- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸਥਾਨਿਕ ਲੋਕ ਯਾਤਰੀਆਂ ਦਾ ਹਮੇਸ਼ਾਂ ਹੀ ਸਤਿਕਾਰ ਕਰਦੇ ਹਨ ਅਤੇ ਸਾਨੂੰ ਵੀ ਉਹਨਾਂ ਨਾਲ ਪਿਆਰ ਨਾਲ ਵਿਚਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾਂ ਹੀ ਗੁਰੂ ਦੀਆਂ ਲਾਡਲੀਆਂ ਫੌਜਾਂ ਚੜਦੀਕਲ੍ਹਾ ਨਾਲ ਯਾਤਰਾ ਕਰਕੇ ਯਾਤਰਾ ਦੀ ਸ਼ਾਨ ਵਧਾਉਂਦੀਆਂ ਹਨ।

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਉੱਤਰਾਖੰਡ ‘ਚ ਚੱਲ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਕਰਨਪ੍ਰਯਾਗ ਵਿਖੇ 16 ਜੂਨ ਨੂੰ ਨਿਹੰਗ ਸਿੰਘਾਂ ਅਤੇ ਸਥਾਨਕ ਲੋਕਾਂ ਵਿਚਕਾਰ ਹੋਈ ਝੜਪ ਕਰਨ ਬਣੇ ਹਾਲਾਤ ਹੁਣ ਸੁਖਾਵੇਂ ਹੋ ਗਏ ਹਨ। ਜਿੱਥੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਨਿਹੰਗ ਸਿੰਘਾਂ ਨੂੰ ਕਿਰਪਾਨ ਨਾ ਲੈ ਕੇ ਆਉਂਣ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਸਿੱਖ ਸੰਗਤ ਪਾਸੋਂ ਇਕ ਅਧਿਕਾਰੀ ਦੀ ਗਲਤੀ ਦੀ ਮਾਫੀ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਮੰਗੀ ਹੈ, ਉੱਥੇ ਹੀ ਪ੍ਰਸਾਸ਼ਨ ਨੇ ਨਿਹੰਗ ਸਿੰਘਾਂ ਦੇ ਨਾਲ ਝਗੜਾ ਕਰਨ ਵਾਲਿਆਂ ਸਥਾਨਕ ਲੋਕਾਂ ‘ਤੇ ਵੀ ਪਰਚਾ ਦਰਜ ਕਰ ਦਿੱਤਾ ਹੈ। ਇਸ ਕੇਸ ਦੀ ਜਾਂਚ ਲਈ ਸਿੱਖ ਅਧਿਕਾਰੀ ਆਈਪੀਐਸ ਨਵਨੀਤ ਸਿੰਘ ਭੁੱਲਰ ਨੂੰ ਸੌਂਪੀ ਹੈ, ਜੋ ਜਲਦ ਹੀ ਕੇਸ ਦੀ ਮੁਕੰਮਲ ਜਾਂਚ ਕਰਕੇ ਉੱਚ ਅਧਿਕਾਰੀਆਂ ਨੂੰ ਸੌਂਪਣਗੇ। ਦੋਵੇਂ ਧੜੇ ਸ਼ਾਂਤ ਹੋਏ ਹਨ।
ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨਿਰਵਿਘਨ ਚੱਲ ਰਹੀ ਹੈ, ਯਾਤਰੀਆਂ ਦੀ ਸਰੁਰੱਖਿਆਂ ਲਈ ਪੁਲਿਸ ਪ੍ਰਸਾਸ਼ਨ ਦਿਨ-ਰਾਤ ਤਾਈਨਾਤ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸਥਾਨਿਕ ਲੋਕ ਯਾਤਰੀਆਂ ਦਾ ਹਮੇਸ਼ਾਂ ਹੀ ਸਤਿਕਾਰ ਕਰਦੇ ਹਨ ਅਤੇ ਸਾਨੂੰ ਵੀ ਉਹਨਾਂ ਨਾਲ ਪਿਆਰ ਨਾਲ ਵਿਚਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾਂ ਹੀ ਗੁਰੂ ਦੀਆਂ ਲਾਡਲੀਆਂ ਫੌਜਾਂ ਚੜਦੀਕਲ੍ਹਾ ਨਾਲ ਯਾਤਰਾ ਕਰਕੇ ਯਾਤਰਾ ਦੀ ਸ਼ਾਨ ਵਧਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ 23 ਮਈ ਤੋਂ ਯਾਤਰਾ ਚੱਲ ਰਹੀ ਹੈ, ਜਿਸ ਦੌਰਾਨ ਕਰਨਪ੍ਰਯਾਗ ਇਕ ਮਾੜੀ ਘਟਨਾ ਵਾਪਰੀ ਹੈ, ਪਰ ਸੰਗਤਾਂ ਦਾ ਉਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਬਲੇ ਜਨਮ ਦੇ ਤਪ ਅਸਥਾਨ ਦੇ ਦਰਸ਼ਨਾ ਲਈ ਉਸੇ ਤਰਾਂ ਬਰਕਰਾਰ ਹੈ। ਸੰਗਤਾਂ ਦੀ ਰਿਹਾਇਸ਼ ਅਤੇ ਲੰਗਰਾਂ ਦੇ ਪ੍ਰਬੰਧ ਟਰੱਸਟ ਵੱਲੋਂ ਨਿਰਵਿਘਨ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਆਮਦ ਜਿਆਦਾ ਹੋਣ ਕਰਾਨ ਰਿਹਾਇਸ਼ ਲਈ ਕਈ ਵਾਰ ਮੁਸ਼ਕਿਲ ਆਉਂਦੀ ਹੈ, ਜਿਸ ਲਈ ਸੰਗਤਾਂ ਲਈ ਬਿਸਤਰੇ ਆਦਿ ਦਾ ਵਾਧੂ ਪ੍ਰਬੰਧ ਵੀ ਕੀਤਾ ਗਿਆ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਵੱਖ-ਵੱਖ ਸਿੱਖ ਸੰਸਥਾਵਾਂ, ਜਥੇਬੰਦੀਆਂ ਨੇ ਦਿੱਤਾ ਦਖਲ
ਉੱਤਰਾਖੰਡ ਵਿਖੇ ਨਿਹੰਗ ਸਿੱਖ ਨੌਜੁਵਾਨਾਂ ਨਾਲ ਵਾਪਰੀ ਘਟਨਾ ਸਬੰਧੀ ਜਿਥੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਨੇ ਤੁਰੰਤ ਪੁਲਿਸ ਤੇ ਸਿਵਲ ਪ੍ਰਸਾਸ਼ਨ ਨਾਲ ਰਾਬਤਾ ਕਾਇਮ ਕੀਤਾ ਉਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ ਵੱਖ-ਵੱਖ ਸਿੱਖ ਸੰਸਥਾਵਾਂ, ਜਥੇਬੰਦੀਆਂ ਨੇ ਦਖਲ ਦਿੱਤਾ। ਕਰਨਪ੍ਰਯਾਗ ਉੱਤਰਾਖੰਡ ਵਿਖੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਜਾ ਰਹੇ ਚਾਰ ਸਿੱਖ ਨੌਜਵਾਨ ਨਿਹੰਗ ਸਿੱਖਾਂ ਉੱਤੇ ਹੋਏ ਹਮਲੇ, ਕੁੱਟਮਾਰ ਅਤੇ ਇਕਤਰਫਾ ਪਰਚਾ ਦਰਜ ਕੀਤੇ ਜਾਣ ਦੀ ਘਟਨਾ ਨੇ ਸਿੱਖ ਜਥੇਬੰਦੀਆਂ ਤੇ ਸਿੱਖ ਸੰਸਥਾਵਾਂ ਵਿਚ ਰੋਸ ਪੈਦਾ ਹੋਇਆ ਸੀ। ਜਿਸ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜਮ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਤਰਾਖੰਡ ਪ੍ਰਸਾਸ਼ਨ ਨਾਲ ਰਾਬਤਾ ਕੀਤਾ ਗਿਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਜਗਦੀਪ ਸਿੰਘ ਕਾਹਲੋ ਦੀ ਅਗਵਾਈ ਵਿਚ ਵਫਦ ਨੇ ਡੀਜੀਪੀ ਦੀਪਮ ਸੇਠ ਨਾਲ ਮਿਲ ਕੇ ਮਾਮਲੇ ਸਬੰਧੀ ਸਿੱਖਾਂ ਨਾਲ ਹੋਈ ਇਕਤਰਫਾ ਕਾਰਵਾਈ ਨੂੰ ਗਲਤ ਦੱਸਿਆ ਅਤੇ ਦੂਸਰੀ ਧਿਰ ‘ਤੇ ਪਰਚਾ ਦਰਜ ਕਰਨ ਅਤੇ ਕੇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਫਦ ਜਿਸ ਵਿਚ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ, ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਭਾਈ ਤਰਸੇਮ ਸਿੰਘ, ਗੁਰਦੁਆਰਾ ਸ਼ਹੀਦ ਸਿੰਘਾਂ ਸੁਹਾਣਾ ਸਾਹਿਬ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਆਦਿ ਨੇ ਡੀਜੀਪੀ ਦੀਪਕ ਸੇਠ ਨਾਲ ਮਿਲ ਕੇ ਇਸ ਮਾਮਲੇ ਦੇ ਹੱਲ ਲਈ ਗੱਲਬਾਤ ਕੀਤੀ ਅਤੇ ਦੂਸਰੀ ਧਿਰ ‘ਤੇ ਪਰਚਾ ਦਰਜ ਕਰਨ ਅਤੇ ਸਿੱਖ ਅਧਿਕਾਰੀ ਪਾਸੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਂਣ ਦੀ ਮੰਗ ਕੀਤੀ ਸੀ, ਜਿਸ ਨੂੰ ਮੰਨ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ
ਕਰਨਪ੍ਰਯਾਗ ਵਿਚ ਧਾਰਾ 163 ਦੇ ਤਹਿਤ, ਖੇਤਰ ਵਿਚ ਪੰਜ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਧੀ ਲਗਾਈ ਹੈ। ਇਸ ਤੋਂ ਇਲਾਵਾ, ਜਲੂਸ, ਧਰਨੇ, ਰੈਲੀਆਂ, ਪ੍ਰਦਰਸ਼ਨ, ਹਥਿਆਰ ਲੈ ਕੇ ਜਾਣ ਅਤੇ ਭੜਕਾਊ ਨਾਅਰੇਬਾਜ਼ੀ 'ਤੇ ਵੀ ਪਾਬੰਦੀ ਹੋਵੇਗੀ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਦੀ ਅਪੀਲ: ਅਫਵਾਹਾਂ ਤੋਂ ਦੂਰ ਰਹੋ
ਪੁਲਿਸ ਅਤੇ ਪ੍ਰਸ਼ਾਸਨ ਨੇ ਸਥਾਨਕ ਨਿਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਸੋਸ਼ਲ ਮੀਡੀਆ ਜਾਂ ਹੋਰ ਪਲੇਟਫਾਰਮਾਂ 'ਤੇ ਫੈਲ ਰਹੀਆਂ ਅਣ-ਪ੍ਰਮਾਣਿਤ ਖਬਰਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਾਰੇ ਜਰੂਰੀ ਕਦਮ ਚੁੱਕੇ ਜਾ ਰਹੇ ਹਨ। ਚਮੋਲੀ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਸੰਵੇਦਨਸ਼ੀਲ ਖੇਤਰਾਂ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਖੁਫੀਆ ਏਜੰਸੀਆਂ ਨੂੰ ਸਰਗਰਮ ਕੀਤਾ ਗਿਆ ਹੈ। ਕਿਸੇ ਵੀ ਅਣਸੁਖਾਵੀਂ ਗਤੀਵਿਧੀ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਸ਼੍ਰੋਮਣੀ ਅਕਾਲ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਾਵਈ ਵਿਚ ਇਕ ਵਫਦ ਨੇ ਦਿੱਲੀ ਦੇ ਉੱਤਰਾਖੰਡ ਭਵਨ ਵਿਖੇ ਉੱਤਰਾਖੰਡ ਦੇ ਰੇਜਿਡੇਂਟ ਕਮਿਸ਼ਨਰ ਅਜੈ ਮਿਸ਼ਰਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਜਿਸ 'ਚ ਘਟਨਾ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਦੇ ਵਿਵਹਾਰ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ। ਸਿੱਖ ਸ਼ਰਧਾਲੂਆਂ ਨੂੰ ਉਹਨਾਂ ਦੀ ਧਾਰਮਿਕ ਪਛਾਣ ਦੇ ਕਾਰਨ ਪਰੇਸ਼ਾਨੀ, ਅਪਮਾਨ ਜਾਂ ਵਿਤਕਰੇ ਵਾਲਾ ਵਿਵਹਾਰ ਨਾ ਕੀਤਾ ਜਾਵੇ। ਸਿੱਖ ਧਾਰਮਿਕ ਵਸਤੂਆਂ ਦੀ ਧਾਰਮਿਕ ਮਹੱਤਤਾ ਬਾਰੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਢੁਕਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਦੀ ਮੰਗ ਕੀਤੀ ਹੈ। ਸ੍ਰੀ ਹੇਮਕੁੰਟ ਸਾਹਿਬ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਸ਼ਿਕਾਇਤ ਕੇਂਦਰ ਸਥਾਪਤ ਕੀਤਾ ਜਾਵੇ। ਸ਼ਰਧਾਲੂਆਂ ਦੀ ਸੁਰੱਖਿਆ, ਮਾਣ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਂਣ ਲਈ ਸਿੱਖ ਪ੍ਰਤੀਨਿਧੀ ਸੰਸਥਾਵਾਂ ਅਤੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਨਾਲ ਤਾਲਮੇਲ ਨੂੰ ਯਕੀਨੀ ਬਣਾਇਆ ਜਾਵੇ।
ਰੁਦਰਪ੍ਰਯਾਗ ਵਿਖੇ ਨਗਰਾਸੂ ਦੇ ਗੁਰਦੁਆਰਾ ਦਮਦਮਾ ਸਾਹਿਬ ਦੀ ਛੱਤ ‘ਤੇ ਚੜ੍ਹੇ ਨਿਹੰਗ
ਇਸੇ ਮਾਮਲੇ ਦੇ ਰੋਸ ਵਿਚ ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰੀਆਂ ਦੀ ਸਹੂਲਤ ਲਈ ਰੁਦਰਪ੍ਰਯਾਗ ਨਗਰਾਸੂ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਛੱਤ ‘ਤੇ 20 ਜੂਨ ਤੋਂ 7 ਨਿਹੰਗ ਸਿੰਘ ਚੜ੍ਹ ਗਏ ਸਨ। ਇਨ੍ਹਾਂ ਵਿਚੋਂ 2 ਨਿਹੰਗ ਸਿੰਘ ਵਾਪਸ ਆ ਗਏ ਹਨ ਅਤੇ ਬਾਕੀ ਪੰਜ ਨਿਹੰਗ ਸਿੰਘਾਂ ਵੱਲੋਂ ਆਪਣੀਆਂ ਸ਼ਰਤਾਂ ‘ਤੇ ਬਰਕਰਾਰ ਰਹਿੰਦਿਆਂ ਵਾਪਸ ਨਾ ਆਉਂਣ ਦੀ ਅੜ੍ਹੀ ਕਰ ਰਹੇ ਹਨ। ਆਈਟੀਬੀਪੀ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਇਥੇ ਸਥਿਤੀ ਨੂੰ ਸੰਭਾਲਿਆ ਹੈ ਅਤੇ ਗੁਰਦੁਆਰਾ ਨਗਰਾਸੂ ਵਿਖੇ ਕਿਸੇ ਨੂੰ ਵੀ ਜਾਣ ਦੀ ਮਨਾਹੀ ਹੈ। ਇਸ ਗੁਰਦੁਆਰੇ ਦਾ ਪ੍ਰਬੰਧ ਬਾਬਾ ਬੇਅੰਤ ਸਿੰਘ ਤੇ ਬਾਬਾ ਸੁਖਦੇਵ ਸਿੰਘ ਵੱਲੋਂ ਤਕਰੀਬਨ 25 ਸਾਲ ਤੋਂ ਨਿੱਜੀ ਤੌਰ ‘ਤੇ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਮਾਮਲਾ ਪੂਰੀ ਤਰ੍ਹਾਂ ਹੱਲ ਹੋ ਜਾਵੇਗਾ।