- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਧਾਰਮਿਕ, ਸਮਾਜਿਕ ਅਤੇ ਸਿਆਸੀ ਖੇਤਰ ਨਾਲ ਜੁੜੀਆਂ ਨਾਮਵਰ ਸ਼ਖ਼ਸੀਅਤਾਂ ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਵਿਸ਼ੇਸ਼ ਬਣਾਇਆ। ਇਹ ਸਮਾਗਮ ਸਿਰਫ਼ ਇਕ ਵਰ੍ਹੇਗੰਢ ਨਹੀਂ, ਸਗੋਂ ਸੇਵਾ, ਸੰਸਕਾਰ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸਫ਼ਰ ਦਾ ਜਸ਼ਨ ਬਣ ਕੇ ਉਭਰਿਆ।

ਪੱਤਰ ਪ੍ਰੇਰਕ, ਜਲੰਧਰ : ਪੰਜਾਬੀ ਪੱਤਰਕਾਰੀ ਦੇ ਸਫ਼ਰ ਵਿਚ ਇਕ ਹੋਰ ਯਾਦਗਾਰੀ ਪੜਾਅ ਵੀਰਵਾਰ ਨੂੰ ਉਸ ਵੇਲੇ ਦਰਜ ਹੋਇਆ ਜਦੋਂ ਅਦਾਰਾ ‘ਪੰਜਾਬੀ ਜਾਗਰਣ’ ਨੇ ਆਪਣੀ 15ਵੀਂ ਵਰ੍ਹੇਗੰਢ ਰੂਹਾਨੀ ਮਾਹੌਲ ’ਚ ਸ਼ਾਨਾਮੱਤੀ ਰਵਾਇਤ ਨਾਲ ਮਨਾਈ। ਜਾਗਰਣ ਕੰਪਲੈਕਸ ਵਿਚ ਕਰਵਾਏ ਗਏ ਸਮਾਗਮ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਧਾਰਮਿਕ, ਸਮਾਜਿਕ ਅਤੇ ਸਿਆਸੀ ਖੇਤਰ ਨਾਲ ਜੁੜੀਆਂ ਨਾਮਵਰ ਸ਼ਖ਼ਸੀਅਤਾਂ ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਵਿਸ਼ੇਸ਼ ਬਣਾਇਆ। ਇਹ ਸਮਾਗਮ ਸਿਰਫ਼ ਇਕ ਵਰ੍ਹੇਗੰਢ ਨਹੀਂ, ਸਗੋਂ ਸੇਵਾ, ਸੰਸਕਾਰ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸਫ਼ਰ ਦਾ ਜਸ਼ਨ ਬਣ ਕੇ ਉਭਰਿਆ।
ਸਮਾਗਮ ਦੌਰਾਨ ਵਿਚਾਰਾਂ, ਸਰੋਕਾਰਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਦੀ ਇਕ ਅਜਿਹੀ ਰੌਸ਼ਨ ਧਾਰ ਵੀ ਵਹਿੰਦੀ ਨਜ਼ਰ ਆਈ, ਜਿਸ ਨੇ ਇਸ ਵਰ੍ਹੇਗੰਢ ਨੂੰ ਸਿਰਫ਼ ਇਕ ਰਸਮੀ ਸਮਾਗਮ ਨਹੀਂ ਰਹਿਣ ਦਿੱਤਾ, ਸਗੋਂ ਸਮੇਂ ਦੀਆਂ ਚੁਣੌਤੀਆਂ ਤੇ ਭਵਿੱਖ ਦੀਆਂ ਸੰਭਾਵਨਾਵਾਂ ’ਤੇ ਗੰਭੀਰ ਸੰਵਾਦ ਦਾ ਮੰਚ ਬਣਾ ਦਿੱਤਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਸੰਬੋਧਨ ਵਿਚ ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ਦੀ ਲੋੜ ਉੱਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਆਪਸੀ ਵਿਸ਼ਵਾਸ ਤੇ ਸਾਂਝੀ ਸੋਚ ਹੀ ਸਮਾਜ ਨੂੰ ਮਜ਼ਬੂਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਜਾਗਰਣ ਸਿਰਫ਼ ਇਕ ਅਖ਼ਬਾਰ ਨਹੀਂ, ਸਗੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਤੇ ਲੋਕ-ਚੇਤਨਾ ਨਾਲ ਜੁੜਿਆ ਹੋਇਆ ਅਜਿਹਾ ਮੰਚ ਬਣ ਕੇ ਉਭਰਿਆ ਹੈ, ਜੋ ਸਮਾਜਿਕ ਜਾਗਰੂਕਤਾ ਤੇ ਵਾਤਾਵਰਣ ਸੰਭਾਲ ਵਰਗੇ ਵਿਸ਼ਿਆਂ ’ਤੇ ਵੀ ਆਪਣੀ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ। ਧਰਮ ਪਰਿਵਰਤਨ ਦੇ ਮਸਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜਿਕ ਤੇ ਆਤਮਿਕ ਮਜ਼ਬੂਤੀ ਹੀ ਉਹ ਰਾਹ ਹੈ, ਜਿਸ ਰਾਹੀਂ ਆਪਣੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਉਹ ਵੱਡੀ ਲੀਕ ਖਿੱਚਣ ਦੇ ਹੱਕ ਵਿਚ ਹਨ।
ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਆਪਣੇ ਵਿਚਾਰਾਂ ਵਿਚ ਮੀਡੀਆ ਦੀ ਅਹਿਮੀਅਤ ਉਜਾਗਰ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਸੁਤੰਤਰ, ਨਿਰਪੱਖ ਅਤੇ ਜ਼ਿੰਮੇਵਾਰ ਪੱਤਰਕਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਂ ਕਈ ਤਰ੍ਹਾਂ ਦੀਆਂ ਸਮਾਜਿਕ ਅਤੇ ਸਿਆਸੀ ਚੁਣੌਤੀਆਂ ਨਾਲ ਭਰਿਆ ਹੋਇਆ ਹੈ ਅਤੇ ਅਜਿਹੇ ਵੇਲੇ ਵਿਚ ਸੰਵਾਦ, ਵਿਚਾਰ-ਵਟਾਂਦਰਾ ਅਤੇ ਸਮੂਹਿਕ ਚਿੰਤਨ ਦੀ ਲੋੜ ਪਹਿਲਾਂ ਨਾਲੋਂ ਵੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਅਨੇਕਾਂ ਗੰਭੀਰ ਮਸਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਦੇ ਹੱਲ ਲਈ ਸਾਂਝੇ ਯਤਨਾਂ ਤੇ ਦੂਰਅੰਦੇਸ਼ੀ ਦੀ ਲੋੜ ਹੈ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਬਦਲਦੇ ਮੀਡੀਆ ਸੰਦਰਭਾਂ ਵਿਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਭਾਵੇਂ ਡਿਜੀਟਲ ਯੁੱਗ ਨੇ ਜਾਣਕਾਰੀ ਦੀ ਗਤੀ ਨੂੰ ਤੇਜ਼ ਕੀਤਾ ਹੈ ਪਰ ਪ੍ਰਿੰਟ ਮੀਡੀਆ ਦੀ ਭਰੋਸੇਯੋਗਤਾ ਤੇ ਗੰਭੀਰਤਾ ਅਜੇ ਵੀ ਉਸ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਅਖ਼ਬਾਰ ਸਿਰਫ਼ ਖ਼ਬਰਾਂ ਨਹੀਂ ਦਿੰਦੇ, ਸਗੋਂ ਜਾਂਚ-ਪੜਤਾਲ ਤੇ ਤੱਥਾਂ ਦੀ ਪੁਸ਼ਟੀ ਰਾਹੀਂ ਸਮਾਜ ਦੇ ਭਰੋਸੇ ਨੂੰ ਕਾਇਮ ਰੱਖਦੇ ਹਨ। ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਅਦਾਰੇ ਨਾਲ ਆਪਣੇ ਲੰਬੇ ਜੁੜਾਅ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਵੇਰ ਅੱਜ ਵੀ ਪੰਜਾਬੀ ਜਾਗਰਣ ਦੇ ਵਿਚਾਰਸ਼ੀਲ ਲੇਖਾਂ ਨਾਲ ਸ਼ੁਰੂ ਹੁੰਦੀ ਹੈ। ਅਦਾਰੇ ਨੇ ਲੋਕ ਸਰੋਕਾਰਾਂ ਨਾਲ ਜੁੜੀਆਂ ਮੁਹਿੰਮਾਂ ਰਾਹੀਂ ਸਮਾਜ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਖਡੂਰ ਸਾਹਿਬ ਤੋਂ ਪਹੁੰਚੇ ਬਾਬਾ ਸੂਬੇਦਾਰ ਬਲਬੀਰ ਸਿੰਘ ਜੀ ਕਾਰ ਸੇਵਾ ਵਾਲੇ ਨੇ ਵਾਤਾਵਰਣ ਸੰਭਾਲ ਨੂੰ ਸਮੇਂ ਦੀ ਸਭ ਤੋਂ ਵੱਡੀ ਲੋੜ ਕਰਾਰ ਦਿੰਦਿਆਂ ਇਸ ਦਿਸ਼ਾ ਵਿਚ ਅਦਾਰੇ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਸਮਾਗਮ ਦੇ ਅੰਤ ਵਿਚ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ, ਸਮਾਚਾਰ ਸੰਪਾਦਕ ਸੁਸ਼ੀਲ ਖੰਨਾ, ਦੈਨਿਕ ਜਾਗਰਣ ਦੇ ਸੰਪਾਦਕ ਅਮਿਤ ਸ਼ਰਮਾ ਅਤੇ ਜਨਰਲ ਮੈਨੇਜਰ ਨੀਰਜ ਸ਼ਰਮਾ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਮਾਣਯੋਗ ਹਸਤੀਆਂ ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ, ਇਨ੍ਹਾਂ ਵਿਚ ਪੰਜਾਬੀ ਜਾਗਰਣ ਤੇ ਦੈਨਿਕ ਜਾਗਰਣ ਦੇ ਸਟਾਫ ਤੋਂ ਇਲਾਵਾ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਨੁਮਾਇੰਦੇ ਪੀਏ ਪਾਲ ਸਿੰਘ ਨੌਲੀ, ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ, ਗੁਰਦਾਸਪੁਰ ਤੋਂ ਬੀਐੱਸਐੱਫ ਦੇ ਸੇਵਾਮੁਕਤ ਡੀਆਈਜੀ ਜੇਕੇ ਵਿਰਦੀ, ਮੋਗਾ ਤੋਂ ਇਲੈਕਟ੍ਰੋ ਹੋਮੀਓਪੈਥੀ ਐਸੋਸੀਏਸ਼ਨ ਦੇ ਡਾ. ਜਗਮੋਹਨ ਸਿੰਘ, ਕੋਰ ਕਮੇਟੀ ਮੈਂਬਰ ਡਾ. ਮਨਪ੍ਰੀਤ ਸਿੰਘ ਸਿੱਧੂ, ਫ਼ਾਜ਼ਿਲਕਾ ਤੋਂ ਅਰੋੜਵੰਸ਼ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਗਊ ਰੱਖਿਆ ਕਮਿਸ਼ਨ ਦੇ ਮੈਂਬਰ ਅਰੁਣ ਵਧਵਾ ਪ੍ਰਮੁੱਖ ਸਨ।