- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਤਰ੍ਹਾਂ ਬਿਲਗਾ ਨੇੜੇ ਇਕ ਪਿੰਡ ਦੀ ਔਰਤ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਕੈਨੇਡਾ ’ਚ ਰਹਿ ਰਹੇ ਉਸ ਦੇ ਪੁੱਤਰ ਨੂੰ ਅਗਵਾ ਕਰ ਲਿਆ ਗਿਆ ਹੈ। ਠੱਗਾਂ ਨੇ ਧਮਕੀ ਦਿੱਤੀ ਕਿ ਜੇ ਉਸ ਨੇ ਕਿਸੇ ਨੂੰ ਜਾਣਕਾਰੀ ਦਿੱਤੀ ਜਾਂ ਫੋਨ ਵਿਅਸਤ ਮਿਲਿਆ ਤਾਂ ਉਸ ਦੇ ਪੁੱਤਰ ਦੀ ਹੱਤਿਆ ਕਰ ਦਿੱਤੀ ਜਾਵੇਗੀ।

ਸੁਕਰਾਂਤ, ਜਾਗਰਣ, ਜਲੰਧਰ : ਫੋਲਡ਼ੀਵਾਲ ਨੇੜੇ ਰਹਿਣ ਵਾਲੀ ਇਕ ਔਰਤ ਸਾਈਬਰ ਠੱਗਾਂ ਦਾ ਸ਼ਿਕਾਰ ਬਣ ਗਈ। ਔਰਤ ਦਾ ਪੁੱਤਰ ਅਮਰੀਕਾ ’ਚ ਰਹਿੰਦਾ ਸੀ, ਜਿਸ ਦੀ ਕੁਝ ਸਮਾਂ ਪਹਿਲਾਂ ਸੜਕ ਹਾਦਸੇ ’ਚ ਮੌਤ ਹੋ ਗਈ ਸੀ। 2 ਜੂਨ ਨੂੰ ਔਰਤ ਕੋਲ ਫੋਨ ਆਇਆ ਕਿ ਉਸ ਦੇ ਪੋਤੇ ਖ਼ਿਲਾਫ਼ ਗੰਭੀਰ ਮਾਮਲਾ ਦਰਜ ਹੋ ਗਿਆ ਹੈ ਤੇ ਉਸ ਨੂੰ ਜਲਦੀ ਜੇਲ੍ਹ ਭੇਜਿਆ ਜਾਵੇਗਾ। ਠੱਗਾਂ ਨੇ ਦਾਅਵਾ ਕੀਤਾ ਕਿ ਜੇ ਉਹ ਪੋਤੇ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਤੁਰੰਤ ਪੈਸੇ ਦੇਣੇ ਪੈਣਗੇ। ਡਰ ਅਤੇ ਤਣਾਅ ’ਚ ਆਈ ਔਰਤ ਨੇ ਠੱਗਾਂ ਨੂੰ ਬੈਂਕ ਸਬੰਧੀ ਜਾਣਕਾਰੀ ਤੇ ਓਟੀਪੀ ਦੇ ਦਿੱਤੇ। ਇਸ ਤੋਂ ਬਾਅਦ ਉਸ ਦੇ ਖਾਤੇ ਤੋਂ ਲਗਪਗ 55 ਲੱਖ ਰੁਪਏ ਕੱਢਵਾ ਲਏ ਗਏ। ਠੱਗਾਂ ਨੇ ਔਰਤ ਨੂੰ 2 ਦਿਨ ਤੱਕ ਡਿਜੀਟਲ ਅਰੈਸਟ ਕੀਤਾ। ਉਸ ਨੂੰ ਲਗਾਤਾਰ ਫੋਨ 'ਤੇ ਵਿਅਸਤ ਰੱਖਿਆ ਅਤੇ ਕਿਸੇ ਨਾਲ ਗੱਲ ਨਾ ਕਰਨ ਦੀ ਧਮਕੀ ਦਿੱਤੀ।
ਇਸੇ ਤਰ੍ਹਾਂ ਬਿਲਗਾ ਨੇੜੇ ਇਕ ਪਿੰਡ ਦੀ ਔਰਤ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਕੈਨੇਡਾ ’ਚ ਰਹਿ ਰਹੇ ਉਸ ਦੇ ਪੁੱਤਰ ਨੂੰ ਅਗਵਾ ਕਰ ਲਿਆ ਗਿਆ ਹੈ। ਠੱਗਾਂ ਨੇ ਧਮਕੀ ਦਿੱਤੀ ਕਿ ਜੇ ਉਸ ਨੇ ਕਿਸੇ ਨੂੰ ਜਾਣਕਾਰੀ ਦਿੱਤੀ ਜਾਂ ਫੋਨ ਵਿਅਸਤ ਮਿਲਿਆ ਤਾਂ ਉਸ ਦੇ ਪੁੱਤਰ ਦੀ ਹੱਤਿਆ ਕਰ ਦਿੱਤੀ ਜਾਵੇਗੀ। ਪੁੱਤਰ ਦੀ ਸੁਰੱਖਿਆ ਨੂੰ ਲੈ ਕੇ ਡਰੀ ਹੋਈ ਔਰਤ 2 ਦਿਨ ਤੱਕ ਠੱਗਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੀ ਰਹੀ। ਇਸ ਦੌਰਾਨ ਉਸ ਨੇ ਆਪਣੇ ਬੈਂਕ ਖਾਤਿਆਂ ਤੋਂ ਲਗਪਗ 40 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ। ਬਾਅਦ ’ਚ ਜਦੋਂ ਪਰਿਵਾਰ ਨੇ ਪੁੱਤਰ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਔਰਤ ਸਾਈਬਰ ਠੱਗੀ ਦਾ ਸ਼ਿਕਾਰ ਹੋ ਚੁਕੀ ਹੈ।
ਕੀ ਹੁੰਦਾ ਹੈ ਡਿਜੀਟਲ ਅਰੈਸਟ?
ਡਿਜੀਟਲ ਅਰੈਸਟ ਕੋਈ ਕਾਨੂੰਨੀ ਪ੍ਰਕਿਰਿਆ ਨਹੀਂ ਹੈ। ਇਹ ਸਾਈਬਰ ਅਪਰਾਧੀਆਂ ਦਾ ਇਕ ਮਨੋਵਿਗਿਆਨਕ ਹੱਥਕੰਡਾ ਹੈ। ਠੱਗ ਖ਼ੁਦ ਨੂੰ ਪੁਲਿਸ ਅਧਿਕਾਰੀ, ਸੀਬੀਆਈ ਅਧਿਕਾਰੀ, ਈਡੀ ਅਧਿਕਾਰੀ, ਕਸਟਮ ਅਧਿਕਾਰੀ ਜਾਂ ਅਦਾਲਤ ਦੇ ਮੁਲਾਜ਼ਮ ਦੱਸ ਕੇ ਫੋਨ ਕਰਦੇ ਹਨ। ਉਹ ਦਾਅਵਾ ਕਰਦੇ ਹਨ ਕਿ ਪੀੜਤ ਜਾਂ ਉਸ ਦੇ ਕਿਸੇ ਰਿਸ਼ਤੇਦਾਰ ਦਾ ਨਾਮ ਕਿਸੇ ਅਪਰਾਧ, ਮਨੀ ਲਾਂਡਰਿੰਗ, ਡਰੱਗਜ਼ ਤਸਕਰੀ ਜਾਂ ਹੋਰ ਮਾਮਲੇ ’ਚ ਆਇਆ ਹੈ। ਇਸ ਤੋਂ ਬਾਅਦ ਵੀਡੀਓ ਕਾਲ ਜਾਂ ਲਗਾਤਾਰ ਫੋਨ ਦੁਆਰਾ ਪੀੜਤ ਨੂੰ ਡਰਾਇਆ ਜਾਂਦਾ ਹੈ। ਉਸ ਨੂੰ ਕਿਹਾ ਜਾਂਦਾ ਹੈ ਕਿ ਉਹ ਕਿਸੇ ਨਾਲ ਗੱਲ ਨਾ ਕਰੇ, ਫੋਨ ਬੰਦ ਨਾ ਕਰੇ ਤੇ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਦੇ ਸੰਪਰਕ ’ਚ ਰਹੇ। ਇਸ ਪ੍ਰਕਿਰਿਆ ਨੂੰ ਸਾਈਬਰ ਅਪਰਾਧੀ ਡਿਜੀਟਲ ਅਰੈਸਟ ਦਾ ਨਾਮ ਦਿੰਦੇ ਹਨ।
ਕਿਵੇਂ ਟ੍ਰਾਂਸਫਰ ਕੀਤੇ ਜਾਂਦੇ ਨੇ ਪੈਸੇ?
ਸਾਈਬਰ ਠੱਗ ਆਮ ਤੌਰ 'ਤੇ ਤਿੰਨ ਤਰੀਕੇ ਅਪਣਾਉਂਦੇ ਹਨ। ਪਹਿਲਾ, ਓਟੀਪੀ ਤੇ ਬੈਂਕਿੰਗ ਜਾਣਕਾਰੀ ਹਾਸਲ ਕਰ ਕੇ ਸਿੱਧਾ ਖਾਤੇ ਤੋਂ ਰਕਮ ਕੱਢਵਾ ਲੈਂਦੇ ਹਨ। ਦੂਜਾ, ਪੀੜਤ ਨੂੰ ਖ਼ੁਦ ਨੈੱਟ ਬੈਂਕਿੰਗ ਜਾਂ ਯੂਪੀਆਈ ਰਾਹੀਂ ਰਕਮ ਟ੍ਰਾਂਸਫਰ ਕਰਨ ਲਈ ਕਹਿੰਦੇ ਹਨ। ਤੀਜਾ, ਸੇਫ ਅਕਾਊਂਟ ਜਾਂ ਵੈਰੀਫਿਕੇਸ਼ਨ ਅਕਾਊਂਟ ’ਚ ਪੈਸੇ ਜਮ੍ਹਾਂ ਕਰਵਾਉਂਦੇ ਹਨ। ਰਕਮ ਕਈ ਬੈਂਕ ਖਾਤਿਆਂ ਤੇ ਡਿਜੀਟਲ ਵਾਲੇਟਾਂ ਰਾਹੀਂ ਤੇਜ਼ੀ ਨਾਲ ਇੱਧਰ-ਉੱਧਰ ਭੇਜੀ ਜਾਂਦੀ ਹੈ, ਜਿਸ ਨਾਲ ਇਸ ਨੂੰ ਟ੍ਰੇਸ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਕਿਵੇਂ ਬਚਣਾ ਹੈ?
- ਕਿਸੇ ਵੀ ਫੋਨ ਕਾਲ ’ਤੇ ਖ਼ੁਦ ਨੂੰ ਪੁਲਿਸ, ਸੀਬੀਆਈ ਜਾਂ ਸਰਕਾਰੀ ਅਧਿਕਾਰੀ ਦੱਸਣ ਵਾਲੇ ਵਿਅਕਤੀ ’ਤੇ ਤੁਰੰਤ ਭਰੋਸਾ ਨਾ ਕਰੋ।
- ਕੋਈ ਵੀ ਸਰਕਾਰੀ ਏਜੰਸੀ ਫੋਨ ਜਾਂ ਵੀਡੀਓ ਕਾਲ ’ਤੇ ਪੈਸੇ ਟ੍ਰਾਂਸਫਰ ਕਰਨ ਲਈ ਨਹੀਂ ਕਹਿੰਦੀ।
- ਓਟੀਪੀ, ਬੈਂਕ ਵੇਰਵੇ, ਯੂਪੀਆਈ ਪਿੰਨ ਜਾਂ ਪਾਸਵਰਡ ਕਿਸੇ ਨਾਲ ਸਾਂਝੇ ਨਾ ਕਰੋ।
- ਜੇ ਕਿਸੇ ਰਿਸ਼ਤੇਦਾਰ ਬਾਰੇ ਕੋਈ ਹੰਗਾਮੀ ਸੂਚਨਾ ਮਿਲੇ ਤਾਂ ਸਿੱਧਾ ਉਸ ਦੇ ਨੰਬਰ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸੰਪਰਕ ਕਰੋ।
- ਡਰਾਉਣੇ ਜਾਂ ਗੋਪਨੀਯਤਾ ਬਣਾਈ ਰੱਖਣ ਦੇ ਦਬਾਅ ’ਚ ਕੋਈ ਫ਼ੈਸਲਾ ਨਾ ਲਓ।
- ਠੱਗੀ ਦਾ ਖ਼ਦਸ਼ਾ ਹੋਣ 'ਤੇ ਤੁਰੰਤ ਰਾਸ਼ਟਰੀ ਸਾਈਬਰ ਹੈਲਪਲਾਈਨ 1930 'ਤੇ ਸ਼ਿਕਾਇਤ ਕਰੋ ਤੇ ਸਾਈਬਰ ਪੋਰਟਲ 'ਤੇ ਰਿਪੋਰਟ ਦਰਜ ਕਰੋ।
ਡਿਜੀਟਲ ਅਰੈਸਟ ਦੇ ਜ਼ਿਆਦਾਤਰ ਮਾਮਲਿਆਂ ’ਚ ਅਪਰਾਧੀ ਤਕਨੀਕ ਤੋਂ ਵੱਧ ਲੋਕਾਂ ਦੇ ਡਰ, ਭਾਵਨਾਵਾਂ ਤੇ ਰਿਸ਼ਤਿਆਂ ਦਾ ਫਾਇਦਾ ਉਠਾਉਂਦੇ ਹਨ। ਇਸ ਲਈ ਜਾਗਰੂਕਤਾ ਹੀ ਇਸ ਤਰ੍ਹਾਂ ਦੀ ਠੱਗੀ ਤੋਂ ਬਚਣ ਦਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ। ਜੇ ਕਿਸੇ ਰਿਸ਼ਤੇਦਾਰ ਦੇ ਵਿਦੇਸ਼ ’ਚ ਫਸਣ ਦੀ ਗੱਲ ਸਾਹਮਣੇ ਆਏ ਤਾਂ ਸਭ ਤੋਂ ਪਹਿਲਾਂ ਰਿਸ਼ਤੇਦਾਰ ਜਾਂ ਉਸ ਦੇ ਕਿਸੇ ਸਹਿਯੋਗੀ ਨੂੰ ਫੋਨ ਕਰੋ। ਜਿੰਨਾ ਸੰਭਵ ਹੋ ਸਕੇ ਵਿਦੇਸ਼ ’ਚ ਰਹਿੰਦੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਹਿਣ ਵਾਲੇ ਉਨ੍ਹਾਂ ਦੇ ਸਾਥੀਆਂ ਦੇ ਨੰਬਰ ਆਪਣੇ ਕੋਲ ਰੱਖੋ। ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੋਣ 'ਤੇ ਤੁਰੰਤ ਪੁਲਿਸ ਕੋਲ ਜਾਓ। ਪਲਵਿੰਦਰ ਸਿੰਘ, ਸਾਈਬਰ ਮਾਹਰ।