- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Sri Akal Takht Sahib ਸਿੱਖ ਧਰਮ ਦੀ ਸਰਵਉੱਚ ਸੰਸਾਰਿਕ ਧਾਰਮਿਕ ਸੰਸਥਾ ਮੰਨਿਆ ਜਾਂਦਾ ਹੈ। 'ਅਕਾਲ ਤਖ਼ਤ' ਦਾ ਅਰਥ ਹੈ 'ਅਕਾਲ ਪੁਰਖ ਦਾ ਸਿੰਘਾਸਨ'। ਇਹ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸਥਿਤ ਹੈ। ਇਸ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਲ 1606 ਤੋਂ 1609 ਦੇ ਵਿਚਕਾਰ ਕਰਵਾਈ ਸੀ। ਉਸ ਸਮੇਂ ਇਸ ਦਾ ਉਦੇਸ਼ ਕੇਵਲ ਧਾਰਮਿਕ ਨਹੀਂ, ਬਲਕਿ ਸਿੱਖ ਸਮਾਜ ਦੀ ਸਮਾਜਿਕ, ਨਿਆਂਇਕ ਅਤੇ ਰਾਜਨੀਤਕ ਗੌਰਵ ਨੂੰ ਵੀ ਸਥਾਪਿਤ ਕਰਨਾ ਸੀ।

ਨਿਤਿਨ ਧੀਮਾਨ, ਅੰਮ੍ਰਿਤਸਰ : ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦੇ ਵਿਚਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਕ ਵਾਰ ਫਿਰ ਰਾਸ਼ਟਰੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅੱਜ ਸੋਮਵਾਰ ਨੂੰ ਪੰਜਾਬ ਦੇ 78 ਸਿੱਖ ਵਿਧਾਇਕਾਂ ਅਤੇ 9 ਸਿੱਖ ਮੰਤਰੀਆਂ ਨੂੰ ਤਲਬ ਕੀਤਾ ਗਿਆ। ਉਨ੍ਹਾਂ ਨੂੰ ਆਦੇਸ਼ ਦਿੱਤਾ ਗਿਆ ਕਿ ਅਗਲੇ ਇੱਕ ਮਹੀਨੇ ਵਿੱਚ 'ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026' 'ਚ ਜ਼ਰੂਰੀ ਸੋਧਾਂ ਕੀਤੀਆਂ ਜਾਣ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਕ ਵਿਵਾਦਤ ਵੀਡੀਓ ਦੇ ਮਾਮਲੇ 'ਚ ਇਨ੍ਹਾਂ ਦੇ ਸਾਹਮਣੇ ਪੇਸ਼ ਹੋਣਾ ਪਿਆ ਸੀ। ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਆਖ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਕੀ ਹੈ, ਇਸ ਦੀ ਧਾਰਮਿਕ ਅਤੇ ਸਮਾਜਿਕ ਸ਼ਕਤੀ ਕਿੰਨੀ ਹੈ ਅਤੇ ਇਸ ਦੇ ਆਦੇਸ਼ਾਂ ਨੂੰ ਨੇਤਾ ਇੰਨੀ ਗੰਭੀਰਤਾ ਨਾਲ ਕਿਉਂ ਲੈਂਦੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ ਦੀ ਸਰਵਉੱਚ ਸੰਸਾਰਿਕ ਧਾਰਮਿਕ ਸੰਸਥਾ ਮੰਨਿਆ ਜਾਂਦਾ ਹੈ। 'ਅਕਾਲ ਤਖ਼ਤ' ਦਾ ਅਰਥ ਹੈ 'ਅਕਾਲ ਪੁਰਖ ਦਾ ਸਿੰਘਾਸਨ'। ਇਹ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸਥਿਤ ਹੈ। ਇਸ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਲ 1606 ਤੋਂ 1609 ਦੇ ਵਿਚਕਾਰ ਕਰਵਾਈ ਸੀ। ਉਸ ਸਮੇਂ ਇਸ ਦਾ ਉਦੇਸ਼ ਕੇਵਲ ਧਾਰਮਿਕ ਨਹੀਂ, ਬਲਕਿ ਸਿੱਖ ਸਮਾਜ ਦੀ ਸਮਾਜਿਕ, ਨਿਆਂਇਕ ਅਤੇ ਰਾਜਨੀਤਕ ਗੌਰਵ ਨੂੰ ਵੀ ਸਥਾਪਿਤ ਕਰਨਾ ਸੀ। ਇਸ ਨੂੰ ਤਤਕਾਲੀ ਮੁਗ਼ਲ ਸ਼ਾਸਕਾਂ ਦੇ ਸਿੰਘਾਸਨ ਨਾਲੋਂ ਉੱਚਾ ਬਣਾ ਕੇ ਇਹ ਸੰਦੇਸ਼ ਦਿੱਤਾ ਗਿਆ ਸੀ ਕਿ ਅਨਿਆਂ ਦੇ ਸਾਹਮਣੇ ਸਿੱਖ ਸਮਾਜ ਸੁਤੰਤਰ ਅਤੇ ਆਤਮ-ਸੰਮਾਨ ਨਾਲ ਖੜ੍ਹਾ ਰਹੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖੀ ਨੂੰ ਜਥੇਦਾਰ ਕਿਹਾ ਜਾਂਦਾ ਹੈ। ਸਿੱਖ ਭਾਈਚਾਰੇ 'ਚ ਉਨ੍ਹਾਂ ਨੂੰ ਸਰਵਉੱਚ ਧਾਰਮਿਕ-ਸੰਸਾਰਕ ਅਥਾਰਟੀ ਮੰਨਿਆ ਜਾਂਦਾ ਹੈ। ਜਥੇਦਾਰ ਕਿਸੇ ਵੀ ਸਿੱਖ ਵਿਅਕਤੀ ਨੂੰ, ਚਾਹੇ ਉਹ ਮੁੱਖ ਮੰਤਰੀ, ਮੰਤਰੀ, ਸੰਸਦ ਮੈਂਬਰ, ਵਿਧਾਇਕ, ਅਧਿਕਾਰੀ ਜਾਂ ਕੋਈ ਵੱਡਾ ਧਾਰਮਿਕ ਨੇਤਾ ਹੀ ਕਿਉਂ ਨਾ ਹੋਵੇ, ਸਪਸ਼ਟੀਕਰਨ ਲਈ ਤਲਬ ਕਰ ਸਕਦੇ ਹਨ।
ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਕਿਸੇ ਅਦਾਲਤ ਜਾਂ ਪੁਲਿਸ ਵਰਗੀ ਕਾਨੂੰਨੀ ਤਾਕਤ ਨਹੀਂ ਹੁੰਦੀ, ਪਰ ਇਸ ਦੇ ਆਦੇਸ਼ਾਂ ਦੀ ਧਾਰਮਿਕ ਤੇ ਨੈਤਿਕ ਮਾਨਤਾ ਬਹੁਤ ਡੂੰਘੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਨੇਤਾ ਇਸ ਦੇ ਆਦੇਸ਼ਾਂ ਦੀ ਪਾਲਣਾ ਕਰਨਾ ਹੀ ਯੋਗ ਸਮਝਦੇ ਹਨ।
ਬ੍ਰਿਟਿਸ਼ ਸ਼ਾਸਨ ਤੋਂ ਪਹਿਲਾਂ ਅਤੇ ਆਜ਼ਾਦੀ ਅੰਦੋਲਨ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਸਮਾਜ ਦੇ ਵੱਡੇ ਰਾਜਨੀਤਕ ਤੇ ਸਮਾਜਿਕ ਫੈਸਲਿਆਂ ਦਾ ਮੁੱਖ ਕੇਂਦਰ ਰਿਹਾ। ਅਠਾਰਵੀਂ ਸਦੀ 'ਚ ਇੱਥੇ ਹੀ 'ਸਰਬੱਤ ਖ਼ਾਲਸਾ' ਦੇ ਇਕੱਠ ਹੁੰਦੇ ਸਨ, ਜਿਨ੍ਹਾਂ ਵਿੱਚ ਸਿੱਖ ਭਾਈਚਾਰੇ ਨਾਲ ਜੁੜੇ ਮਹੱਤਵਪੂਰਨ ਫੈਸਲੇ ਲਏ ਜਾਂਦੇ ਸਨ ਅਤੇ ਬਾਹਰੀ ਹਮਲਿਆਂ ਦਾ ਮੁਕਾਬਲਾ ਕਰਨ ਦੀ ਰਣਨੀਤੀ ਬਣਾਈ ਜਾਂਦੀ ਸੀ।
ਇਤਿਹਾਸ 'ਚ ਮਹਾਰਾਜਾ ਰਣਜੀਤ ਸਿੰਘ ਦੀ ਉਦਾਹਰਨ ਸਭ ਤੋਂ ਵੱਧ ਚਰਚਿਤ ਮੰਨੀ ਜਾਂਦੀ ਹੈ। ਉਨ੍ਹਾਂ ਨੂੰ ਵੀ ਇਕ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਪਿਆ ਸੀ ਅਤੇ ਉਨ੍ਹਾਂ ਨੇ ਜਨਤਕ ਰੂਪ ਵਿੱਚ ਧਾਰਮਿਕ ਤਨਖ਼ਾਹ ਸਵੀਕਾਰ ਕੀਤੀ ਸੀ। ਇਹ ਘਟਨਾ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚ ਧਾਰਮਿਕ ਪ੍ਰਤਿਸ਼ਠਾ ਦੀ ਮਿਸਾਲ ਮੰਨੀ ਜਾਂਦੀ ਹੈ।
ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੀ ਰਾਜਨੀਤੀ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਭਾਵ ਲਗਾਤਾਰ ਬਣਿਆ ਰਿਹਾ। ਪੰਜਾਬੀ ਸੂਬਾ ਅੰਦੋਲਨ ਦੌਰਾਨ ਇਸ ਦੇ ਕਈ ਫੈਸਲਿਆਂ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਵਰ੍ਹੇ 1975 'ਚ ਐਮਰਜੈਂਸੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ 'ਲੋਕਤੰਤਰ ਬਚਾਓ ਮੋਰਚਾ' ਵੀ ਇਸੇ ਕੰਪਲੈਕਸ ਤੋਂ ਸ਼ੁਰੂ ਹੋਇਆ ਸੀ।
ਅੱਤਵਾਦ ਦੇ ਦੌਰ 'ਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਰਾਜਨੀਤਕ ਤੇ ਧਾਰਮਿਕ ਗਤੀਵਿਧੀਆਂ ਦਾ ਮੁੱਖ ਕੇਂਦਰ ਬਣਿਆ ਰਿਹਾ। ਸਮੇਂ-ਸਮੇਂ 'ਤੇ ਕਈ ਪ੍ਰਮੁੱਖ ਨੇਤਾਵਾਂ ਨੂੰ ਇੱਥੇ ਤਲਬ ਕੀਤਾ ਗਿਆ। ਇਨ੍ਹਾਂ ਵਿਚ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਤੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਵਰਗੇ ਨਾਮ ਸ਼ਾਮਲ ਹਨ। ਇਨ੍ਹਾਂ ਨੇਤਾਵਾਂ ਨੇ ਬਾਅਦ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹਾਜ਼ਰ ਹੋ ਕੇ ਧਾਰਮਿਕ ਪਸ਼ਚਾਤਾਪ ਕੀਤਾ।
ਸਾਲ 2024 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ 'ਤਨਖ਼ਾਹੀਆ' ਐਲਾਨਿਆ ਸੀ। ਉਨ੍ਹਾਂ 'ਤੇ ਬੇਅਦਬੀ ਮਾਮਲਿਆਂ ਅਤੇ ਡੇਰਾ ਸੱਚਾ ਸੌਦਾ ਨਾਲ ਜੁੜੇ ਫੈਸਲਿਆਂ ਨੂੰ ਲੈ ਕੇ ਧਾਰਮਿਕ ਜ਼ਿੰਮੇਵਾਰੀ ਤੈਅ ਕੀਤੀ ਗਈ ਸੀ। ਉਨ੍ਹਾਂ ਨੂੰ ਜਨਤਕ ਰੂਪ 'ਚ ਮਾਫ਼ੀ ਮੰਗਣ ਅਤੇ ਸੇਵਾ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਨਾਲ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ 'ਪੰਥ ਰਤਨ ਫ਼ਖ਼ਰ-ਏ-ਕੌਮ' ਸਨਮਾਨ ਵੀ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਨੂੰ ਜੇਲ੍ਹ ਭੇਜਣ ਜਾਂ ਆਰਥਿਕ ਜੁਰਮਾਨਾ ਲਗਾਉਣ ਦਾ ਅਧਿਕਾਰ ਨਹੀਂ ਰੱਖਦਾ। ਜੇਕਰ ਕਿਸੇ ਵਿਅਕਤੀ ਨੂੰ ਧਾਰਮਿਕ ਰੂਪ 'ਚ ਦੋਸ਼ੀ ਮੰਨਿਆ ਜਾਂਦਾ ਹੈ ਤਾਂ ਉਸ ਨੂੰ 'ਤਨਖ਼ਾਹੀਆ' ਐਲਾਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਉਸ ਨੂੰ ਧਾਰਮਿਕ ਪਸ਼ਚਾਤਾਪ ਵਜੋਂ ਸੇਵਾ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ।
ਇਸ ਸੇਵਾ 'ਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਜੋੜੇ ਸਾਫ਼ ਕਰਨਾ, ਬਰਤਨ ਮਾਂਜਣਾ, ਪਖਾਨਿਆਂ ਦੀ ਸਫ਼ਾਈ ਕਰਨਾ, ਸੰਗਤ ਤੋਂ ਜਨਤਕ ਰੂਪ 'ਚ ਮਾਫ਼ੀਮੰਗਣਾ ਜਾਂ ਗਲੇ 'ਚ ਤਖ਼ਤੀ ਪਾ ਕੇ ਸੇਵਾ ਕਰਨਾ ਸ਼ਾਮਲ ਹੋ ਸਕਦਾ ਹੈ। ਗੰਭੀਰ ਮਾਮਲਿਆਂ 'ਚ ਧਾਰਮਿਕ ਤੇ ਸਮਾਜਿਕ ਬਾਈਕਾਟ ਦਾ ਵੀ ਫੈਸਲਾ ਲਿਆ ਜਾ ਸਕਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਮਨ ਦੀ ਅਣਦੇਖੀ ਕਰਨਾ ਕੇਵਲ ਇਕ ਪ੍ਰਸ਼ਾਸਨਿਕ ਆਦੇਸ਼ ਦੀ ਉਲੰਘਣਾ ਨਹੀਂ, ਬਲਕਿ ਧਾਰਮਿਕ ਅਧਿਕਾਰ ਨੂੰ ਚੁਣੌਤੀ ਦੇਣਾ ਮੰਨਿਆ ਜਾਂਦਾ ਹੈ। ਇਤਿਹਾਸ 'ਚ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਸੀ ਤਾਂ ਉਨ੍ਹਾਂ ਨੂੰ 'ਤਨਖ਼ਾਹੀਆ' ਐਲਾਨ ਕੇ ਧਾਰਮਿਕ ਤੌਰ 'ਤੇ ਬਾਈਕਾਟ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਜਨਤਕ ਰੂਪ 'ਚ ਮਾਫ਼ੀ ਮੰਗਣੀ ਪਈ ਸੀ।
ਇਸੇ ਕਾਰਨ ਪੰਜਾਬ ਦੀ ਰਾਜਨੀਤੀ 'ਚ ਚਾਹੇ ਸੱਤਾ ਪੱਖ ਹੋਵੇ ਜਾਂ ਵਿਰੋਧੀ ਧਿਰ, ਬਹੁਤੇ ਨੇਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਮਨ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਉਨ੍ਹਾਂ ਦਾ ਮੰਨਣਾ ਹੁੰਦਾ ਹੈ ਕਿ ਧਾਰਮਿਕ ਸੰਸਥਾ ਦੇ ਸਾਹਮਣੇ ਹਾਜ਼ਰ ਹੋ ਕੇ ਆਪਣਾ ਪੱਖ ਰੱਖਣਾ ਰਾਜਨੀਤਕ ਤੇ ਸਮਾਜਿਕ ਪੱਖੋਂ ਵਧੇਰੇ ਯੋਗ ਹੈ, ਕਿਉਂਕਿ ਇਸ ਦੀ ਅਣਦੇਖੀ ਦਾ ਅਸਰ ਕੇਵਲ ਰਾਜਨੀਤੀ ਤਕ ਸੀਮਤ ਨਹੀਂ ਰਹਿੰਦਾ, ਬਲਕਿ ਸਿੱਖ ਸਮਾਜ ਵਿਚ ਉਨ੍ਹਾਂ ਦੀ ਪ੍ਰਵਾਨਗੀ 'ਤੇ ਵੀ ਪੈ ਸਕਦਾ ਹੈ।