- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਮੁਤਾਬਕ, ਪ੍ਰਭਜੋਤ ਕੌਰ ਅਕਸਰ ਆਪਣੇ ਪਤੀ ਹਰਪ੍ਰੀਤ ਸਿੰਘ ਉਰਫ਼ ਫ਼ਤਿਹ ਜੋ ਕਿ ਅਹਿਰਾਣਾ ਖੁਰਦ ਵਿਖੇ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ ਅਤੇ ਸੱਸ ਨਿਰਮਾਲ ਕੌਰ ਨਾਲ ਲੜਾਈ-ਝਗੜਾ ਰੱਖਦੀ ਸੀ। ਬੀਤੀ 14 ਜੂਨ ਨੂੰ ਜਦੋਂ ਹਰਪ੍ਰੀਤ ਸਿੰਘ ਗੁਰਦੇ 'ਚ ਪੱਥਰੀ ਦੀ ਤਕਲੀਫ਼ ਕਾਰਨ ਹੁਸ਼ਿਆਰਪੁਰ ਵਿਖੇ ਨਿਜੀ ਹਸਪਤਾਲ 'ਚ ਦਾਖ਼ਲ ਹੋਣ ਜਾ ਰਿਹਾ ਸੀ, ਤਾਂ ਉਸ ਸਮੇਂ ਵੀ ਉਸ ਦੀ ਪਤਨੀ ਨੇ ਘਰ ਵਿਚ ਝਗੜਾ ਕੀਤਾ।

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਮੁਖਲਿਆਣਾ ਵਿਖੇ ਇਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਪੁਲਿਸ ਨੇ ਇਕ ਔਰਤ ਨੂੰ ਆਪਣੀ ਹੀ ਸੱਸ ਦਾ ਕਥਿਤ ਤੌਰ 'ਤੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕਾ ਦੀ ਪਛਾਣ ਨਿਰਮਾਲ ਕੌਰ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕਾ ਦੇ ਪੁੱਤਰ ਦੇ ਬਿਆਨਾਂ ਦੇ ਅਧਾਰ 'ਤੇ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਪਤਨੀ ਪ੍ਰਭਜੋਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ, ਪ੍ਰਭਜੋਤ ਕੌਰ ਅਕਸਰ ਆਪਣੇ ਪਤੀ ਹਰਪ੍ਰੀਤ ਸਿੰਘ ਉਰਫ਼ ਫ਼ਤਿਹ ਜੋ ਕਿ ਅਹਿਰਾਣਾ ਖੁਰਦ ਵਿਖੇ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ ਅਤੇ ਸੱਸ ਨਿਰਮਾਲ ਕੌਰ ਨਾਲ ਲੜਾਈ-ਝਗੜਾ ਰੱਖਦੀ ਸੀ। ਬੀਤੀ 14 ਜੂਨ ਨੂੰ ਜਦੋਂ ਹਰਪ੍ਰੀਤ ਸਿੰਘ ਗੁਰਦੇ 'ਚ ਪੱਥਰੀ ਦੀ ਤਕਲੀਫ਼ ਕਾਰਨ ਹੁਸ਼ਿਆਰਪੁਰ ਵਿਖੇ ਨਿਜੀ ਹਸਪਤਾਲ 'ਚ ਦਾਖ਼ਲ ਹੋਣ ਜਾ ਰਿਹਾ ਸੀ, ਤਾਂ ਉਸ ਸਮੇਂ ਵੀ ਉਸ ਦੀ ਪਤਨੀ ਨੇ ਘਰ ਵਿਚ ਝਗੜਾ ਕੀਤਾ। 14 ਅਤੇ 15 ਜੂਨ ਦੀ ਦਰਮਿਆਨੀ ਰਾਤ ਨੂੰ ਕਰੀਬ 3:00 ਵਜੇ ਜਦੋਂ ਉਹ ਹਸਪਤਾਲ ਤੋਂ ਛੁੱਟੀ ਕਰਵਾ ਕੇ ਆਪਣੇ ਪਿੰਡ ਮੁਖਲਿਆਣਾ ਸਥਿਤ ਘਰ ਪਰਤਿਆ ਤਾਂ ਗੁਆਂਢ 'ਚ ਰਹਿੰਦੀ ਇਕ ਔਰਤ ਨੇ ਉਸ ਨੂੰ ਖ਼ੌਫ਼ਨਾਕ ਸੱਚਾਈ ਦੱਸੀ।
ਪੁਲਿਸ ਅਨੁਸਾਰ, ਗੁਆਂਢਣ ਭੁਪਿੰਦਰ ਕੌਰ ਨੇ ਉਸ ਨੂੰ ਦੱਸਿਆ ਕਿ ਪ੍ਰਭਜੋਤ ਕੌਰ ਛੱਤ ਦੇ ਰਸਤੇ ਉਸ ਦੇ ਘਰ ਆਈ ਸੀ ਤੇ ਉਸ ਦੇ ਕੱਪੜੇ ਖ਼ੂਨ ਨਾਲ ਲਿਬੜੇ ਹੋਏ ਸਨ। ਪ੍ਰਭਜੋਤ ਨੇ ਕਥਿਤ ਤੌਰ 'ਤੇ ਭੁਪਿੰਦਰ ਕੌਰ ਨੂੰ ਦੱਸਿਆ ਕਿ ਉਸ ਦਾ ਆਪਣੀ ਸੱਸ ਨਾਲ ਝਗੜਾ ਹੋ ਗਿਆ ਸੀ ਤੇ ਉਸ ਨੇ ਗੁੱਸੇਵਿੱਚ ਆ ਕੇ ਦਰਵਾਜ਼ੇ ਨੂੰ ਰੋਕਣ ਲਈ ਰੱਖੀ ਹੋਈ ਇੱਟ ਚੁੱਕ ਕੇ ਨਿਰਮਲ ਕੌਰ ਦੇ ਸਿਰ 'ਚ ਮਾਰ ਦਿੱਤੀ ਜਿਸ ਕਾਰਨ ਉਹ ਖ਼ੂਨ ਨਾਲ ਲੱਥਪੱਥ ਹੋ ਕੇ ਮੂਧੇ ਮੂੰਹ ਡਿੱਗ ਪਈ।
ਜਦੋਂ ਹਰਪ੍ਰੀਤ ਸਿੰਘ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਬੈੱਡਰੂਮ 'ਚ ਉਸ ਦੀ ਮਾਤਾ ਨਿਰਮਲ ਕੌਰ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮੂਧੇ ਮੂੰਹ ਪਈ ਹੋਈ ਸੀ। ਹਰਪ੍ਰੀਤ ਸਿੰਘ ਦਾ ਦੋਸ਼ ਹੈ ਕਿ ਉਸ ਦੀ ਮਾਤਾ ਦਾ ਕਤਲ ਉਸ ਦੀ ਪਤਨੀ ਪ੍ਰਭਜੋਤ ਕੌਰ ਵੱਲੋਂ ਸਿਰ ਵਿਚ ਇੱਟ ਮਾਰ ਕੇ ਕੀਤਾ ਗਿਆ ਹੈ। ਥਾਣਾ ਮੇਹਟੀਆਣਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਔਰਤ ਪ੍ਰਭਜੋਤ ਕੌਰ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।