- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਅਗਵਾਈ ’ਚ ਉੱਤਰ ਪ੍ਰਦੇਸ਼ ਨੇ ਕਾਨੂੰਨ-ਵਿਵਸਥਾ, ਬੁਨਿਆਦੀ ਢਾਂਚੇ ਤੇ ਨਿਵੇਸ਼ ਦੇ ਖੇਤਰ ’ਚ ਜ਼ਿਕਰਯੋਗ ਤਰੱਕੀ ਕੀਤੀ ਹੈ ਤੇ ਯੋਗੀ ਮਾਡਲ ਦੀ ਚਰਚਾ ਪੂਰੇ ਦੇਸ਼ ’ਚ ਹੋ ਰਹੀ ਹੈ। ਕਦੀ ਪੰਜਾਬ ਦੇਸ਼ ਦੇ ਸਭ ਤੋਂ ਵਿਕਸਤ ਸੂਬਿਆਂ ’ਚ ਗਿਣਿਆ ਜਾਂਦਾ ਸੀ।

ਆਸ਼ੀਸ਼ ਤਿਵਾੜੀ, ਜਾਗਰਣ, ਜਲੰਧਰ : ਭਾਜਪਾ ਦੇ ਨਵ-ਨਿਯੁਕਤ ਸੂਬਾਈ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਪਾਰਟੀ ਹੁਣ ਕਿਸੇ ਗੱਠਜੋੜ ਦੇ ਭਰੋਸੇ ਨਹੀਂ, ਬਲਕਿ ਆਪਣੇ ਦਮ ’ਤੇ ਸੱਤਾ ਹਾਸਲ ਕਰਨ ਦੀ ਰਣਨੀਤੀ ’ਤੇ ਅੱਗੇ ਵਧ ਰਹੀ ਹੈ। ਬੁੱਧਵਾਰ ਨੂੰ ਜਾਗਰਣ ਦਫ਼ਤਰ ਪੁੱਜੇ ਢਿੱਲੋਂ ਨੇ ਰਸਮੀ ਗੱਲਬਾਤ ’ਚ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਵਿਕਾਸ ਦੀ ਦੌੜ ’ਚ ਲਗਪਗ 15 ਸਾਲ ਪਿੱਛੇ ਚਲਾ ਗਿਆ ਹੈ। ਇਕ ਸਮਾਂ ਅਜਿਹਾ ਸੀ ਜਦ ਪੰਜਾਬ ’ਚ ਕਿਸੇ ਵੀ ਗੜਬੜੀ ਜਾਂ ਪੱਛੜੇਪਨ ਦੀ ਤੁਲਨਾ ਯੂਪੀ ਤੇ ਬਿਹਾਰ ਨਾਲ ਕੀਤੀ ਜਾਂਦੀ ਸੀ। ਲੋਕ ਕਹਿੰਦੇ ਸਨ ਕਿ ਇਸ ਨੂੰ ਯੂਪੀ-ਬਿਹਾਰ ਨਾ ਬਣਾ ਦੇਣਾ। ਪਰ ਅੱਜ ਹਾਲਾਤ ਬਦਲ ਚੁੱਕੇ ਹਨ ਤੇ ਕਹਾਵਤ ਵੀ ਉਲਟੀ ਹੋ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਅਗਵਾਈ ’ਚ ਉੱਤਰ ਪ੍ਰਦੇਸ਼ ਨੇ ਕਾਨੂੰਨ-ਵਿਵਸਥਾ, ਬੁਨਿਆਦੀ ਢਾਂਚੇ ਤੇ ਨਿਵੇਸ਼ ਦੇ ਖੇਤਰ ’ਚ ਜ਼ਿਕਰਯੋਗ ਤਰੱਕੀ ਕੀਤੀ ਹੈ ਤੇ ਯੋਗੀ ਮਾਡਲ ਦੀ ਚਰਚਾ ਪੂਰੇ ਦੇਸ਼ ’ਚ ਹੋ ਰਹੀ ਹੈ। ਕਦੀ ਪੰਜਾਬ ਦੇਸ਼ ਦੇ ਸਭ ਤੋਂ ਵਿਕਸਤ ਸੂਬਿਆਂ ’ਚ ਗਿਣਿਆ ਜਾਂਦਾ ਸੀ। ਉਦਯੋਗ, ਨਿਵੇਸ਼ ਤੇ ਰੁਜ਼ਗਾਰ ਦੇ ਮਾਮਲੇ ’ਚ ਇਹ ਪੂਰੇ ਦੇਸ਼ ’ਚ ਮੋਹਰੀ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇੱਥੇ ਕੰਮ ਕਰਨ ਤੇ ਰੁਜ਼ਗਾਰ ਦੀ ਭਾਲ ’ਚ ਆਉਂਦੇ ਸਨ, ਪਰ ਸਮੇਂ ਦੇ ਨਾਲ ਹਾਲਾਤ ਬਦਲ ਗਏ। ਅੱਜ ਪੰਜਾਬ ਨਿਵੇਸ਼ ਤੇ ਵਿਕਾਸ ਦੇ ਕਈ ਮਾਪਦੰਡਾਂ ’ਚ ਪੱਛੜ ਗਿਆ ਹੈ, ਜਦਕਿ ਜਿਨ੍ਹਾਂ ਸੂਬਿਆਂ ਨੂੰ ਕਦੀ ਪੰਜਾਬ ਤੋਂ ਪਿੱਛੇ ਮੰਨਿਆ ਜਾਂਦਾ ਸੀ, ਉਹ ਤੇਜ਼ੀ ਨਾਲ ਅੱਗੇ ਵਧ ਚੁੱਕੇ ਹਨ। ਜੇ ਸੂਬੇ ’ਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇਸ ਨੁਕਸਾਨ ਦੀ ਭਰਪਾਈ ਇਕ ਸਾਲ ਦੇ ਅੰਦਰ ਕਰ ਦਿੱਤੀ ਜਾਵੇਗੀ।
ਇਸ ਦੌਰਾਨ ਢਿੱਲੋਂ ਨੇ ਪਿਛਲੇ ਦਿਨੀਂ ਹੋਈ ਇਕ ਮੁਲਾਕਾਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਗੱਲਬਾਤ ਇਕ ਟਰੱਕ ਚਾਲਕ ਨਾਲ ਹੋਈ। ਚਾਲਕ ਨੇ ਕਿਹਾ ਕਿ ਪਹਿਲਾਂ ਉਹ ਰਾਤ ਦੇ ਸਮੇਂ ਉੱਤਰ ਪ੍ਰਦੇਸ਼ ’ਚ ਪ੍ਰਵੇਸ਼ ਕਰਨ ਤੋਂ ਘਬਰਾਉਂਦਾ ਸੀ। ਉਸ ਨੂੰ ਡਰ ਰਹਿੰਦਾ ਸੀ ਕਿ ਕਿਤੇ ਕੋਈ ਵਾਰਦਾਤ ਨਾ ਹੋ ਜਾਵੇ। ਇਸ ਲਈ ਉਹ ਸਰਹੱਦ ਦੇ ਕੋਲ ਹੀ ਵਾਹਨ ਖੜ੍ਹਾ ਕਰ ਕੇ ਸਵੇਰ ਹੋਣ ਦੀ ਉਡੀਕ ਕਰਦਾ ਸੀ। ਹਾਲਾਂਕਿ ਹੁਣ ਹਾਲਾਤ ਇੰਨੇ ਬਦਲ ਚੁੱਕੇ ਹਨ ਕਿ ਉਹ ਬਿਨਾਂ ਕਿਸੇ ਡਰ ਦੇ ਪੂਰੀ ਰਾਤ ਸਫ਼ਰ ਕਰਦਾ ਹੈ। ਰਾਤ ’ਚ ਪੁਲਿਸ ਦੀ ਜਿਪਸੀ ਤੱਕ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਉਂਦੀ ਹੈ।
ਢਿੱਲੋਂ ਨੇ ਕਿਹਾ ਕਿ ਭਾਜਪਾ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਤੇ ਪਾਰਟੀ ਦਾ ਟੀਚਾ ਸੂਬੇ ’ਚ ਪੂਰਨ ਬਹੁਮਤ ਦੀ ਸਰਕਾਰ ਬਣਾਉਣਾ ਹੈ। ਪੰਜਾਬ ਦੇ ਲੋਕ ਵੀ ਹੁਣ ਵਿਕਾਸ ਤੇ ਚੰਗੇ ਸ਼ਾਸਨ ਦੀ ਸਿਆਸਤ ਚਾਹੁੰਦੇ ਹਨ। ਲੋਕ ਜਾਣਦੇ ਹਨ ਕਿ ਕੇਂਦਰ ’ਚ ਭਾਜਪਾ ਦੀ ਸਰਕਾਰ ਲਗਾਤਾਰ ਤੀਜੀ ਵਾਰ ਸੱਤਾ ’ਚ ਹੈ ਤੇ 2029 ’ਚ ਵੀ ਭਾਜਪਾ ਹੀ ਸਰਕਾਰ ਬਣਾਏਗੀ। ਇਸ ਕਾਰਨ ਪੰਜਾਬ ਦੇ ਵਿਕਾਸ ਲਈ ਸੂਬੇ ਤੇ ਕੇਂਦਰ ’ਚ ਇਕ ਹੀ ਪਾਰਟੀ ਦੀ ਸਰਕਾਰ ਹੋਣਾ ਫ਼ਾਇਦੇਮੰਦ ਸਾਬਤ ਹੋਵੇਗਾ। ਸੂਬਾਈ ਪ੍ਰਧਾਨ ਦੇ ਰੂਪ ’ਚ ਆਪਣੀਆਂ ਤਰਜੀਹਾਂ ਦਾ ਜ਼ਿਕਰ ਕਰਦੇ ਹੋਏ ਢਿੱਲੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ। ਪਾਰਟੀ ਵਰਕਰਾਂ ਨੂੰ ਸਰਗਰਮ ਕਰਦੇ ਹੋਏ ਭਾਜਪਾ ਨੂੰ ਪੰਜਾਬ ’ਚ ਇਕ ਮਜ਼ਬੂਤ ਸਿਆਸੀ ਬਦਲ ਦੇ ਰੂਪ ’ਚ ਸਥਾਪਤ ਕੀਤਾ ਜਾਵੇਗਾ।
ਕਿਸਾਨਾਂ ਦੇ ਹਿਤਾਂ ਦੇ ਨਾਲ ਹੈ ਭਾਜਪਾ
ਕਿਸਾਨਾਂ ਦੇ ਮੁੱਦੇ ’ਤੇ ਭਾਜਪਾ ਸੂਬਾਈ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਪਾਰਟੀ ਹਮੇਸ਼ਾ ਕਿਸਾਨਾਂ ਦੇ ਹਿਤਾਂ ਦੇ ਨਾਲ ਖੜ੍ਹੀ ਰਹੀ ਹੈ। ਉਨ੍ਹਾਂ ਨੇ ਗੁਆਂਢੀ ਸੂਬੇ ਹਰਿਆਣਾ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਥੇ ਭਾਜਪਾ ਸਰਕਾਰ 24 ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਉਪਲਬਧ ਕਰਵਾ ਰਹੀ ਹੈ। ਕਣਕ, ਝੋਨਾ ਤੇ ਗੰਨੇ ਤੋਂ ਇਲਾਵਾ ਕਈ ਫ਼ਸਲਾਂ ਤੇ ਸਬਜ਼ੀਆਂ ’ਤੇ ਵੀ ਐੱਮਐੱਸਪੀ ਦਾ ਲਾਭ ਮਿਲ ਰਿਹਾ ਹੈ। ਕਿਸਾਨ ਹੁਣ ਇਹ ਸਮਝਣ ਲੱਗੇ ਹਨ ਕਿ ਖੇਤੀ ਖੇਤਰ ’ਚ ਆਮਦਨ ਵਧਾਉਣ ਲਈ ਭਾਜਪਾ ਦੀਆਂ ਨੀਤੀਆਂ ਵੱਧ ਕਾਰਗਰ ਸਾਬਤ ਹੋ ਸਕਦੀਆਂ ਹਨ।