰਘ ਵਾਲੀਆ ਇਨ੍ਹੀਂ ਦਿਨੀਂ ਪੜ੍ਹਣ-ਲਿਖਣ ਵਿਚ ਮਸਰੂਫ਼ ਹਨ ਅਤੇ ਆਪਣੇ ਮੁੱਦਤ ਤੋਂ ਪੈਂਡਿੰਗ ਕੰਮਾਂ ਨੂੰ ਨਿਪਟਾ ਰਹੇ ਹਨ। ਹਾਲਾਂਕਿ ਪਹਿਲਾਂ ਵੀ ਉਨ੍ਹਾਂ ਦਾ ਸਫ਼ਰ ਸ਼ਾਨਾਮੱਤੀ ਰਿਹਾ ਹੈ। ’80 ਦੇ ਦਹਾਕੇ ਤੋਂ ਪੱਤਰਕਾਰੀ ਨਾਲ ਜੁਡ਼ੇ ਵਾਲੀਆ ਜੀ ਸਰਕਾਰੀ ਨੌਕਰੀ ਵੀ ਕੀਤੀ ਅਤੇ ਯੂਨਵਰਸਿਟੀ ਵਿਚ ਵੀ ਪਡ਼੍ਹਾਇਆ। ਮਈ 2011 ਵਿਚ ਸ਼ੁਰੂ ਹੋਏ ‘ਪੰਜਾਬੀ ਜਾਗਰਣ’ ਦੇ ਇਸ ਸਫ਼ਰ ਵਿਚ ਉਹ ਅਪ੍ਰੈਲ 2016 ਵਿਚ ਦੂਜੇ ਸੰਪਾਦਕ ਵਜੋਂ ਜੁੜੇ। ਆਪਣੇ ਲੰਬੇ ਕਾਰਜਕਾਲ ਦੌਰਾਨ ਉਨ੍ਹਾਂ ਅਦਾਰੇ ਦੀ ਯੋਗ ਅਗਵਾਈ ਕੀਤੇ ਅਤੇ ਕਈ ਨਵੀਆਂ ਪਿਰਤਾਂ ਪਾਈਆਂ। ਅਦਾਰੇ ਦੀ 15ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਨਾਲ ਖ਼ਾਸ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ‘ਪੰਜਾਬੀ ਜਾਗਰਣ’ ਦੇ ਸਫ਼ਰ ਨਾਲ ਜੁੜੀਆਂ ਯਾਦਾਂ ਅਤੇ ਪੰਜਾਬੀ ਪੱਤਰਕਾਰੀ ਬਾਰੇ ਖੁੱਲ੍ਹ ਕੇ ਗੱਲਾਂ-ਬਾਤਾਂ ਹੋਈਆਂ। ਉਹ ਕਹਿੰਦੇ ਹਨ ਕਿ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿਚ ‘ਪੰਜਾਬੀ ਜਾਗਰਣ’ ਨੇ ਮਿਸਾਲੀ ਪੈੜਾਂ ਪਾਈਆਂ ਹਨ। ਇਸ ਦਾ ਨਾਂ ਸੁਨਹਿਰੀ ਅੱਖ਼ਰਾਂ ਵਿਚ ਉਕਰਿਆ ਜਾ ਚੁੱਕਾ ਹੈ। ਇਹ ਲਗਾਤਾਰ ਪਹਿਲੀ ਕਤਾਰ ਵਿਚ ਸ਼ੁਮਾਰ ਰਿਹਾ ਹੈ ਅਤੇ ਭਵਿੱਖ ਵਿਚ ਵੀ ਰਹੇਗਾ। ਇਹ ਮਾਮੂਲੀ ਪ੍ਰਾਪਤੀ ਨਹੀਂ ਹੈ।
ਅਦਾਰੇ ਨਾਲ ਆਪਣੇ ਜੁੜਾਅ ਬਾਰੇ ਉਹ ਦੱਸਦੇ ਹਨ ਕਿ ‘ਪੰਜਾਬੀ ਜਾਗਰਣ’ ਦੀ ਲਾਂਚਿੰਗ ਵੇਲੇ ਮੈਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਅਦਾਰੇ ਦੀ ਇਸ ਖ਼ੁਸ਼ੀ ਵਿਚ ਸ਼ਾਮਲ ਹੋਇਆ ਸੀ ਕਿਉਂਕਿ ਮੇਰਾ ਮੰਨਣਾ ਹੈ ਕਿ ਪੰਜਾਬੀ ਭਾਸ਼ਾ ਵਧਦੀ ਫੁਲਦੀ ਰਹਿਣੀ ਚਾਹੀਦੀ ਹੈ ਅਤੇ ਇਹ ਉਸ ਦਿਸ਼ਾ ਵਿਚ ਹੀ ਉਪਰਾਲਾ ਹੈ। ਉਦੋਂ ਮੈਂ ਕਦੀ ਸੋਚਿਆ ਨਹੀਂ ਸੀ ਕਿ ਇਕ ਦਿਨ ਮੈਂ ਇਸ ਅਖ਼ਬਾਰ ਦਾ ਹੀ ਸੰਪਾਦਕ ਬਣ ਜਾਵਾਂਗਾ। ਮੈਂ ਜਦੋਂ ਸੰਪਾਦਕ ਬਣਿਆ ਤਾਂ ਮੈਂ ਇਹ ਵੀ ਨਹੀਂ ਸੋਚਿਆ ਸੀ ਕਿ ਮੈਂ ਤਿੰਨ ਸਾਲ ਤੋਂ ਵੱਧ ਸਮਾਂ ਇੱਥੇ ਰਹਾਂਗਾ ਪਰ ਮੈਨੇਜਮੈਂਟ ਤੇ ਮਾਲਕਾਂ ਦੇ ਪਿਆਰ-ਮੁਹੱਬਤ ਕਾਰਨ ਮੈਂ ਇੱਥੇ ਦਸ ਸਾਲ ਦਾ ਸਮਾਂ ਬਿਤਾਇਆ। ਟ੍ਰਿਬਿਊਨ ਵੀ ਚੰਗਾ ਅਦਾਰਾ ਹੈ ਪਰ ‘ਪੰਜਾਬੀ ਜਾਗਰਣ’ ਵਿਚ ਨੈਸ਼ਨਲ ਐਕਸਪੋਜ਼ਰ ਕਿਤੇ ਵੱਧ ਮਿਲਿਆ। ਅਖ਼ਬਾਰ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਅਡੀਟਰ-ਇਨ-ਚੀਫ ਨੇ ਵੱਖਰੀ ਰਾਏ ਹੁੰਦੇ ਹੋਏ ਵੀ ਉਨ੍ਹਾਂ ਦੀਆਂ ਗੱਲਾਂ ’ਤੇ ਆਪਣੀ ਸਹਿਮਤੀ ਦਿੱਤੀ। ਇਹ ਉਨ੍ਹਾਂ ਦੀ ਫ਼ਰਾਖ਼ਦਿਲੀ ਹੀ ਹੈ ਕਿ ਉਨ੍ਹਾਂ ਸੰਪਾਦਕੀ ਨੀਤੀ ਨੂੰ ਲੈ ਕੇ ਹਰ ਤਰ੍ਹਾਂ ਦੀ ਖੁੱਲ੍ਹ ਦਿੱਤੀ।
ਵਾਲੀਆ ਜੀ ਕਹਿੰਦੇ ਹਨ ਕਿ ਸੰਸਥਾਪਕ ਸੰਪਾਦਕ ਦਾ ਕੰਮ ਵਧੇਰੇ ਔਖਾ ਹੁੰਦਾ ਹੈ। ਸ਼ੰਗਾਰਾ ਸਿੰਘ ਭੁੱਲਰ ਹੋਰਾਂ ਨੇ ਕੰਮ ਲੀਹੇ ਪਾਇਆ। ਮੇਰੀ ਇਹ ਖ਼ੁਸ਼ਕਿਸਮਤੀ ਹੈ ਕਿ ਮੈਂ ਉਨ੍ਹਾਂ ਦੀ ਵਿਰਾਸਤ ਨੂੰ ਦੂਜੀ ਵਾਰ ਸੰਭਾਲਿਆ। ਪਹਿਲਾਂ ਪੰਜਾਬੀ ਟ੍ਰਿਬਿਊਨ ਤੇ ਫਿਰ ‘ਪੰਜਾਬੀ ਜਾਗਰਣ’ ਵਿਚ। ਉਨ੍ਹਾਂ ਦੇ ਪੂਰਨਿਆਂ ’ਤੇ ਚੱਲਦੇ ਹੋਏ ਨਵੀਆਂ ਪਿਰਤਾਂ ਪਾਈਆਂ। ਇਸ ਅਰਸੇ ਦੌਰਾਨ ਸਮੇਂ ਦੀ ਮੰਗ ਅਨੁਸਾਰ ਕਾਫੀ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ। ਲੇਅ-ਆਊਟ, ਮਾਸਟ ਹੈੱਡ ਵਿਚ ਤਬਦੀਲੀਆਂ ਲਿਆਂਦੀਆਂ ਗਈਆਂ। ਨਵੇਂ ਤੇ ਨਿਵੇਕਲੇ ਟਾਈਟਲ ਦਿੱਤੇ ਗਏ। ਨਵੇਂ ਕਾਲਮ ਸ਼ੁਰੂ ਕੀਤੇ। ਡਿਜੀਟਲ ਪੱਤਰਕਾਰੀ ਸ਼ੁਰੂ ਕੀਤੀ ਗਈ। ਅਖ਼ਬਾਰ ਨੂੰ ਰੀਡਰ ਫਰੈਂਡਲੀ ਬਣਾਇਆ ਗਿਆ। ਇਸ ਸਭ ਨੂੰ ਪਾਠਕਾਂ ਤੇ ਲੇਖਕਾਂ ਨੇ ਚੰਗਾ ਹੁੰਗਾਰਾ ਦਿੱਤਾ। ਨਵੀਂ ਤਰਜ਼ ਦੀ ਪੱਤਰਕਾਰੀ ਲਿਆਂਦੀ ਗਈ। ਇਸ ਅਰਸੇ ਵਿਚ ਗਤਕਾ ਕੱਪ ਕਰਵਾਏ, ਕਾਫ਼ਲਾ ਕਲਮਾਂ ਦਾ ਕਰਵਾਇਆ, ਦਸਤਾਰ ਮੁਕਾਬਲੇ ਹੋਏ, ਗੁਰਬਾਣੀ ਕੰਠ ਮੁਕਾਬਲੇ ਕਰਵਾਏ। ‘ਮਾਂ ਬੋਲੀ ਲਹਿਰ ਪਿੰਡ-ਪਿੰਡ ਸ਼ਹਿਰ-ਸ਼ਹਿਰ’ ਵੀ ਚਲਾਈ। ਇਸ ਦੌਰਾਨ ਪੰਜਾਬ ਦੇ ਵੱਡੇ-ਵੱਡੇ ਲੋਕ ਸਾਡੇ ਨਾਲ ਜੁੜੇ, ਜਿਨ੍ਹਾਂ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ, ਯੂਨੀਵਰਸਿਟੀਆਂ ਦੇ ਵੀਸੀ, ਪਦਮਸ਼੍ਰੀ ਤੇ ਹੋਰ ਨਾਮੀ ਲੋਕ ਜੁੜੇ। ‘ਪੰਜਾਬੀ ਜਾਗਰਣ’ ਵਿਚ ਵੱਡੇ ਲੇਖਕ ਲਗਾਤਾਰ ਲਿਖਦੇ ਰਹੇ। ‘ਪੰਜਾਬੀ ਜਾਗਰਣ’ ਵਿਚ ਛਪਣਾ ਤੇ ਪੜ੍ਹਣਾ ਮਾਣ ਵਾਲੀ ਗੱਲ ਰਹੀ ਹੈ। ਕਈ ਖ਼ਬਰਾਂ ਦਾ ਸੜਕ ਤੋਂ ਸੰਸਦ ਦਾ ਅਸਰ ਹੋਇਆ। ਮੇਰੇ ਬਾਰੇ ਤਾਂ ਅਕਸਰ ਲੋਕ ਕਹਿੰਦੇ ਹੁੰਦੇ ਹਨ ਕਿ ‘ਵਾਲੀਆ ਅਖ਼ਬਾਰ ਦੇ ਨਾਲ-ਨਾਲ ਲਹਿਰਾਂ ਵੀ ਚਲਾਉਂਦਾ ਹੈ।’
ਵਾਲੀਆ ਜੀ ਆਖਦੇ ਹਨ ਕਿ ਉਨ੍ਹਾਂ ਅਖ਼ਬਾਰ ਦੇ ਕੰਟੈਂਟ ਨਾਲ ਕਦੀ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ। ਜੇਕਰ ਕੰਟੈਟ ਹੈਗਾ ਤਾਂ ਹੀ ਅਖ਼ਬਾਰ ਚੱਲਦਾ ਹੈ। ਅਸੀਂ ਸ਼ਬਦਾਵਲੀ ਨੂੰ ਲੈ ਕੇ ਵੀ ਪੱਕੇ ਰਹੇ। ਇੱਥੋਂ ਤੱਕ ਕਿ ਬਿੰਦੀਆਂ ਦਾ ਵੀ ਪੂਰਾ ਖ਼ਿਆਲ ਰੱਖਿਆ ਜਾਂਦਾ ਰਿਹਾ ਹੈ ਕਿਉਂਕਿ ਇਸ ਦਾ ਅਸਰ ਲੰਬੇ ਸਮੇਂ ਤੱਕ ਰਹਿੰਦਾ ਹੈ। ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਅਖ਼ਬਾਰ ਦਾ ਧਰਮ-ਨਿਰਪੱਖ ਅਕਸ ਬਣੇ। ਇਨ੍ਹਾਂ ਕੋਸ਼ਿਸ਼ਾਂ ਨਾਲ ਬਾਹਰੀ ਹੋਣ ਦਾ ਟੈਗ ਲੱਥਾ। ਅਦਾਰੇ ਨਾਲ ਓਵਰਆਲ ਸਫ਼ਰ ਸ਼ਾਨਦਾਰ ਰਿਹਾ। ਇਕ ਸਵਾਲ ਦੇ ਜਵਾਬ ਵਿਚ ਉਹ ਕਹਿੰਦੇ ਹਨ ਕਿ ਕੋਰੋਨਾ ਕਾਲ ਨੇ ਪ੍ਰਿੰਟ ਮੀਡੀਆ ਨੂੰ ਕਾਫੀ ਪ੍ਰਭਾਵਿਤ ਕੀਤਾ। ਅਮਰੀਕਾ ਵਿਚ ਸੌ ਤੋਂ ਵੱਧ ਅਖ਼ਬਾਰ ਬੰਦ ਹੋਏ। ਕੈਨੇਡਾ, ਇੰਗਲੈਂਡ ਆਦਿ ਮੁਲਕਾਂ ਵਿਚ ਵੀ ਵੱਡੀ ਗਿਣਤੀ ਵਿਚ ਅਖ਼ਬਾਰ ਬੰਦ ਹੋਏ ਪਰ ਸਾਡੇ ਇੱਥੇ ਕ੍ਰੈਡਿਟ ਜਾਂਦਾ ਹੈ ਕਿ ਜ਼ਮੀਨੀ ਪੱਧਰ ’ਤੇ ਕੰਮ ਹੋ ਰਿਹਾ ਹੈ। ਜਿੱਥੇ ਬਹੁਤ ਸਾਰੇ ਅਖ਼ਬਾਰ ਆਪਣੀ ਫ਼ਰਜ਼ੀ ਸਰਕੂਲੇਸ਼ਨ ਦਿਖਾਉਂਦੇ ਹਨ ਉੱਥੇ ਪੰਜਾਬੀ ਜਾਗਰਣ ਦੀ ਖ਼ਾਸੀਅਤ ਰਹੀ ਹੈ ਕਿ ਇਹ ਅੱਜ ਤੱਕ ਕਦੀ ਡੰਪ ਨਹੀਂ ਹੋਇਆ। ਅਦਾਰੇ ਦੀਆਂ ਸਾਰੀਆਂ ਲੇਅਰਜ਼ ਹੀ ਚੰਗੀਆਂ ਹਨ। ਸਟਾਫ ’ਤੇ ਕਦੀ ਕੋਈ ਇਲਜ਼ਾਮ ਨਹੀਂ ਲੱਗਾ, ਹਾਂ ਸੁਭਾਅ ਨੂੰ ਲੈ ਕੇ ਤਾਂ ਸਮੱਸਿਆਵਾਂ ਹਰ ਪਾਸੇ ਹੁੰਦੀਆਂ ਹੀ ਹਨ। ਪੰਜਾਬੀ ਜਾਗਰਣ ਦੇ ਹਰ ਪੱਖ ਦੀ ਮੁਕਾਬਲੇ ਵਾਲੇ ਅਖ਼ਬਾਰ ਵੀ ਚਰਚਾ ਕਰਦੇ ਹਨ। ਬਾਕੀ ਸਮੇਂ ਦੇ ਹਾਣ ਦੇ ਨਾਂ ਬਣੇ ਤਾਂ ਵੱਡੀ ਚੁਣੌਤੀ ਹੈ। ਪੌਦੇ ਨੂੰ ਪਾਣੀ ਦਿੰਦੇ ਰਹਿਣਾ ਜ਼ਰੂਰੀ ਹੈ। ਪਾਲਿਸੀ ਏਦਾਂ ਦੀ ਹੋਣੀ ਚਾਹੀਦੀ ਹੈ ਕਿ ਲੋਕਾਂ ਦਾ ਭਰੋਸਾ ਨਹੀਂ ਟੁੱਟਣਾ ਚਾਹੀਦਾ। ਚੰਗੇ ਅਦਾਰੇ ਬ੍ਰੇਕਿੰਗ ਦੀ ਦੌੜ ਵਿਚ ਨਹੀਂ ਹਨ।
ਪੰਜਾਬੀ ਪੱਤਰਕਾਰੀ ਤੇ ਭਾਸ਼ਾ ਅੱਗੇ ਦਰਪੇਸ਼ ਚੁਣੌਤੀਆਂ ਬਾਰੇ ਉਹ ਕਹਿੰਦੇ ਹਨ ਕਿ ਅਦਾਰਿਆਂ ਦਾ ਜਿਊਂਦੇ ਰਹਿਣਾ ਸਮੇਂ ਦੀ ਲੋੜ ਹੈ। ਪ੍ਰਿੰਟ ਮੀਡੀਆ ਦੀ ਅੱਜ ਵੀ ਭਰੋਸੇਯੋਗਤਾ ਹੈ। ਡਿਜੀਟਲ ਤੇ ਇਲੈਕਟ੍ਰਾਨਿਕ ਮੀਡੀਆ ਵਾਲੇ ਵੀ ਫਾਲੋ ਕਰਦੇ ਹਨ। ਲਿਖੇ ਦਾ ਅਸਰ ਚਿਰਾਂ ਤੱਕ ਰਹਿੰਦਾ ਹੈ। ਬਾਕੀ ਪੰਜਾਬੀ ਭਾਸ਼ਾ ਦਾ ਨੁਕਸਾਨ ਫਿਰਕਾਪ੍ਰਸਤੀ ਨੇ ਕੀਤਾ ਜਦਕਿ ਇਹ ਸਰਬਸਾਂਝੀ ਭਾਸ਼ਾ ਹੈ। ਬਾਬਾ ਫਰੀਦ ਸਾਡੇ ਆਦਿ ਕਵੀ ਹਨ। ਪੰਜਾਬੀ ਭਾਸ਼ਾ ਘਰ-ਬਾਰ, ਕਾਰੋਬਾਰ ਤੇ ਸਰਕਾਰ ਦੀ ਭਾਸ਼ਾ ਬਣਨੀ ਚਾਹੀਦੀ ਹੈ। ਇਸ ਨਾਲ ਹੀ ਅਸੀਂ ਅਗਾਂਹ ਵੱਧ ਸਕਦੇ ਹਾਂ। ਇਸ ਦੇ ਨਾਲ ਹੀ ਉਹ ਕਹਿੰਦੇ ਹਨ ਕਿ ਉਨ੍ਹਾਂ ਲਈ ਖ਼ੁਸ਼ੀ ਦੀ ਗੱਲ ਹੈ ਕਿ ‘ਪੰਜਾਬੀ ਜਾਗਰਣ’ ਮੌਜੂਦਾ ਸੰਪਾਦਕ ਇੰਦਰਪ੍ਰੀਤ ਸਿੰਘ ਵਰਗੇ ਪ੍ਰੌੜ ਹੱਥਾਂ ਵਿਚ ਹੈ ਅਤੇ ਅਦਾਰਾ ਪੰਜਾਬੀ ਪੱਤਰਕਾਰੀ ਵਿਚ ਨਵੇਂ ਦਿਸਹੱਦੇ ਸਿਰਜੇਗਾ। ਸ਼ੁੱਭਕਾਮਨਾਵਾਂ।