- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੰਗਾਰਾ ਸਿੰਘ ਭੁੱਲਰ ਹਮੇਸ਼ਾਂ ਚੜ੍ਹਦੀ ਕਲਾ, ਦ੍ਰਿੜ ਇਰਾਦੇ, ਬੁਲੰਦ ਹੌਸਲੇ, ਜ਼ਿੰਦਾ-ਦਿਲ, ਹਸਮੁੱਖ ਚਿਹਰੇ, ਭਵਿੱਖਮੁਖੀ, ਗਿਆਨ ਦਾ ਚੌਮੁਖੀਆ ਚਿਰਾਗ਼, ਪ੍ਰਤਿਭਾ ਦੇ ਮਾਲਕ ਆਦਿ ਸਦ-ਗੁਣਾਂ ਵਾਲੇ ਹੋਣ ਕਾਰਨ ਉਹ ਮੇਰੇ ਆਦਰਸ਼ ਮਾਡਲ ਰਹੇ ਹਨ।

ਪੰਜਾਬ ਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ 'ਚ ਲੋਹੇ ਦੇ ਸ਼ਹਿਰ ਬਟਾਲਾ ਨੇੜਲੇ 'ਭੁੱਲਰ' ਪਿੰਡ 'ਚ ਜਨਮੇ ਸ਼ੰਗਾਰਾ ਸਿੰਘ ਭੁੱਲਰ ਨੇ ਪੱਤਰਕਾਰੀ ਪੇਸ਼ੇ ਵਿਚ ਆਪਣਾ ਲੋਹਾ ਮਨਵਾਇਆ ਹੈ। ਉਨ੍ਹਾਂ ਪਹਿਲੀ ਨੌਕਰੀ ਡੀ.ਪੀ.ਆਈ. (ਕਾਲਜਾਂ) ਦਫ਼ਤਰ ਮੋਹਾਲੀ ਵਿਚ ਕੀਤੀ ਹੈ। ਉਪਰੰਤ ਕੁਝ ਕਾਲਜਾਂ ਵਿਚ ਪੰਜਾਬੀ ਦੇ ਸਹਾਇਕ ਪ੍ਰੋਫ਼ੈਸਰ ਵਜੋਂ ਵਕਤੀ ਸੇਵਾਵਾਂ ਨਿਭਾਉਂਦਿਆਂ ਅਖ਼ਬਾਰਾਂ ਪੜ੍ਹਨ ਦੀ ਅਜਿਹੀ ਲਗਨ ਲਗਦੀ ਹੈ ਕਿ ਉਹ ਡੈਸਕ ਪੱਤਰਕਾਰੀ ਨੂੰ ਆਪਣੇ ਜੀਵਨ ਦਾ ਪੇਸ਼ਾ ਬਣਾ ਲੈਂਦੇ ਹਨ। ਭੁੱਲਰ ਸਾਹਿਬ ਪੰਜਾਬੀ ਪੱਤਰਕਾਰੀ ਵਿਚ ਪਹਿਲੇ ਸ਼ਖ਼ਸ ਸਨ ਜਿਨ੍ਹਾਂ ਨੇ 'ਨਵਾਂ ਜ਼ਮਾਨਾ' ਅਖ਼ਬਾਰ ਤੋਂ ਪੱਤਰਕਾਰੀ ਆਰੰਭ ਕਰਕੇ ਕ੍ਰਮਵਾਰ 'ਅਭੀਤ', 'ਜਥੇਦਾਰ', 'ਪੰਜਾਬੀ ਟ੍ਰਿਬਿਊਨ', 'ਦੇਸ਼-ਵਿਦੇਸ਼ ਟਾਈਮਜ਼', 'ਰੋਜ਼ਾਨਾ ਸਪੋਕਸਮੈਨ', 'ਪੰਜਾਬੀ ਜਾਗਰਣ' ਨਾਮੀ ਅਖ਼ਬਾਰਾਂ ਅਤੇ ਇਕ 'ਵਿਸ਼ਵ ਵਾਰਤਾ' ਖ਼ਬਰ ਏਜੰਸੀ ਦੇ ਸੰਪਾਦਕ ਦੀ ਕੁਰਸੀ 'ਤੇ ਬਿਰਾਜਮਾਨ ਰਹੇ ਹਨ। ਪੱਤਰਕਾਰੀ ਕਿੱਤੇ ਵਿਚ ਸ. ਭੁੱਲਰ ਵੱਲੋਂ ਨਿਭਾਈਆਂ ਸੇਵਾਵਾਂ ਵਜੋਂ ਭਾਸ਼ਾ ਵਿਭਾਗ, ਪੰਜਾਬ ਸਰਕਾਰ ਨੇ 'ਸ਼੍ਰੋਮਣੀ ਪੱਤਰਕਾਰੀ ਐਵਾਰਡ (1998)' ਨਾਲ ਨਿਵਾਜ਼ ਕੇ ਟੀਸੀ ਵਾਲਾ ਬੇਰ ਉਨ੍ਹਾਂ ਦੀ ਝੋਲ਼ੀ ਵਿਚ ਪਾਇਆ ਹੈ।
'ਪੰਜਾਬੀ ਜਾਗਰਣ' ਦਾ ਪਹਿਲਾ ਅੰਕ 17 ਜੂਨ, 2011 ਨੂੰ ਪ੍ਰਕਾਸ਼ਿਤ ਹੋਇਆ। ਸ਼ੰਗਾਰਾ ਸਿੰਘ ਭੁੱਲਰ ਇਸ ਅਖ਼ਬਾਰ ਦੇ ਫਾਊਂਡਰ ਸੰਪਾਦਕ ਬਣੇ ਸਨ। ਯੋਗ ਸੰਪਾਦਕ ਦੀ ਅਗਵਾਈ ਅਤੇ ਸਮੁੱਚੇ ਸਟਾਫ਼ ਦੀ ਸਖ਼ਤ ਮਿਹਨਤ ਸਦਕਾ 'ਪੰਜਾਬੀ ਜਾਗਰਣ' ਦਾ ਗਰਾਫ਼ ਨਿਰੰਤਰ ਉਪਰ ਵੱਲ ਹੀ ਗਿਆ ਹੈ।
ਮੇਰੇ ਵੱਲੋਂ ਸੰਪਾਦਿਤ ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ 'ਯਾਦਾਂ ਦਾ ਦਰਪਣ' ਵਿਚ ਭੁੱਲਰ ਸਾਹਿਬ ਲਿਖਦੇ ਹਨ; ''ਜਾਗਰਣ ਵਾਲਿਆਂ ਨਾਲ ਮੇਰਾ ਮੇਲ ਵੀ ਸਬੱਬੀ ਹੋਇਆ। ਇਕ ਸ਼ਾਮ ਇਸ ਦੇ ਮਾਲਕਾਂ ਨੇ ਮੈਨੂੰ ਗੱਲਬਾਤ ਲਈ ਆਪਣੇ ਚੰਡੀਗੜ੍ਹ ਦਫ਼ਤਰ ਵਿਚ ਬੁਲਾ ਲਿਆ। ਅੱਧੇ-ਪੌਣੇ ਘੰਟੇ ਵਿਚ ਗੱਲਬਾਤ ਮੁੱਕ ਗਈ ਪਰ ਤਨਖ਼ਾਹ 'ਤੇ ਅੜ ਗਈ। ਉਹ ਕਹਿਣ ਲੱਗੇ ਤਨਖ਼ਾਹ ਦੱਸੋ, ਮੇਰਾ ਜਵਾਬ ਸੀ ਮੈਂ ਮੰਗਣੀ ਨਹੀਂ ਜੋ ਮਰਜ਼ੀ ਦੇ ਦਿਓ। ਉਨ੍ਹਾਂ ਮੈਨੂੰ ਗੱਲਾਂ-ਗੱਲਾਂ ਵਿਚ ਬਥੇਰਾ ਪਤਿਆਇਆ ਵੀ ਪਰ ਮੇਰਾ ਜਵਾਬ ਇਕੋ ਸੀ ਕਿ ਜੋ ਦਿਓਗੇ ਚੁੱਪ ਕਰਕੇ ਲੈ ਲਵਾਂਗਾ ਅਤੇ ਇਸ 'ਤੇ ਕੋਈ ਕਿੰਤੂ-ਪ੍ਰੰਤੂ ਵੀ ਨਹੀਂ ਕਰਾਂਗਾ। ਹਾਂ, ਮੈਂ ਉਨ੍ਹਾਂ ਕੋਲੋਂ ਰਿਹਾਇਸ਼ ਅਤੇ ਗੱਡੀ ਜ਼ਰੂਰ ਮੰਗੀ ਸੀ।
ਯਕੀਨ ਕਰਿਓ, ਮੈਂ 'ਪੰਜਾਬੀ ਜਾਗਰਣ' ਵਿਚ ਪੰਜ ਸਾਲ ਲਗਾਤਾਰ ਕੰਮ ਕੀਤਾ ਹੈ ਅਤੇ ਆਪਣੀ ਤਨਖ਼ਾਹ ਵਧਾਉਣ ਬਾਰੇ ਉਨ੍ਹਾਂ ਨੂੰ ਕਦੀ ਵੀ ਨਹੀਂ ਕਿਹਾ। ਸਗੋਂ ਸਾਲ ਵਿਚ ਵਧੇਰੇ ਦਿਨ ਕੰਮ ਕਰਨ ਕਰਕੇ ਮੈਨੂੰ ਇਕ ਮਹੀਨੇ ਦੀ ਜਿਹੜੀ ਵੱਧ ਤਨਖ਼ਾਹ ਮਿਲਣੀ ਸੀ, ਮੈਂ ਉਹ ਵੀ ਨਹੀਂ ਲਈ। ਕਦੀ ਕੋਈ ਟੀ.ਏ., ਡੀ.ਏ. ਨਹੀਂ ਲਿਆ। ਇਕ ਹੋਰ ਗੱਲ ਕਦੀ ਐਤਵਾਰ ਜਾਂ ਹੋਰ ਛੁੱਟੀ ਵੀ ਨਹੀਂ ਕੀਤੀ। ਸਿਰਫ਼ ਓਨੀਆਂ ਕੁ ਛੁੱਟੀਆਂ ਕੀਤੀਆਂ, ਜਿੰਨੀਆਂ ਬਿਨਾਂ ਸਰਨਾ ਨਹੀਂ ਸੀ। ਉਂਝ ਵੀ ਉਥੇ ਰਹਿੰਦਿਆਂ ਕਦੀ ਕੁਝ ਮੈਂ ਅਜਿਹਾ ਨਹੀਂ ਕੀਤਾ, ਜਿਸ ਨਾਲ ਮੇਰੇ ਅਤੇ ਅਖ਼ਬਾਰ ਦੇ ਨਾਮ ਨੂੰ ਧੱਬਾ ਲੱਗੇ।
... ਮੈਂ ਇਸ ਵੇਲੇ ਲਗਪਗ ਪੌਣੀ ਸਦੀ ਹੰਢਾਉਣ ਦੇ ਨੇੜੇ-ਤੇੜੇ ਹਾਂ। ਇਸ ਵਿੱਚੋਂ ਬਹੁਤਾ ਸਮਾਂ ਜਾਣੀ ਅੱਧੀ ਕੁ ਸਦੀ ਮੈਂ ਪੱਤਰਕਾਰੀ ਕੀਤੀ ਹੈ ਅਤੇ ਨਿੱਠ ਕੇ ਕੀਤੀ ਹੈ। ਬਾਈ ਕੁ ਸਾਲ ਦਾ ਹੋਵਾਂਗਾ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਏ. ਦੀ ਡਿਗਰੀ ਲੈ ਕੇ ਅਧਿਆਪਨ ਦੇ ਖੇਤਰ ਵਿਚ ਪੈਰ ਰੱਖਿਆ। ਸ਼ੁਰੂ ਤੋਂ ਸੋਚਿਆ ਵੀ ਇਹੀਓ ਸੀ। ਵਿਧ ਕੋਈ ਐਸੀ ਬਣੀ ਕਿ ਪੱਕੀ ਨੌਕਰੀ ਕਿਤੇ ਵੀ ਨਹੀਂ ਮਿਲੀ। ਐਵੇਂ ਛੇ-ਅੱਠ ਮਹੀਨੇ ਅਤੇ ਕਈ ਵਾਰੀ ਦੋ-ਤਿੰਨ ਮਹੀਨਿਆਂ ਪਿਛੋਂ ਸਰਕਾਰੀ ਕਾਲਜਾਂ ਦੀ ਇਸ ਨੌਕਰੀ ਤੋਂ ਅਲੱਗ ਹੋਣਾ ਪੈਂਦਾ। ਫਿਰ ਨਵੀਂ ਨੌਕਰੀ ਦੀ ਤਲਾਸ਼ ਤੇ ਕੁਝ ਸਮਾਂ ਵਿਹਲਾ ਵੀ ਰਹਿਣਾ ਪੈਂਦਾ। ਜੋ ਕੁਝ ਮਾੜਾ-ਮੋਟਾ ਕਮਾਇਆ ਹੁੰਦਾ, ਉਹ ਸਭ ਖਰਚ ਹੋ ਜਾਂਦਾ। ਹਾਰ-ਹੰਭ ਕੇ ਸੋਚਿਆ ਕਿਉਂ ਨਾ ਕੋਈ ਹੋਰ ਕਿੱਤਾ ਫੜਿਆ ਜਾਵੇ। ਸਹਿਜ ਸੁਭਾਅ ਇਹ ਕਿੱਤਾ ਮੈਂ ਪੱਤਰਕਾਰੀ ਦਾ ਫੜ ਲਿਆ। ਜਲੰਧਰ ਉਦੋਂ ਅਖ਼ਬਾਰਾਂ ਦਾ ਕੇਂਦਰ ਸੀ ਅਤੇ 25 ਕੁ ਸਾਲ ਦੀ ਉਮਰ ਸੀ ਮੇਰੀ ਜਦੋਂ ਮੈਂ 'ਨਵਾਂ ਜ਼ਮਾਨਾ' ਅਖ਼ਬਾਰ ਦੀਆਂ ਦਹਿਲੀਜ਼ਾਂ ਲੰਘ ਗਿਆ ਸਾਂ। ਪੱਤਰਕਾਰੀ ਲਗਾਤਾਰ ਸਿੱਖਣ ਦੀ ਪ੍ਰਕਿਰਿਆ ਦਾ ਨਾਂ ਹੈ। ਜਿੰਨਾ ਪੜ੍ਹੋ, ਸਿੱਖੋ ਅਤੇ ਲਿਖੋਗੇ ਓਨੀ ਹੀ ਪਰਪੱਕਤਾ ਦੀਆਂ ਪੌੜੀਆਂ ਚੜ੍ਹੋਗੇ। ਕਹਿੰਦੇ ਹਨ ਸਿਆਣਾ ਬੰਦਾ ਤਾਂ ਕਬਰ ਵਿਚ ਪੈਣ ਲੱਗਾ ਵੀ ਸਿੱਖਦਾ ਹੈ।
...ਪੱਤਰਕਾਰੀ ਬੜਾ ਆਦਰ, ਮਾਣ ਅਤੇ ਸਤਿਕਾਰਤ ਕਿੱਤਾ ਹੈ ਪਰ ਨਾਲ ਹੀ ਚੁਣੌਤੀਆਂ ਭਰਪੂਰ ਵੀ। ਇਸ ਵਿਚ ਜੇ ਸਤਿਕਾਰ ਹੈ ਤਾਂ ਪੈਰ-ਪੈਰ 'ਤੇ ਖਤਰਾ ਵੀ। ਇਸ ਵਿਚ ਦੋ ਨਹੀਂ ਤਿੰਨ ਅੱਖਾਂ ਦੀ ਜ਼ਰੂਰਤ ਹੈ। ਤੁਹਾਡੇ ਕੰਨ ਵੀ ਅੱਖਾਂ ਦਾ ਕੰਮ ਕਰਨ। ਫਿਰ ਇਮਾਨਦਾਰੀ, ਮਿਹਨਤ, ਲਗਨ, ਦ੍ਰਿੜ੍ਹਤਾ ਅਤੇ ਚਾਰੇ ਪਾਸੇ ਦੀ ਸੋਝੀ ਦੀ ਲੋੜ ਹੈ। ਇਹ ਕੋਈ 9 ਤੋਂ 5 ਦੀ ਡਿਊਟੀ ਨਹੀਂ। ਇਥੇ ਕਈ ਵਾਰੀ ਲੰਬੇ ਘੰਟੇ ਵੀ ਲਾਉਣੇ ਪੈਂਦੇ ਹਨ। ਸਰਕਾਰੀ ਖੇਤਰਾਂ ਵਾਂਗ ਛੁੱਟੀਆਂ ਵੀ ਘੱਟ ਹਨ। ਸ਼ਾਮ ਨੂੰ ਕੰਮ ਕਰਨ ਵਾਲੇ ਪੱਤਰਕਾਰਾਂ ਦਾ ਤਾਂ ਘਰੇਲੂ ਜੀਵਨ ਵੀ ਪ੍ਰਭਾਵਤ ਹੋਣ ਦਾ ਡਰ ਬਣਿਆ ਰਹਿੰਦਾ ਹੈ। ਤਨਖਾਹਾਂ ਅਤੇ ਸਹੂਲਤਾਂ ਵੀ ਸਰਕਾਰੀ ਨੌਕਰੀਆਂ ਨਾਲੋਂ ਘੱਟ ਪਰ ਕੰਮ ਵਧੇਰੇ। ਪੰਜਾਬੀ ਪੱਤਰਕਾਰਾਂ ਦਾ ਜੀਵਨ ਆਮ ਕਰਕੇ ਤੰਗੀ-ਤੁਰਸ਼ੀ ਵਾਲਾ ਸੀ ਅਤੇ ਹੈ, ਹਾਲਾਂਕਿ ਪੱਤਰਕਾਰੀ ਇਕ ਮਿਸ਼ਨ ਸੀ ਜੋ ਸੱਚ 'ਤੇ ਪਹਿਰਾ ਦਿੰਦਾ ਸੀ। ਲੋਕਾਂ ਦੀਆਂ ਦੁੱਖਾਂ ਤਕਲੀਫ਼ਾਂ ਨੂੰ ਸਰਕਾਰ ਦੇ ਦੁਆਰ ਪਹੁੰਚਾਉਂਦਾ ਸੀ। ਸਰਕਾਰ ਵੀ ਇਸ ਵੱਲ ਪੂਰਾ ਧਿਆਨ ਦਿੰਦੀ ਸੀ। ਅਖ਼ਬਾਰੀ ਲਿਖਤਾਂ ਅਤੇ ਖ਼ਬਰਾਂ ਸਰਕਾਰ ਨੂੰ ਚੌਕਸ ਰੱਖਣ ਵਿਚ ਪੂਰਾ ਰੋਲ ਨਿਭਾਉਂਦੀਆਂ ਹਨ।
...ਅੱਜ ਮਹਿਜ਼ ਪੰਜ-ਛੇ ਦਹਾਕਿਆਂ ਵਿਚ ਸਭ ਕੁਝ ਬਦਲ ਗਿਆ ਹੈ। ਜਿਵੇਂ ਲੋਕ ਰਾਜ ਦੇ ਤਿੰਨ ਥੰਮ੍ਹ ਢਹਿ-ਢੇਰੀ ਹੋ ਚੁੱਕੇ ਹਨ, ਇਸੇ ਤਰ੍ਹਾਂ ਚੌਥਾ ਥੰਮ੍ਹ ਅਖ਼ਬਾਰੀ ਜਗਤ ਵੀ ਢਹਿ-ਢੇਰੀ ਹੋਣ ਕਿਨਾਰੇ ਪਹੁੰਚ ਗਿਆ ਹੈ। ਜਿਹੜੀਆਂ ਅਖ਼ਬਾਰਾਂ ਜਾਂ ਪੱਤਰਕਾਰ ਸਰਕਾਰ ਨੂੰ ਝੁਕਾ ਦਿੰਦੇ ਸਨ ਅੱਜ ਉਹ ਨਵੇਂ ਹਾਲਾਤ ਵਿਚ ਆਪ ਝੁੱਕਣ ਲੱਗੇ ਹਨ। ਕੁਝ ਅਖ਼ਬਾਰ ਤਾਂ ਵੱਡੇ ਘਰਾਣਿਆਂ ਨੇ ਹੀ ਸ਼ੁਰੂ ਕੀਤੇ ਹਨ ਅਤੇ ਉਹ ਸਰਕਾਰ ਨੂੰ ਖੁਸ਼ ਰੱਖਣ ਲਈ ਹਰ ਛੋਟੇ-ਮੋਟੇ ਸਮਝੌਤੇ ਲਈ ਹਰ ਵੇਲੇ ਤਿਆਰ ਹਨ। ਕੀ ਕਰਨਾ ਹੈ, ਕੀ ਨਹੀਂ ਕਰਨਾ, ਕਿਹੜਾ ਪੱਤਰਕਾਰ ਸਰਕਾਰ ਨੂੰ ਪਸੰਦ ਨਹੀਂ ਅਤੇ ਕਈ ਕੁਝ ਹੋਰ। ਅਖ਼ਬਾਰਾਂ ਆਪਣੇ ਮੁਨਾਫ਼ੇ ਲਈ ਸਰਕਾਰਾਂ ਅੱਗੇ ਨੱਕ ਰਗੜਨ ਲੱਗੀਆਂ ਹਨ। ਅਖ਼ਬਾਰਾਂ ਦਾ ਕੰਮ ਤਾਂ ਪਾਠਕਾਂ ਨੂੰ ਜੋ ਕੁਝ ਆਲੇ-ਦੁਆਲੇ ਵਾਪਰ ਰਿਹਾ ਹੈ, ਉਸ ਤੋਂ ਜਾਣੂ ਕਰਵਾਉਣਾ ਹੈ ਪਰ ਹੁਣ ਉਸ ਲਈ ਕੋਈ ਜ਼ਰੂਰੀ ਨਹੀਂ। ਬੜਾ ਕੁਝ ਵਾਪਰਦਾ ਹੈ ਅਤੇ ਵਾਪਰ ਵੀ ਰਿਹਾ ਹੈ, ਉਸ ਦੇ ਦਰਸ਼ਨ ਅਖ਼ਬਾਰਾਂ ਵਿਚ ਘੱਟ ਹੀ ਹੁੰਦੇ ਹਨ। ਸਰਕਾਰੀ ਬਿਆਨ ਜੋ ਕਹਿੰਦੇ ਹਨ, ਉਨ੍ਹਾਂ ਨੂੰ ਹੀ 'ਤਥਾ-ਅਸਤੂ' ਕਹਿ ਕੇ ਮੰਨਿਆ ਜਾਂਦਾ ਹੈ। ਪੱਤਰਕਾਰੀ ਹੁਣ ਕਿੱਤੇ ਨਾਲੋਂ ਧੰਦਾ ਵਧ ਬਣਨ ਲੱਗੀ ਹੈ। ਪੱਤਰਕਾਰਾਂ ਦੇ ਜੀਵਨ ਵਿਚ ਵੀ ਤਬਦੀਲੀਆਂ ਆਉਣ ਲੱਗੀਆਂ ਹਨ। ਪਹਿਲਾਂ ਵਾਂਗ ਰੁੱਖੀ-ਸੁੱਕੀ ਖਾ ਕੇ ਕੰਮ ਕਰਨ ਵਾਲੀਆਂ ਗੱਲਾਂ ਨਹੀਂ ਰਹੀਆਂ। ਬਹੁਤ ਕੁਝ ਰਲਗੱਡ ਹੋ ਗਿਆ ਹੈ। ਗੱਲ ਲੰਬੀ ਨਾ ਹੋ ਜਾਵੇ ਮੈਂ ਆਪਣੇ ਤਜਰਬਿਆਂ ਵੱਲ ਪਰਤਦਾ ਹਾਂ।
...'ਪੰਜਾਬੀ ਜਾਗਰਣ' ਜਲੰਧਰ ਵਿਚ ਮੈਂ ਭਲ਼ੇ ਹੀ ਯਕਮੁਸ਼ਤ ਪੰਜ ਸਾਲ ਤੋਂ ਵੱਧ ਸਮਾਂ ਰਿਹਾ ਹਾਂ। ਪੂਰੀ ਖੁੱਲ੍ਹਦਿਲੀ ਨਾਲ ਕੰਮ ਕੀਤਾ ਹੈ। ਪੂਰੀ ਮਿਹਨਤ ਕੀਤੀ ਹੈ। ਪੰਜ ਸਾਲ ਕੀ ਕੋਈ ਇਕ ਦਿਹਾੜਾ ਅਤੇ ਐਤਵਾਰ ਵੀ ਛੁੱਟੀ ਨਹੀਂ ਕੀਤੀ। ਅਖ਼ਬਾਰ ਨੂੰ ਇਹੋ ਸੋਚ ਕੇ ਵੱਧ ਤੋਂ ਵੱਧ ਸਮਾਂ ਦਿੱਤਾ ਕਿ ਨਵੀਂ ਅਖ਼ਬਾਰ ਨੂੰ ਪੈਰਾਂ ਸਿਰ ਖੜ੍ਹੇ ਕਰਨ ਲਈ ਵੱਧ ਸਮੇਂ, ਇਕ ਸੁਯੋਗ ਟੀਮ ਅਤੇ ਫਿਰ ਅਗਵਾਈ ਦੀ ਲੋੜ ਹੁੰਦੀ ਹੈ। ਜੇ ਤੁਸੀਂ ਸਟਾਫ਼ ਲਈ ਰੋਲ ਮਾਡਲ ਬਣੋ ਤਾਂ ਉਹ ਵੀ ਆਪਣਾ ਯੋਗ ਹਿੱਸਾ ਪਾਉਂਦੇ ਹਨ ਅਤੇ ਬਿਨਾਂ ਸ਼ੱਕ ਉਨ੍ਹਾਂ ਨੇ ਪਾਇਆ ਵੀ।
...ਪਹਿਲੀ ਗੱਲ ਤਾਂ ਮੈਂ ਜਿਸ ਵੀ ਅਖ਼ਬਾਰ ਵਿਚ ਰਿਹਾ ਆਪਣੇ ਨਾਲੋਂ ਸਟਾਫ਼ ਦੇ ਹਿੱਤਾਂ ਨੂੰ ਵੱਧ ਤਰਜੀਹ ਦਿਵਾਈ ਹੈ। ਇਸ ਲਈ ਇਕ-ਦੋ ਥਾਵਾਂ 'ਤੇ ਮਾਲਕਾਂ ਦੀ ਨਾਰਾਜ਼ਗੀ ਵੀ ਝੱਲਣੀ ਪਈ। ਦੂਜੀ ਗੱਲ ਮੈਂ ਅਖ਼ਬਾਰ ਨੂੰ ਕਦੀ ਵੀ ਆਪਣੇ ਜਾਂ ਆਪਣੇ ਪਰਿਵਾਰ ਦੇ ਹਿੱਤਾਂ ਲਈ ਨਹੀਂ ਵਰਤਿਆ। ਮੈਂ ਜਿੰਨਾ ਚਿਰ ਅਖ਼ਬਾਰ ਵਿਚ ਨੌਕਰੀ ਕੀਤੀ ਹੈ ਸਾਹਿਤਕ ਸਮਾਗਮ ਵਿਚ ਗਿਆ ਤਾਂ ਹਾਂ ਪਰ ਬਹੁਤ ਘੱਟ। ਆਪਣੀ ਪਬਲੀਸਿਟੀ ਨੂੰ ਕਦੀ ਵੀ ਥਾਂ ਨਹੀਂ ਦਿੱਤੀ। ਇਥੋਂ ਤਕ ਕਿ ਮਾਲੀ ਹਿੱਤਾਂ ਦੀ ਵੀ ਕਦੀ ਬਹੁਤੀ ਪ੍ਰਵਾਹ ਨਹੀਂ ਕੀਤੀ। ਕੰਮ ਨੂੰ ਧਰਮ ਕਰਕੇ ਨਿਭਾਇਆ ਹੈ। ਇਹ ਕਿਹੋ ਜਿਹਾ ਨਿਭਿਆ ਹੈ ਸਭ ਜਾਣਦੇ ਹਨ। ਆਪਣੇ ਮੂੰਹੋਂ ਬਹੁਤਾ ਮੀਆਂ ਮਿੱਠੂ ਬਣਨਾ ਸ਼ੋਭਾਜਨਕ ਨਹੀਂ ਲੱਗਦਾ।
'ਪੰਜਾਬੀ ਜਾਗਰਣ' ਦਾ ਇਕ-ਇਕ ਸਟਾਫ਼ ਮੈਂ ਆਪਣੇ ਹੱਥੀਂ ਚੁਣਿਆ ਅਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ। ਫਿਰ ਵੀ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ। ਸ਼ਾਇਦ ਦੂਜੇ ਸਾਲ ਵੱਡੇ ਦਫਤਰੋਂ ਇਕ ਈਮੇਲ ਆਈ, ''ਜਿਹੜੇ ਕਮਜ਼ੋਰ ਮੈਂਬਰ ਹਨ ਉਨ੍ਹਾਂ ਨੂੰ ਹਟਾ ਦਿਓ।'' ਮੇਰੇ ਲਈ ਇਹ ਫੈਸਲਾ ਬੜਾ ਔਖਾ ਸੀ। ਭਾਵੇਂ ਕੁਝ ਮੈਂਬਰ ਇਸ ਕੜੀ ਦੇ ਸਨ ਪਰ ਮੈਂ ਤਿੰਨ-ਚਾਰ ਦਿਨ ਚੁੱਪ ਹੀ ਰਿਹਾ। ਇਕ ਦਿਨ ਜਨਰਲ ਮੈਨੇਜਰ ਨੀਰਜ ਸ਼ਰਮਾ ਆਏ ਅਤੇ ਇਸ ਫ਼ੈਸਲੇ ਬਾਰੇ ਗੱਲਬਾਤ ਕੀਤੀ। ਮੇਰਾ ਦੋ ਟੁੱਕ ਜਵਾਬ ਸੀ; ''ਮੇਰੇ ਕੋਲ ਕੋਈ ਇਹੋ ਜਿਹਾ ਕਮਜ਼ੋਰ ਮੈਂਬਰ ਹੈ ਹੀ ਨਹੀਂ'' ਅਤੇ ਮੈਂ ਇਹ ਲਿਖ ਕੇ ਜਵਾਬ ਭੇਜ ਦਿੱਤਾ, ਜਦੋਂ ਕਿ ਸਾਡੀ ਦੂਜੀ ਸੰਸਥਾ 'ਦੈਨਿਕ ਜਾਗਰਣ' ਨੇ ਇਸ ਲੜੀ ਵਿਚ ਕਈ ਸਟਾਫ਼ ਮੈਂਬਰ ਬੈਠੇ ਬਿਠਾਏ ਕੱਢ ਦਿੱਤੇ ਸਨ। ਮੇਰੇ ਇਸ ਫ਼ੈਸਲੇ ਨੂੰ ਬਾਹਰ-ਅੰਦਰ ਬਹੁਤ ਸਰਾਹਿਆ ਗਿਆ ਸੀ।''
ਅਪ੍ਰੈਲ 2008 ਨੂੰ ਲੁਧਿਆਣਾ ਤੋਂ ਰੋਜ਼ਾਨਾ ਅਖ਼ਬਾਰ 'ਦੇਸ਼ ਵਿਦੇਸ਼ ਟਾਇਮਜ਼' ਜਾਰੀ ਹੁੰਦਾ ਹੈ। ਭੁੱਲਰ ਸਾਹਿਬ ਦੀ ਬੇਬਾਕ ਲੇਖਣੀ ਕਰਕੇ ਉਨ੍ਹਾਂ ਨਾਲ ਮੇਰੀ ਸ਼ਬਦੀ ਸਾਂਝ ਬਹੁਤ ਪੁਰਾਣੀ ਸੀ ਪਰ ਮੇਰਾ ਨਿੱਜੀ ਵਾਹ ਇਸ ਅਖ਼ਬਾਰ ਵਿਚ ਬਤੌਰ 'ਡਿਪਟੀ ਨਿਊਜ਼ ਐਡੀਟਰ' ਵਜੋਂ ਇਥੇ ਨੌਕਰੀ ਕਰਦਿਆਂ ਹੀ ਪਿਆ ਸੀ। ਮੈਂ ਅਤੇ ਮੇਰੀ ਜੀਵਨ ਸਾਥਣ ਤੇਜਿੰਦਰ ਕੌਰ ਥਿੰਦ ਦੋਵੇਂ ਇਸ ਅਖ਼ਬਾਰ ਦੇ ਸਟਾਫ਼ ਵਜੋਂ ਸੇਵਾਵਾਂ ਨਿਭਾ ਰਹੇ ਸਾਂ। ਸਾਡੀ ਭੁੱਲਰ ਸਾਹਿਬ ਦੇ ਨਾਲ ਦਫ਼ਤਰੀ ਸਾਂਝ ਵਧਦੀ ਹੋਈ ਪਰਿਵਾਰਕ ਸਾਂਝਾਂ ਵਿਚ ਤਬਦੀਲ ਹੋ ਗਈ।
1 ਮਈ, 2011 ਨੂੰ ਭੁੱਲਰ ਸਾਹਿਬ ਦਾ ਮੈਨੂੰ ਫੋਨ ਆਉਂਦਾ ਹੈ। ਉਨ੍ਹਾਂ ਦੇ ਬੋਲ ਸਨ, ''ਡਾ. ਥਿੰਦ ਸਾਹਿਬ, 'ਜਾਗਰਣ ਸਮੂਹ' ਵੱਲੋਂ ਜਲੰਧਰ ਤੋਂ ਰੋਜ਼ਾਨਾ ਅਖ਼ਬਾਰ 'ਪੰਜਾਬੀ ਜਾਗਰਣ' ਸ਼ੁਰੂ ਹੋਣ ਜਾ ਰਿਹਾ ਹੈ। ਮੇਰੀ ਜ਼ਿੰਮੇਵਾਰੀ ਬਤੌਰ ਸੰਪਾਦਕ ਦੀ ਹੈ। ਤੁਸੀਂ ਮੀਆਂ-ਬੀਵੀ ਦੋਵੇਂ ਜਣੇ ਆ ਜਾਵੋ।'' ਭੁੱਲਰ ਸਾਹਿਬ ਦੇ ਬੋਲਾਂ ਨੂੰ ਹੁਕਮਨਾਮਾ ਸਮਝਦਿਆਂ ਅਸੀਂ ਦੋਹਾਂ ਨੇ 'ਪੰਜਾਬੀ ਜਾਗਰਣ' ਨੂੰ ਆਪਣੀ ਕਰਮਭੂਮੀ ਬਣਾਉਂਦਿਆਂ ਜਲੰਧਰ ਵਿਖੇ ਰੈਣ-ਬਸੇਰਾ ਬਣਾ ਲਿਆ। 'ਪੰਜਾਬੀ ਜਾਗਰਣ' ਦਾ ਪਹਿਲਾ ਅੰਕ 17 ਜੂਨ, 2011 ਨੂੰ ਪ੍ਰਕਾਸ਼ਿਤ ਹੋਇਆ। ਸ਼ੰਗਾਰਾ ਸਿੰਘ ਭੁੱਲਰ ਇਸ ਅਖ਼ਬਾਰ ਦੇ ਫਾਊਂਡਰ ਸੰਪਾਦਕ ਬਣੇ ਸਨ। ਯੋਗ ਸੰਪਾਦਕ ਦੀ ਅਗਵਾਈ ਅਤੇ ਸਮੁੱਚੇ ਸਟਾਫ਼ ਦੀ ਸਖ਼ਤ ਮਿਹਨਤ ਸਦਕਾ 'ਪੰਜਾਬੀ ਜਾਗਰਣ' ਦਾ ਗਰਾਫ਼ ਨਿਰੰਤਰ ਉਪਰ ਵੱਲ ਹੀ ਗਿਆ ਹੈ।
ਸ਼ੰਗਾਰਾ ਸਿੰਘ ਭੁੱਲਰ ਹਮੇਸ਼ਾਂ ਚੜ੍ਹਦੀ ਕਲਾ, ਦ੍ਰਿੜ ਇਰਾਦੇ, ਬੁਲੰਦ ਹੌਸਲੇ, ਜ਼ਿੰਦਾ-ਦਿਲ, ਹਸਮੁੱਖ ਚਿਹਰੇ, ਭਵਿੱਖਮੁਖੀ, ਗਿਆਨ ਦਾ ਚੌਮੁਖੀਆ ਚਿਰਾਗ਼, ਪ੍ਰਤਿਭਾ ਦੇ ਮਾਲਕ ਆਦਿ ਸਦ-ਗੁਣਾਂ ਵਾਲੇ ਹੋਣ ਕਾਰਨ ਉਹ ਮੇਰੇ ਆਦਰਸ਼ ਮਾਡਲ ਰਹੇ ਹਨ। ਕਰਮਸ਼ੀਲਤਾ ਪੱਖੋਂ ਪੱਤਰਕਾਰੀ ਦੇ ਅੱਧੀ ਸਦੀ ਦੇ ਤਜਰਬਿਆਂ ਸਦਕਾ ਉਨ੍ਹਾਂ ਕੋਲ ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਨੂੰ ਚੁੱਪ ਕਰਕੇ ਸਹਿਣ ਕਰਨ ਦੀ ਅਮੀਰੀ ਸੀ। ਭੁੱਲਰ ਸਾਹਿਬ ਬਾਰੇ ਮੇਰੇ ਕੋਲ ਕਹਿਣ ਨੂੰ ਬੜਾ ਕੁਝ ਹੋਰ ਵੀ ਹੈ ਪਰ ਅੰਤ 'ਚ ਮੈਂ ਇਹੀ ਕਹਿੰਦਾ ਹਾਂ-
ਗੱਲਾਂ ਬਹੁਤ ਨੇ ਜੋ ਹਾਲੇ ਤੀਕਰ ਤੁਹਾਨੂੰ ਨਹੀਂ ਦੱਸੀਆਂ
ਮੁਹੱਬਤਾਂ 'ਚ ਕੁਝ ਭੇਤ ਮੈਂ ਦਿਲ ਤੋਂ ਵੀ ਛੁਪਾਏ ਨੇ...
-ਡਾ. ਬਲਵਿੰਦਰ ਸਿੰਘ ਥਿੰਦ
ਮੋਬਾਇਲ ਨੰਬਰ: 094176-06572,