ਬਾਜਾ ਨੂੰ ਮਾਰ ਕੇ ASI ਦੇ ਪੁੱਤ ਨੇ ਕੱਢੀ ਖੁੰਦਕ, ਗੰਗੂ ਦੇ ਘਰ ਬੁਲਾ ਕੇ ਰਚੀ ਗਈ ਸੀ ਸਾਜ਼ਿਸ਼; ਤਾਬੜਤੋੜ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ
ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਹਰਮਨ ਪਹਿਲਾਂ ਵੀ ਕਈ ਮਾਮਲਿਆਂ ’ਚ ਪੁਲਿਸ ਦੇ ਰਾਡਾਰ 'ਤੇ ਰਹਿ ਚੁੱਕਾ ਹੈ ਅਤੇ ਉਸ ਨੂੰ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਦਕਿ ਵਰੁਣ ਤੇ ਆਕਾਸ਼ ਖ਼ਿਲਾਫ਼ ਫਿਲਹਾਲ ਕੋਈ ਸਪੱਸ਼ਟ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ। ਪੁਲਿਸ ਉਨ੍ਹਾਂ ਦੀ ਭੂਮਿਕਾ ਅਤੇ ਪਿਛੋਕੜ ਦੀ ਵੀ ਜਾਂਚ ਕਰ ਰਹੀ ਹੈ।
Publish Date: Wed, 08 Jul 2026 12:56 PM (IST)
Updated Date: Wed, 08 Jul 2026 01:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ : ਆਦਮਪੁਰ ਦੇ ਪਿੰਡ ਡਰੋਲੀ ਕਲਾਂ ’ਚ ਹੋਏ ਦਵਿੰਦਰ ਸਿੰਘ ਉਰਫ਼ ਬਾਜਾ ਕਤਲ ਮਾਮਲੇ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਕਤਲ ਪਿੱਛੇ ਕਰੀਬ ਤਿੰਨ ਸਾਲ ਪੁਰਾਣੀ ਦੁਸ਼ਮਣੀ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਵਿਵਾਦ ਮੁੱਖ ਕਾਰਨ ਸੀ। ਪੁਲਿਸ ਦਾ ਦਾਅਵਾ ਹੈ ਕਿ ਇਹ ਵਾਰਦਾਤ ਅਚਾਨਕ ਨਹੀਂ, ਸਗੋਂ ਪਹਿਲਾਂ ਤੋਂ ਰਚੀ ਗਈ ਸਾਜ਼ਿਸ਼ ਤਹਿਤ ਅੰਜਾਮ ਦਿੱਤੀ ਗਈ। ਮੁੱਖ ਮੁਲਜ਼ਮ ਹਰਮਨ, ਜੋ ਆਦਮਪੁਰ ਹਵਾਈ ਅੱਡੇ ਦੀ ਸੁਰੱਖਿਆ 'ਚ ਤਾਇਨਾਤ ਇਕ ਏਐੱਸਆਈ ਦਾ ਪੁੱਤਰ ਦੱਸਿਆ ਜਾ ਰਿਹਾ ਹੈ, ਹਾਲੇ ਵੀ ਫਰਾਰ ਹੈ। ਉਸ ਦੇ ਸਾਥੀ ਵਰੁਣ ਤੇ ਆਕਾਸ਼ ਦੀ ਵੀ ਪੁਲਿਸ ਭਾਲ ਕਰ ਰਹੀ ਹੈ। ਐੱਸਪੀ (ਜਾਂਚ) ਵਿਨੀਤ ਆਹਲਾਵਤ ਦੀ ਨਿਗਰਾਨੀ ਹੇਠ ਬਣਾਈ ਵਿਸ਼ੇਸ਼ ਟੀਮ ਲਗਾਤਾਰ ਸੰਭਾਵੀ ਟਿਕਾਣਿਆਂ ਤੇ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਿੰਨਾਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨਸ਼ੇ ਦੇ ਪੈਸਿਆਂ ਦੇ ਵਿਵਾਦ ਤੋਂ ਸ਼ੁਰੂ ਹੋਈ ਦੁਸ਼ਮਣੀ
ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਦਵਿੰਦਰ ਉਰਫ਼ ਬਾਜਾ ਅਤੇ ਮਨਪ੍ਰੀਤ ਸਿੰਘ ਉਰਫ਼ ਗੰਗੂ ਲੰਮੇ ਸਮੇਂ ਤੋਂ ਇੱਕ-ਦੂਜੇ ਦੇ ਸੰਪਰਕ ਵਿੱਚ ਸਨ। ਨਸ਼ੇ ਦੇ ਕਾਰੋਬਾਰ ਅਤੇ ਉਸ ਤੋਂ ਹੋਣ ਵਾਲੀ ਕਮਾਈ ਦੀ ਵੰਡ ਨੂੰ ਲੈ ਕੇ ਕਰੀਬ ਤਿੰਨ ਸਾਲ ਪਹਿਲਾਂ ਦੋਵਾਂ ਵਿੱਚ ਵਿਵਾਦ ਸ਼ੁਰੂ ਹੋਇਆ ਸੀ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਕਈ ਵਾਰ ਦੋਵੇਂ ਧਿਰਾਂ ’ਚ ਟਕਰਾਅ ਤੇ ਕੁੱਟਮਾਰ ਦੀਆਂ ਘਟਨਾਵਾਂ ਹੋਈਆਂ। ਸਮੇਂ ਦੇ ਨਾਲ ਇਹ ਵਿਵਾਦ ਡੂੰਘੀ ਰੰਜਿਸ਼ ਵਿੱਚ ਬਦਲ ਗਿਆ ਤੇ ਆਖ਼ਿਰਕਾਰ ਬਾਜਾ ਦੇ ਕਤਲ ਦਾ ਕਾਰਨ ਬਣਿਆ। ਪੁਲਿਸ ਪੂਰੇ ਮਾਮਲੇ ਦੀਆਂ ਕੜੀਆਂ ਜੋੜ ਕੇ ਜਾਂਚ ਕਰ ਰਹੀ ਹੈ।
ਹੁਸ਼ਿਆਰਪੁਰ ਫਾਇਰਿੰਗ ਮਾਮਲੇ ਨਾਲ ਵੀ ਜੁੜੇ ਬਾਜਾ ਦੇ ਤਾਰ
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਹੁਸ਼ਿਆਰਪੁਰ ’ਚ ਇਕ ਸੋਸ਼ਲ ਮੀਡੀਆ ਇੰਫਲੂਐਂਸਰ ਦੇ ਘਰ ' ਤੇ ਹੋਈ ਫਾਇਰਿੰਗ ਮਾਮਲੇ 'ਚ ਵੀ ਬਾਜਾ ਦਾ ਨਾਂ ਸਾਹਮਣੇ ਆਇਆ ਸੀ। ਪੁਲਿਸ ਰਿਕਾਰਡ ਅਨੁਸਾਰ, ਉਸ ਮਾਮਲੇ 'ਚ ਪਾਕਿਸਤਾਨ ਬੈਠੇ ਗੈਂਗਸਟਰ ਸ਼ਹਿਜ਼ਾਦ ਭੱਟੀ ਅਤੇ ਇੰਫਲੂਐਂਸਰ ਵਿਚਾਲੇ ਵਿਵਾਦ ਦੀ ਗੱਲ ਸਾਹਮਣੇ ਆਈ ਸੀ। ਦੋਸ਼ ਸੀ ਕਿ ਇੰਫਲੂਐਂਸਰ ਦੇ ਘਰ ਤੇ ਫਾਇਰਿੰਗ ਕਰਨ ਲਈ ਕੁਝ ਨੌਜਵਾਨਾਂ ਨੂੰ ਭੇਜਿਆ ਗਿਆ ਸੀ, ਜਿਨ੍ਹਾਂ ’ਚ ਬਾਜਾ ਵੀ ਸ਼ਾਮਲ ਸੀ। ਹਾਲਾਂਕਿ ਜਾਂਚ ਦੌਰਾਨ ਬਾਜਾ ਦਾ ਸ਼ਹਿਜ਼ਾਦ ਭੱਟੀ ਨਾਲ ਸਿੱਧਾ ਸਬੰਧ ਸਾਬਤ ਨਹੀਂ ਹੋਇਆ ਅਤੇ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਜ਼ਮਾਨਤ ਮਿਲ ਗਈ ਸੀ।
ਹਰਮਨ ' ਤੇ ਵੀ ਚਲਾ ਚੁੱਕੀ ਸੀ ਗੋਲ਼ੀ
ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਕਾਰਨ ਬਾਜਾ ਨੇ ਕੁਝ ਸਮਾਂ ਪਹਿਲਾਂ ਹਰਮਨ ਤੇ ਵੀ ਗੋਲੀ ਚਲਾਈ ਸੀ, ਜਿਸ ਵਿਚ ਹਰਮਨ ਦੇ ਪੈਰ 'ਚ ਗੋਲੀ ਲੱਗੀ ਸੀ। ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਇਸ ਘਟਨਾ ਤੋਂ ਬਾਅਦ ਬਾਜਾ ਫਰਾਰ ਹੋ ਗਿਆ ਸੀ ਪਰ ਬਾਅਦ 'ਚ ਪੁਲਿਸ ਨੇ ਮੁਕਾਬਲੇ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਹ ਕਰੀਬ ਚਾਰ ਮਹੀਨੇ ਜੇਲ੍ਹ ’ਚ ਰਿਹਾ ਤੇ ਬਾਅਦ 'ਚ ਜ਼ਮਾਨਤ ' ਤੇ ਬਾਹਰ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਰਮਨ ਧਿਰ ਇਸ ਹਮਲੇ ਦਾ ਬਦਲਾ ਲੈਣਾ ਚਾਹੁੰਦੀ ਸੀ ਅਤੇ ਇਸੇ ਲਈ ਕਤਲ ਦੀ ਸਾਜ਼ਿਸ਼ ਰਚੀ ਗਈ।
ਗੰਗੂ ਦੇ ਘਰ ਬੁਲਾ ਕੇ ਵਰ੍ਹਾਈਆਂ ਗੋਲੀਆਂ
ਪੁਲਿਸ ਜਾਂਚ ਮੁਤਾਬਕ ਘਟਨਾ ਵਾਲੇ ਦਿਨ ਦਵਿੰਦਰ ਉਰਫ਼ ਬਾਜਾ ਨੂੰ ਮਨਪ੍ਰੀਤ ਸਿੰਘ ਉਰਫ਼ ਗੰਗੂ ਨੇ ਆਪਣੇ ਘਰ ਬੁਲਾਇਆ ਸੀ। ਉੱਥੇ ਪਹਿਲਾਂ ਹੀ ਹਰਮਨ, ਵਰੁਣ ਅਤੇ ਆਕਾਸ਼ ਮੌਜੂਦ ਸਨ। ਦੋਸ਼ ਹੈ ਕਿ ਇਸ ਦੌਰਾਨ ਬਾਜਾ ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਕਤਲ ਪੂਰੀ ਯੋਜਨਾ ਤਹਿਤ ਕੀਤਾ ਗਿਆ। ਮੌਕੇ ਤੋਂ ਮਿਲੇ ਸਬੂਤਾਂ, ਫੋਰੈਂਸਿਕ ਰਿਪੋਰਟ ਅਤੇ ਪੁੱਛਗਿੱਛ ਦੇ ਆਧਾਰ ਤੇ ਪੂਰੇ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ।
ਗੰਗੂ ਪੁਲਿਸ ਰਿਮਾਂਡ ਤੇ, ਫਰਾਰ ਮੁਲਜ਼ਮਾਂ ਦੀ ਭਾਲ ਜਾਰੀ
ਇਸ ਮਾਮਲੇ ’ਚ ਪੁਲਿਸ ਪਹਿਲਾਂ ਹੀ ਮਨਪ੍ਰੀਤ ਸਿੰਘ ਉਰਫ਼ ਗੰਗੂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਰਿਮਾਂਡ ਦੌਰਾਨ ਪੁਲਿਸ ਕਤਲ ਦੀ ਸਾਜ਼ਿਸ਼, ਹਥਿਆਰਾਂ ਦਾ ਪ੍ਰਬੰਧ, ਫਰਾਰ ਮੁਲਜ਼ਮਾਂ ਦੀ ਲੋਕੇਸ਼ਨ ਤੇ ਹੋਰ ਸ਼ਾਮਲ ਲੋਕਾਂ ਦੀ ਭੂਮਿਕਾ ਬਾਰੇ ਪੁੱਛਗਿੱਛ ਕਰ ਰਹੀ ਹੈ। ਹਰਮਨ, ਵਰੁਣ ਤੇ ਆਕਾਸ਼ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਹਰਮਨ ਦਾ ਅਪਰਾਧਿਕ ਰਿਕਾਰਡ ਵੀ ਖੰਘਾਲ ਰਹੀ ਪੁਲਿਸ
ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਹਰਮਨ ਪਹਿਲਾਂ ਵੀ ਕਈ ਮਾਮਲਿਆਂ ’ਚ ਪੁਲਿਸ ਦੇ ਰਾਡਾਰ ' ਤੇ ਰਹਿ ਚੁੱਕਾ ਹੈ ਅਤੇ ਉਸ ਨੂੰ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਦਕਿ ਵਰੁਣ ਤੇ ਆਕਾਸ਼ ਖ਼ਿਲਾਫ਼ ਫਿਲਹਾਲ ਕੋਈ ਸਪੱਸ਼ਟ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ। ਪੁਲਿਸ ਉਨ੍ਹਾਂ ਦੀ ਭੂਮਿਕਾ ਅਤੇ ਪਿਛੋਕੜ ਦੀ ਵੀ ਜਾਂਚ ਕਰ ਰਹੀ ਹੈ।