- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਦੇ ਕੇਵਲ ਸਿੰਘ ਢਿੱਲੋਂ ਭਾਜਪਾ ਦੇ ਪੰਜਾਬ ਪ੍ਰਧਾਨ ਬਣੇ ਨੇ, ਉਦੋਂ ਤੋਂ ਹੀ ਬਰਨਾਲੇ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਨੇ। ਕੇਵਲ ਢਿੱਲੋਂ ਬਰਨਾਲੇ ਦੇ ਜੰਮਪਲ ਨੇ ਤੇ ਇੱਥੋਂ ਦੇ ਹਰ ਇੱਕ ਆਗੂ ਦੀ ਰਗ-ਰਗ ਤੋਂ ਵਾਕਫ਼ ਨੇ। ਨਰਿੰਦਰ ਗਰਗ ਨੀਟਾ ਦੀ ਕੇਵਲ ਢਿੱਲੋਂ ਨਾਲ ਅੰਦਰੂਨੀ ਤੇ ਸਿਆਸੀ ਨੇੜਤਾ ਕਿਸੇ ਤੋਂ ਲੁਕੀ ਨਹੀਂ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਮਾਲਵੇ ਦੀ ਸਿਆਸਤ ਐਤਕੀਂ ਪੂਰੀ ਭਖੀ ਹੋਈ ਐ, ਤੇ ਜੇ ਗੱਲ ਕਰੀਏ ਬਰਨਾਲੇ ਦੀ, ਤਾਂ ਇੱਥੇ ਭਾਜਪਾ ਦੇ ਅੰਦਰਖਾਤੇ ਨਵੇਂ ਜ਼ਿਲ੍ਹਾ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਐ। ਸਿਆਸੀ ਗਲਿਆਰਿਆਂ ’ਚੋਂ ਛਣ-ਛਣ ਕੇ ਆ ਰਹੀਆਂ ਖ਼ਬਰਾਂ ਮੁਤਾਬਕ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਤੇ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਗਰਗ ਨੀਟਾ ਦਾ ਨਾਂ ਇਸ ਵੇਲੇ ਜ਼ਿਲ੍ਹਾ ਪ੍ਰਧਾਨਗੀ ਦੀ ਰੇਸ ’ਚ ਸਭ ਤੋਂ ਮੂਹਰੇ ਚੱਲ ਰਿਹਾ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ, ਉਨ੍ਹਾਂ ਦੀ ਭਾਜਪਾ ਦੇ ਨਵੇਂ ਬਣੇ ਪੰਜਾਬ ਪ੍ਰਧਾਨ ਤੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨਾਲ ਪੱਕੀ ਤੇ ਗੂੜ੍ਹੀ ਨੇੜਤਾ ਹੈ। ਨੀਟਾ ਗਰਗ ਕੋਈ ਨਵਾਂ ਨਾਂ ਨਹੀਂ ਹੈ, ਉਨ੍ਹਾਂ ਦੇ ਪਰਿਵਾਰ ਦਾ ਬਰਨਾਲੇ ਦੀ ਸਿਆਸਤ ’ਚ ਚੰਗਾ ਖਾਸਾ ਦਬਦਬਾ ਰਿਹਾ ਹੈ।
ਨਰਿੰਦਰ ਗਰਗ ਨੀਟਾ ਦੇ ਪਿਤਾ ਰਘੁਵੀਰ ਪ੍ਰਕਾਸ਼ ਗਰਗ ਵੀ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਰਹਿ ਚੁੱਕੇ ਹਨ, ਯਾਨੀ ਸਿਆਸਤ ਉਨ੍ਹਾਂ ਨੂੰ ਗੁੜ੍ਹਤੀ ’ਚ ਮਿਲੀ ਐ। ਉਨ੍ਹਾਂ ਦੀ ਧਰਮਪਤਨੀ ਸਨੇਹ ਲਤਾ ਵਾਰਡ ਨੰਬਰ 41 ਤੋਂ ਇਸ ਵੇਲੇ ਭਾਜਪਾ ਵੱਲੋਂ ਬਰਨਾਲਾ ਨਗਰ ਕੌਂਸਲ (ਨਗਰ ਨਿਗਮ ਗਤੀਵਿਧੀਆਂ) ’ਚ ਮੌਜੂਦਾ ਕੌਂਸਲਰ ਵਜੋਂ ਜਿੱਤੇ ਹੋਏ ਨੇ। ਨੀਟਾ ਗਰਗ ਖ਼ੁਦ ਵੀ ਨਗਰ ਕੌਂਸਲ ਦੇ ਮੀਤ ਪ੍ਰਧਾਨ ਰਹਿਕੇ ਸ਼ਹਿਰ ਦੇ ਵਿਕਾਸ ਕਾਰਜਾਂ ’ਚ ਹੱਥ ਅਜ਼ਮਾ ਚੁੱਕੇ ਨੇ। ਸਿਆਸੀ ਪਿਛੋਕੜ ਹੋਣ ਕਰਕੇ ਨੀਟਾ ਗਰਗ ਦੀ ਸ਼ਹਿਰੀ ਵੋਟਰਾਂ ਅਤੇ ਭਾਜਪਾ ਦੇ ਕੇਡਰ ’ਚ ਪੂਰੀ ਪਕੜ ਮੰਨੀ ਜਾਂਦੀ ਐ।
ਜਦੋਂ ਦੇ ਕੇਵਲ ਸਿੰਘ ਢਿੱਲੋਂ ਭਾਜਪਾ ਦੇ ਪੰਜਾਬ ਪ੍ਰਧਾਨ ਬਣੇ ਨੇ, ਉਦੋਂ ਤੋਂ ਹੀ ਬਰਨਾਲੇ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਨੇ। ਕੇਵਲ ਢਿੱਲੋਂ ਬਰਨਾਲੇ ਦੇ ਜੰਮਪਲ ਨੇ ਤੇ ਇੱਥੋਂ ਦੇ ਹਰ ਇੱਕ ਆਗੂ ਦੀ ਰਗ-ਰਗ ਤੋਂ ਵਾਕਫ਼ ਨੇ। ਨਰਿੰਦਰ ਗਰਗ ਨੀਟਾ ਦੀ ਕੇਵਲ ਢਿੱਲੋਂ ਨਾਲ ਅੰਦਰੂਨੀ ਤੇ ਸਿਆਸੀ ਨੇੜਤਾ ਕਿਸੇ ਤੋਂ ਲੁਕੀ ਨਹੀਂ ਹੈ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਕੇਵਲ ਢਿੱਲੋਂ ਪੰਜਾਬ ਭਾਜਪਾ ਦੀ ਕਮਾਨ ਸੰਭਾਲਣ ਤੋਂ ਬਾਅਦ ਆਪਣੇ ਸਭ ਤੋਂ ਭਰੋਸੇਮੰਦ ਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਆਗੂਆਂ ਨੂੰ ਅੱਗੇ ਲਿਆਉਣ ਦੇ ਰੌਂਅ ’ਚ ਨੇ। ਅਜਿਹੇ ’ਚ ਨੀਟਾ ਗਰਗ ਦਾ ਪੱਲਾ ਸਭ ਤੋਂ ਭਾਰੀ ਨਜ਼ਰ ਆ ਰਿਹਾ ਐ, ਤੇ ਇਹ ਨੇੜਤਾ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਕੁਰਸੀ ਤੱਕ ਪਹੁੰਚਾਉਣ ’ਚ ਸਭ ਤੋਂ ਵੱਡਾ ਰੋਲ ਅਦਾ ਕਰ ਸਕਦੀ ਐ। ਨੀਟਾ ਗਰਗ ਦੀ ਦਾਅਵੇਦਾਰੀ ਮਜ਼ਬੂਤ ਹੋਣ ਦਾ ਇੱਕ ਹੋਰ ਵੱਡਾ ਕਾਰਨ ਉਨ੍ਹਾਂ ਦਾ ਸੁਭਾਅ ਐ। ਉਹ ਸਿਰਫ਼ ਚੋਣਾਂ ਵੇਲੇ ਬਾਹਰ ਨਿਕਲਣ ਵਾਲੇ ਲੀਡਰ ਨਹੀਂ, ਸਗੋਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਪ੍ਰੋਗਰਾਮਾਂ ਤੇ ਲੋਕਾਂ ਦੇ ਸੁਖ-ਦੁੱਖ ’ਚ ਸਭ ਤੋਂ ਮੂਹਰੇ ਹੋ ਕੇ ਖੜ੍ਹਦੇ ਨੇ। ਸ਼ਹਿਰ ਦੇ ਆਮ ਲੋਕਾਂ ’ਚ ਉਨ੍ਹਾਂ ਦੀ ਛਵੀ ਇੱਕ ਨਰਮ-ਦਿਲ ਤੇ ਕੰਮ ਕਰਵਾਉਣ ਵਾਲੇ ਆਗੂ ਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹਾਈਕਮਾਂਡ ਤੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਕਦੋਂ ਬਰਨਾਲਾ ਭਾਜਪਾ ਦੀ ਕਮਾਨ ਨਰਿੰਦਰ ਗਰਗ ਨੀਟਾ ਦੇ ਹੱਥ ਸੌਂਪਦੇ ਨੇ। ਪਰ ਇੱਕ ਗੱਲ ਤਾਂ ਸਾਫ਼ ਐ, ਜੇ ਨੀਟਾ ਗਰਗ ਜ਼ਿਲ੍ਹਾ ਪ੍ਰਧਾਨ ਬਣਦੇ ਨੇ, ਤਾਂ ਬਰਨਾਲਾ ਜ਼ਿਲ੍ਹੇ ’ਚ ਭਾਜਪਾ ਨੂੰ ਇੱਕ ਤਕੜਾ, ਤਜ਼ਰਬੇਕਾਰ ਤੇ ਪਰਿਵਾਰਕ ਸਿਆਸੀ ਪਿਛੋਕੜ ਵਾਲਾ ਚਿਹਰਾ ਮਿਲ ਜਾਵੇਗਾ, ਜੋ ਆਉਣ ਵਾਲੀਆਂ ਚੋਣਾਂ ’ਚ ਪਾਰਟੀ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।