- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਕੱਢੀ ਜਾ ਰਹੀ ਖ਼ਾਲਸਾ ਵਹੀਰ ਦੇ ਕੁੱਕੜ ਪਿੰਡ ਪਹੁੰਚਣ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇ ਉਸ ਨਾਲ ਡਿਬਰੂਗੜ੍ਹ ਜੇਲ੍ਹ ’ਚ ਰਹੇ ਗੁਰਿੰਦਰ ਪਾਲ ਸਿੰਘ ਉਰਫ਼ ਗੁਰ ਔਜਲਾ ਪੁੱਤਰ ਜਰਨੈਲ ਸਿੰਘ ਵਾਸੀ ਕੁੱਕੜ ਪਿੰਡ, ਥਾਣਾ ਸਦਰ, ਜਲੰਧਰ ਨੂੰ ਅੱਜ ਪੁਲਿਸ ਨੇ ਗੋਇੰਦਵਾਲ ਜੇਲ੍ਹ ਤੋਂ ਪ੍ਰਾਡਕਸ਼ਨ ਵਾਰੰਟ ’ਤੇ ਲਿਆਂਦਾ ਹੈ।

ਚੰਦੀਪ ਭੱਲਾ, ਪੰਜਾਬੀ ਜਾਗਰਣ ਜਲੰਧਰ : ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਕੱਢੀ ਜਾ ਰਹੀ ਖ਼ਾਲਸਾ ਵਹੀਰ ਦੇ ਕੁੱਕੜ ਪਿੰਡ ਪਹੁੰਚਣ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇ ਉਸ ਨਾਲ ਡਿਬਰੂਗੜ੍ਹ ਜੇਲ੍ਹ ’ਚ ਰਹੇ ਗੁਰਿੰਦਰ ਪਾਲ ਸਿੰਘ ਉਰਫ਼ ਗੁਰ ਔਜਲਾ ਪੁੱਤਰ ਜਰਨੈਲ ਸਿੰਘ ਵਾਸੀ ਕੁੱਕੜ ਪਿੰਡ, ਥਾਣਾ ਸਦਰ, ਜਲੰਧਰ ਨੂੰ ਅੱਜ ਪੁਲਿਸ ਨੇ ਗੋਇੰਦਵਾਲ ਜੇਲ੍ਹ ਤੋਂ ਪ੍ਰਾਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਉਸ ਨੂੰ ਜਲੰਧਰ ਦੀ ਅਦਾਲਤ ’ਚ ਡਿਊਟੀ ਜੱਜ ਅੱਗੇ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਕਤ ਦੇ ਵਕੀਲ ਪਰਮਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਵੱਲੋਂ ਉਸ ਨੂੰ ਥਾਣਾ ਸਦਰ ਵਿਖੇ 20 ਫਰਵਰੀ 2023 ਨੂੰ ਧਾਰਾ 188 ਅਧੀਨ ਦਰਜ ਕੇਸ ਦੇ ਮਾਮਲੇ ’ਚ ਹੋਰ ਧਾਰਾਵਾਂ ਦਾ ਵਾਧਾ ਕਰਦੇ ਹੋਏ ਅਦਾਲਤ ’ਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਦਿੱਤੇ ਜਾਣ ਦਾ ਹੁਕਮ ਦਿੱਤਾ ਹੈ।
ਐਡਵੋਕੇਟ ਵਿਰਕ ਨੇ ਦੱਸਿਆ ਕਿ ਦਰਜ ਕੀਤੇ ਗਏ ਮੁਕੱਦਮੇ ਅਨੁਸਾਰ ਖ਼ਾਲਸਾ ਵਹੀਰ ਜਦੋਂ ਕੁੱਕੜ ਪਿੰਡ ਪਹੁੰਚੀ ਤੇ ਗੁਰ ਔਜਲਾ ਉਸ ਨਾਲ ਸੀ ਤੇ ਉਸ ਨੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਸੀ ਤੇ ਉਸ ਦੀ ਹਥਿਆਰਾਂ ਨਾਲ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੁਲਿਸ ਨੇ ਉਸ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਸੀ ਕਿਉਂ ਕਿ ਉਸ ਨੇ ਪੁਲਿਸ ਅਧਿਕਾਰੀਆਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਸੀ ਤੇ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦਾ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ ਗਈ ਸੀ।
ਇਸ ਤੋਂ ਇਲਾਵਾ ਅਜਨਾਲਾ ਥਾਣਾ ’ਤੇ ਹੋਏ ਹਮਲੇ ਦੇ ਮਾਮਲੇ ’ਚ ਗੁਰਿੰਦਰ ਪਾਲ ਸਿੰਘ ਉਰਫ਼ ਪਾਲੀ ਨੂੰ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਐੱਨਐੱਸਏ ਦੇ ਤਹਿਤ ਪਹਿਲਾਂ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਡੇਢ ਸਾਲ ਬਾਅਦ ਐੱਨਐੱਸਏ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਗੋਇੰਦਵਾਲ ਜੇਲ੍ਹ ’ਚ ਭੇਜ ਦਿੱਤਾ ਗਿਆ ਤੇ ਹੁਣ ਇਸ ਸਾਲ 2023 ਦੇ ਮਾਮਲੇ ’ਚ ਵਾਧਾ ਕਰ ਕੇ ਹੋਏ ਉਸ ’ਤੇ ਅਸਲਾ ਐਕਟ ਦੀ ਧਾਰਾ ਵੀ ਲਗਾ ਦਿੱਤੀ ਗਈ ਜਦਕਿ ਜਦੋਂ ਕੋਈ ਕੇਸ ਦਰਜ ਹੁੰਦਾ ਹੈ ਤੇ ਤੈਅ ਸਮੇਂ ਦੌਰਾਨ ਉਸ ਦੀ ਚਾਰਜਸ਼ੀਟ ਦਾਖਲ ਹੋਣੀ ਹੁੰਦੀ ਹੈ ਪੁਲਿਸ ਨੇ ਉਹ ਵੀ ਨਹੀਂ ਕੀਤੀ।
ਐਡਵੋਕੇਟ ਵਿਰਕ ਨੇ ਦੱਸਿਆ ਕਿ ਉਸ ਦਾ ਮੁਅੱਕਲ ਕੋਲ ਵਿਦੇਸ਼ ਦੀ ਨਾਗਰਿਕਤਾ ਹੈ ਤੇ ਅਜਨਾਲਾ ਕੇਸ ਦਾ ਵੀ ਜੁਲਾਈ ਮਹੀਨੇ ਫ਼ੈਸਲਾ ਆਉਣ ਦੀ ਉਮੀਦ ਹੈ ਸ਼ਾਇਦ ਇਸੇ ਕਰਕੇ ਉਸ ’ਤੇ ਇਹ ਨਵੀਂ ਧਾਰਾ ਲਗਾ ਦਿੱਤੀ ਗਈ ਹੈ ਤਾਂ ਕਿ ਉਹ ਜੇਲ੍ਹ ਵਿਚੋਂ ਬਾਹਰ ਨਾ ਆ ਸਕੇ।