- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਹਿਲਪੁਰ ਪੁਲਿਸ ਨੇ ਮ੍ਰਿਤਕ ਜਸ਼ਪਾਲ ਸਿੰਘ ਦੇ ਪਿਤਾ ਜਗਦੀਸ਼ ਸਿੰਘ ਵੱਲੋਂ ਦਿੱਤੇ ਬਿਆਨਾਂ ਤੇ ਇਸ ਸਬੰਧ ਵਿੱਚ ਮਾਮਲਾ ਦਰਜ ਕਰਕੇ ਉਪਰੋਕਤ ਦੋਸ਼ੀਆਂ ਨੂੰ ਗ਼੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁ਼ਸ਼ਿਆਰਪੁਰ ਦੇ ਪਿੰਡ ਪੱਦੀ ਸੂਰਾ ਸਿੰਘ ਵਿਖੇ ਇੱਕ ਗ੍ਰੰਥੀ ਸਿੰਘ ਵੱਲੋਂ ਕਥਿਤ ਤੌਰ ’ਤੇ ਧਮਕੀਆਂ ਅਤੇ ਮਾਨਸਿਕ ਪਰੇਸ਼ਾਨੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਹਿਲਪੁਰ ਪੁਲਿਸ ਨੇ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ 6 ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ 3-4 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ, ਜਿਸ ਵਿੱਚ ਖ਼ੁਦਕੁਸ਼ੀ ਲਈ ਉਕਸਾਉਣਾ ਸ਼ਾਮਲ ਹੈ, ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਤਿੰਦਰ ਸਿੰਘ ਪੁੱਤਰ ਨੋ ਸਿੰਘ ਵਾਸੀ ਮੁਰਾਦਾਬਾਦ, ਯੂ.ਪੀ., ਹਾਲ ਵਾਸੀ ਗੁਰੂਦੁਆਰਾ ਰਾਮਸਰ ਸਾਹਿਬ, ਪੱਦੀ ਸੂਰਾ ਸਿੰਘ), ਰਜਵੰਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਲੁਧਿਆਣਾ, ਹਾਲ ਵਾਸੀ ਪਿੰਡ ਬੋੜਾ (ਗੜ੍ਹਸ਼ੰਕਰ), ਪਰਗਟ ਸਿੰਘ ਪੁੱਤਰ ਰੂੜ ਸਿੰਘ ਵਾਸੀ ਸਤਾਬਗੜ ਮਾਛੀਵਾੜਾ, ਲੁਧਿਆਣਾ, ਹਾਲ ਵਾਸੀ ਬੂਥਗੜ੍ਹ (ਹੁਸ਼ਿਆਰਪੁਰ), ਗੁਰਜੰਟ ਸਿੰਘ ਪੁੱਤਰ ਕਿਰਪਾ ਸਿੰਘ ਵਾਸੀ ਸ਼ਤਾਗੜ (ਲੁਧਿਆਣਾ), ਤਸਵੀਰ ਸਿੰਘ ਪੁੱਤਰ ਸਤਵਿੰਦਰ ਸਿੰਘ ਲੱਖੋਵਾਲ ਖੁਰਦ (ਲੁਧਿਆਣਾ) ਅਤੇ ਮੇਹਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸਕੰਦਰਪੁਰ (ਲੁਧਿਆਣਾ), ਹਾਲ ਵਾਸੀ ਗੁਰੂਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਹੁਸ਼ਿਆਰਪੁਰ ਵਜੋਂ ਹੋਈ ਹੈ।
ਕੀ ਹੈ ਪੂਰਾ ਮਾਮਲਾ?
ਪੁਲਿਸ ਅਨੁਸਾਰ, ਜਗਦੀਸ਼ ਸਿੰਘ ਪੁੱਤਰ ਨਰੰਜਣ ਸਿੰਘ (ਵਾਸੀ ਲਖੀਮਪੁਰ ਖੀਰੀ, ਯੂ.ਪੀ., ਹਾਲ ਵਾਸੀ ਪੱਦੀ ਸੂਰਾ ਸਿੰਘ) ਖ਼ੁਦ ਇੱਕ ਗ੍ਰੰਥੀ ਸਿੰਘ ਹੈ ਅਤੇ ਕਰੀਬ 6 ਮਹੀਨੇ ਪਹਿਲਾਂ ਮੁਲਜ਼ਮ ਸਤਿੰਦਰ ਸਿੰਘ ਦੇ ਕਹਿਣ 'ਤੇ ਉਹ ਆਪਣੇ ਪਰਿਵਾਰ ਸਮੇਤ ਇੱਥੇ ਆਇਆ ਸੀ ਅਤੇ ਪਿੰਡ ਪੱਦੀ ਸੂਰਾ ਸਿੰਘ ਦੇ ਗੁਰੂਦੁਆਰਾ ਕੁਟੀਆ ਸਾਹਿਬ ਵਿਖੇ ਪਾਠ ਕਰਨ ਲੱਗ ਪਿਆ। ਉਸ ਦਾ 28 ਸਾਲਾ ਲੜਕਾ ਜਸ਼ਪਾਲ ਸਿੰਘ ਪਿੰਡ ਦੇ ਹੀ ਦੂਸਰੇ ਗੁਰੂਦੁਆਰਾ ਸਾਹਿਬ ਸੰਗਰਾ (ਨਜ਼ਦੀਕ ਪਿੰਡ ਕਿਤਨਾ) ਵਿਖੇ ਪਾਠ ਕਰਦਾ ਸੀ ਅਤੇ ਆਪਣੀ ਪਤਨੀ ਲਵਪ੍ਰੀਤ ਕੌਰ ਸਮੇਤ ਉੱਥੇ ਹੀ ਰਹਿੰਦਾ ਸੀ।
ਹਿੱਸੇ ਨੂੰ ਲੈ ਕੇ ਦਿੱਤੀਆਂ ਧਮਕੀਆਂ
ਪੁਲਿਸ ਮੁਤਾਬਕ, ਦੋਸ਼ ਹੈ ਕਿ ਲੰਘੀ 9 ਜੂਨ ਨੂੰ ਸਵੇਰੇ ਸਤਿੰਦਰ ਸਿੰਘ ਆਪਣੇ ਨਾਲ ਹੋਰ ਉਕਤ ਗ੍ਰੰਥੀ ਸਿੰਘਾਂ ਅਤੇ 3-4 ਅਣਪਛਾਤਿਆਂ ਨੂੰ ਲੈ ਕੇ ਉਸ ਦੇ ਲੜਕੇ ਜਸ਼ਪਾਲ ਸਿੰਘ ਕੋਲ ਆਏ ਅਤੇ ਕਥਿਤ ਤੌਰ ’ਤੇ ਕਿਹਾ ਕਿ ਇਲਾਕੇ ਵਿੱਚ ਹੋਣ ਵਾਲੇ ਅਖੰਡ ਪਾਠ ਜਾਂ ਸਹਿਜ ਪਾਠਾਂ ਵਿੱਚ ਉਨ੍ਹਾਂ ਦੇ ਗ੍ਰੰਥੀ ਸਿੰਘਾਂ ਦਾ ਹਿੱਸਾ ਬਣਦਾ ਹੈ। ਜਦੋਂ ਜਸ਼ਪਾਲ ਸਿੰਘ ਨੇ ਅਜਿਹਾ ਨਾਜਾਇਜ਼ ਹਿੱਸਾ ਦੇਣ ਤੋਂ ਮਨ੍ਹਾ ਕੀਤਾ, ਤਾਂ ਉਕਤ ਸਾਰਿਆਂ ਨੇ ਉਸ ਨੂੰ ਕਥਿਤ ਤੌਰ ’ਤੇ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਨੇ ਉਸ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਝੂਠੇ ਦੋਸ਼ ਵੀ ਕਥਿਤ ਤੌਰ ’ਤੇ ਲਾਏ ਅਤੇ ਕਿਹਾ ਕਿ ਤੈਨੂੰ ਚੰਗੀ ਤਰ੍ਹਾਂ ਪਾਠ ਵੀ ਨਹੀਂ ਕਰਨਾ ਆਉਂਦਾ। ਉਨ੍ਹਾਂ ਨੇ ਜਸ਼ਪਾਲ ਕੋਲੋਂ ਜ਼ਬਰਦਸਤੀ ਪਾਠ ਕਰਵਾ ਕੇ ਵੀ ਦੇਖਿਆ ਅਤੇ ਜਾਂਦੇ-ਜਾਂਦੇ ਕਥਿਤ ਤੌਰ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਪਰੇਸ਼ਾਨੀ ਕਾਰਨ ਚੁੱਕਿਆ ਖ਼ੌਫਨਾਕ ਕਦਮ
ਪੁਲਿਸ ਮੁਤਾਬਕ ਜਸ਼ਪਾਲ ਸਿੰਘ ਨੇ ਇਨ੍ਹਾਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਬੀਤੀ 12 ਜੂਨ ਦੀ ਸ਼ਾਮ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
ਮਾਹਿਲਪੁਰ ਪੁਲਿਸ ਨੇ ਮ੍ਰਿਤਕ ਜਸ਼ਪਾਲ ਸਿੰਘ ਦੇ ਪਿਤਾ ਜਗਦੀਸ਼ ਸਿੰਘ ਵੱਲੋਂ ਦਿੱਤੇ ਬਿਆਨਾਂ ਤੇ ਇਸ ਸਬੰਧ ਵਿੱਚ ਮਾਮਲਾ ਦਰਜ ਕਰਕੇ ਉਪਰੋਕਤ ਦੋਸ਼ੀਆਂ ਨੂੰ ਗ਼੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।