- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਤੰਤਰ ਅੰਦਰ ਮੀਡੀਆ ਚੌਥੇ ਥੰਮ੍ਹ ਦੀ ਭੂਮਿਕਾ ਅਦਾ ਕਰਦਾ ਹੈ ਅਤੇ ਇਸ ਤਰ੍ਹਾਂ ਲੋਕ ਪੱਖੀ ਜ਼ਰੂਰੀ ਘਟਨਾਵਾਂ ਤੇ ਖ਼ਬਰਾਂ ਨੂੰ ਜੇਕਰ ਮੀਡੀਆ ਕਿਸੇ ਦਬਾਅ ਹੇਠ ਪ੍ਰਕਾਸ਼ਿਤ ਨਹੀਂ ਕਰਦਾ ਤਾਂ ਇਹ ਜ਼ਿੰਮੇਵਾਰੀ ਦਾ ਸਹੀ ਨਿਰਬਾਹ ਨਹੀਂ ਹੈ, ਇਸ ਨਾਲ ਸਮੂਹ ਮੀਡੀਆ ਅਦਾਰਿਆਂ ਦੀ ਭਰੋਸੇਯੋਗਤਾ ਉੱਤੇ ਵੱਡੇ ਸਵਾਲ ਖੜ੍ਹੇ ਹੋਣੇ ਸੁਭਾਵਿਕ ਹਨ।

ਸਟਾਫ ਰਿਪੋਰਟਰ, ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ, ਪ੍ਰੈੱਸ ਕਲੱਬ ਅੰਮ੍ਰਿਤਸਰ, ਪੰਜਾਬ ਪ੍ਰੈੱਸ ਕਲੱਬ, ਜਲੰਧਰ ਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਚੰਡੀਗੜ੍ਹ ਦੇ ਨਾਮ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਲਿਖਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਇਤਰਾਜ਼ਯੋਗ ਵੀਡੀਓ ਦੇ ਮਾਮਲੇ 'ਚ ਸਰਕਾਰ ਵੱਲੋਂ ਜਾਅਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾ ਕੇ ਸਿੱਖ ਸੰਗਤ ਨਾਲ ਧੋਖਾ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ ਜੋ ਬੀਤੇ ਕੱਲ੍ਹ ਹਰਿਆਣਾ ਦੀ ਗੁੜਗਾਉਂ ਪੁਲਿਸ ਨੇ ਪਰਚਾ ਦਰਜ ਕੀਤਾ ਹੈ, ਇਸ ਨਾਲ ਸਬੰਧਤ ਖਬਰ ਨੂੰ ਮੀਡੀਆ ਦੇ ਵੱਡੇ ਹਿੱਸੇ ਨੇ ਪ੍ਰਕਾਸ਼ਿਤ ਨਹੀਂ ਕੀਤਾ। ਮੀਡੀਆ ਖ਼ਾਸਕਰ ਪੰਜਾਬੀ ਮੀਡੀਆ ਅਤੇ ਡਿਜੀਟਲ ਮੀਡੀਆ ਵੱਲੋਂ ਇਸ ਖ਼ਬਰ ਨੂੰ ਬਲੈਕਆਉਟ ਕਰਨ ਦਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਹਿਰਾ ਖੇਦ ਪ੍ਰਗਟ ਕੀਤਾ ਜਾਂਦਾ ਹੈ।
ਦੇਸ਼ ਵਿਦੇਸ਼ ਦੇ ਚੱਲਦੇ ਸਿੱਖ ਮਸਲਿਆਂ ਬਾਰੇ ਸਮੇਂ-ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ, ਕਾਰਵਾਈਆਂ ਅਤੇ ਪ੍ਰਤੀਕਰਮ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਪ ਨਾਲ ਸਬੰਧਤ ਪੱਤਰਕਾਰਾਂ ਤੇ ਮੀਡੀਆ ਕਰਮੀਆਂ ਨੂੰ ਮੀਡੀਆ ਗਰੁੱਪ ਰਾਹੀਂ ਅਧਿਕਾਰਤ ਰੂਪ ਵਿੱਚ ਸਾਂਝੇ ਕੀਤੇ ਜਾਂਦੇ ਹਨ ਅਤੇ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਦੀ ਵੀਡੀਓ ਨਾਲ ਸਬੰਧਤ ਮਾਮਲੇ ਉੱਤੇ ਵੀ ਬੀਤੇ ਕੱਲ੍ਹ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਸੀ। ਪਰੰਤੂ ਬਹੁਤ ਖੇਦ ਦੀ ਗੱਲ ਹੈ ਕਿ ਮੀਡੀਆ ਦੇ ਵੱਡੇ ਹਿੱਸੇ ਨੇ ਇਸ ਗੰਭੀਰ ਮਾਮਲੇ 'ਤੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਤ ਪੱਖ ਨੂੰ ਪ੍ਰਕਾਸ਼ਿਤ ਨਹੀਂ ਕੀਤਾ।
ਲੋਕਤੰਤਰ ਅੰਦਰ ਮੀਡੀਆ ਚੌਥੇ ਥੰਮ੍ਹ ਦੀ ਭੂਮਿਕਾ ਅਦਾ ਕਰਦਾ ਹੈ ਅਤੇ ਇਸ ਤਰ੍ਹਾਂ ਲੋਕ ਪੱਖੀ ਜ਼ਰੂਰੀ ਘਟਨਾਵਾਂ ਤੇ ਖ਼ਬਰਾਂ ਨੂੰ ਜੇਕਰ ਮੀਡੀਆ ਕਿਸੇ ਦਬਾਅ ਹੇਠ ਪ੍ਰਕਾਸ਼ਿਤ ਨਹੀਂ ਕਰਦਾ ਤਾਂ ਇਹ ਜਿੰਮੇਵਾਰੀ ਦਾ ਸਹੀ ਨਿਰਬਾਹ ਨਹੀਂ ਹੈ, ਇਸ ਨਾਲ ਸਮੂਹ ਮੀਡੀਆ ਅਦਾਰਿਆਂ ਦੀ ਭਰੋਸੇਯੋਗਤਾ ਉੱਤੇ ਵੱਡੇ ਸਵਾਲ ਖੜ੍ਹੇ ਹੋਣੇ ਸੁਭਾਵਿਕ ਹਨ।