- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਐਸਐਫ ਨੂੰ ਮਿਲੀ ਖੁਫੀਆ ਸੂਚਨਾ ਦੇ ਆਧਾਰ ’ਤੇ ਜਵਾਨਾਂ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਖੇਤਾਂ ਵਿੱਚ ਕੀਤੀ ਗਈ ਗਹਿਨ ਜਾਂਚ ਦੌਰਾਨ ਕੁੱਲ 27 ਕਿਲੋ ਹੈਰੋਇਨ ਬਰਾਮਦ ਹੋਈ। ਹਾਲਾਂਕਿ ਸੁਰੱਖਿਆ ਏਜੰਸੀਆਂ ਵੱਲੋਂ ਖੇਪ ਲੈਣ ਲਈ ਆਉਣ ਵਾਲੇ ਸਥਾਨਕ ਤਸਕਰਾਂ ਦੀ ਉਡੀਕ ਵੀ ਕੀਤੀ ਗਈ, ਪਰ ਕੋਈ ਵੀ ਵਿਅਕਤੀ ਮੌਕੇ ’ਤੇ ਨਹੀਂ ਪਹੁੰਚਿਆ।

ਪੱਤਰ ਪ੍ਰੇਰਕ, ਅੰਮ੍ਰਿਤਸਰ, ਪੰਜਾਬੀ ਜਾਗਰਣ: ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ ਅਜਨਾਲਾ ਖੇਤਰ ਦੇ ਪਿੰਡ ਸ਼ਹੂਰਾ ਨੇੜਿਓਂ ਡਰੋਨ ਰਾਹੀਂ ਸੁੱਟੀ ਗਈ 27 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਖੇਪ ਐਤਵਾਰ ਸਵੇਰੇ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਖੇਤਰ ਵਿੱਚ ਸੁੱਟੀ ਗਈ ਸੀ।
ਬੀਐਸਐਫ ਨੂੰ ਮਿਲੀ ਖੁਫੀਆ ਸੂਚਨਾ ਦੇ ਆਧਾਰ ’ਤੇ ਜਵਾਨਾਂ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਖੇਤਾਂ ਵਿੱਚ ਕੀਤੀ ਗਈ ਗਹਿਨ ਜਾਂਚ ਦੌਰਾਨ ਕੁੱਲ 27 ਕਿਲੋ ਹੈਰੋਇਨ ਬਰਾਮਦ ਹੋਈ। ਹਾਲਾਂਕਿ ਸੁਰੱਖਿਆ ਏਜੰਸੀਆਂ ਵੱਲੋਂ ਖੇਪ ਲੈਣ ਲਈ ਆਉਣ ਵਾਲੇ ਸਥਾਨਕ ਤਸਕਰਾਂ ਦੀ ਉਡੀਕ ਵੀ ਕੀਤੀ ਗਈ, ਪਰ ਕੋਈ ਵੀ ਵਿਅਕਤੀ ਮੌਕੇ ’ਤੇ ਨਹੀਂ ਪਹੁੰਚਿਆ।
ਘਟਨਾ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਦੁਪਹਿਰ ਤੱਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਸੀ ਕਿ ਡਰੋਨ ਰਾਹੀਂ ਹੈਰੋਇਨ ਦੇ ਨਾਲ ਹਥਿਆਰ ਜਾਂ ਗੋਲਾ-ਬਾਰੂਦ ਵੀ ਸੁੱਟਿਆ ਗਿਆ ਹੋ ਸਕਦਾ ਹੈ। ਇਸ ਕਾਰਨ ਖੇਤਾਂ ਅਤੇ ਆਸ-ਪਾਸ ਦੇ ਇਲਾਕੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਖੇਪ ਕਿਸ ਸਥਾਨਕ ਤਸਕਰ ਲਈ ਭੇਜੀ ਗਈ ਸੀ। ਜਾਂਚ ਟੀਮਾਂ ਇਲਾਕੇ ਦੇ ਸ਼ੱਕੀ ਤੱਤਾਂ ਅਤੇ ਪੁਰਾਣੇ ਤਸਕਰੀ ਨੈੱਟਵਰਕਾਂ ਦੀ ਵੀ ਪੜਤਾਲ ਕਰ ਰਹੀਆਂ ਹਨ।
ਚਾਰ ਦਿਨਾਂ ’ਚ ਦੂਜੀ ਵੱਡੀ ਸਫ਼ਲਤਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਐਸਐਫ ਨੇ ਰਮਦਾਸ ਖੇਤਰ ਤੋਂ ਇਕ ਏਕੇ-47 ਰਾਈਫਲ, 25 ਵਿਦੇਸ਼ੀ ਪਿਸਤੌਲ, 360 ਕਾਰਤੂਸ, 47 ਮੈਗਜ਼ੀਨ ਅਤੇ ਇਕ ਬੁਲੇਟਪਰੂਫ ਜੈਕੇਟ ਬਰਾਮਦ ਕੀਤੀ ਸੀ। ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ, ਜਿਨ੍ਹਾਂ ਨੂੰ ਨਾਕਾਮ ਕਰਨ ਲਈ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਹੋਰ ਵਧਾ ਦਿੱਤੀ ਗਈ ਹੈ।