- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਆਖਿਆ ਕਿ ਉਹ ਸਰਕਾਰ ਦੀਆਂ ਕੋਈ ਦੋ ਅਜਿਹੀਆਂ ਫੋਰੈਂਸਿਕ ਲੈਬੋਰੇਟਰੀਆਂ ਦੱਸਣ ਜਿੱਥੋਂ ਵੀਡੀਓ ਦੀ ਜਾਂਚ ਹੋਵੇਗੀ। ਇਸ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਜਾਂਚ ਕਰਵਾਉਣ ਲਈ ਹਾਮੀ ਭਰੀ।

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜਦੋਂ 15 ਜਨਵਰੀ 2026 ਨੂੰ ਉਨ੍ਹਾਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਵੱਖ-ਵੱਖ ਮਸਲਿਆਂ ਸਬੰਧੀ ਪੇਸ਼ ਹੋਣ ਲਈ ਪੁੱਜੇ ਤਾਂ ਉਨ੍ਹਾਂ ਦੀ ਇਤਰਾਜ਼ਯੋਗ ਵੀਡੀਓ ਦੇ ਸਬੰਧ 'ਚ ਮੁੱਖ ਮੰਤਰੀ ਨੇ ਕਿਹਾ ਕਿ 'ਇਹ ਬਿਲਕੁਲ ਹੀ ਨਕਲੀ ਹੈ'। ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਵੀਡੀਓ ਦੀ ਜਾਂਚ ਹੋਵੇ, ਉਹ ਫੋਰੈਂਸਿਕ ਲੈਬਾਂ ਦੇ ਪਤੇ ਦੇ ਦੇਣਗੇ ਤੇ ਅੱਜ ਕੱਲ੍ਹ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦਾ ਸਮਾਂ ਹੈ, ਮੇਰੇ ਤੋਂ ਇਲਾਵਾ ਹੋਰਾਂ ਦੀਆਂ ਵੀ ਏਆਈ ਵੀਡੀਓ ਬਣੀਆਂ ਹਨ। ਮੁੱਖ ਮੰਤਰੀ ਨੇ ਆਖਿਆ ਕਿ ਉਹ ਆਪਣੀਆਂ ਨੰਗੀਆਂ ਅੱਖਾਂ, ਫੋਰੈਂਸਿਕ ਤੋਂ ਬਿਨਾਂ ਵੀ ਵੀਡੀਓ ਦੇ ਤੱਥਾਂ ਬਾਰੇ ਦੱਸ ਸਕਦੇ ਹਨ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਆਖਿਆ ਕਿ ਉਹ ਸਰਕਾਰ ਦੀਆਂ ਕੋਈ ਦੋ ਅਜਿਹੀਆਂ ਫੋਰੈਂਸਿਕ ਲੈਬੋਰੇਟਰੀਆਂ ਦੱਸਣ ਜਿੱਥੋਂ ਵੀਡੀਓ ਦੀ ਜਾਂਚ ਹੋਵੇਗੀ। ਇਸ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਜਾਂਚ ਕਰਵਾਉਣ ਲਈ ਹਾਮੀ ਭਰੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਇਸ ਮਸਲੇ 'ਚ ਗੱਲ ਗੁਰੂ ਸਾਹਿਬਾਨ ਨਾਲ ਸਬੰਧਤ ਹੈ ਅਤੇ ਜੇਕਰ ਵੀਡੀਓ ਗਲਤ ਵੀ ਹੈ ਤਾਂ ਇਸ ’ਤੇ ਕਿਸੇ ਦੀ ਕਿਰਦਾਰਕੁਸ਼ੀ ਨਹੀਂ ਹੋਣੀ ਚਾਹੀਦੀ, ਪਰੰਤੂ ਵੀਡੀਓ ਸਹੀ ਜਾਂ ਗਲਤ ਦਾ ਨਿਚੋੜ ਫੋਰੈਂਸਿਕ ਜਾਂਚ ਰਾਹੀਂ ਹੀ ਨਿਕਲ ਸਕਦਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਨੇ ਸਿੰਘ ਸਾਹਿਬ ਨੂੰ ਕਿਹਾ ਕਿ ਜਾਂਚ ਆਪ ਦੀ ਦੇਖ-ਰੇਖ ਵਿਚ ਹੀ ਜਿਹੜੀ ਮਰਜ਼ੀ ਫੋਰੈਂਸਿਕ ਲੈਬ ਤੋਂ ਕਰਵਾ ਲਈ ਜਾਵੇ, ਅਸੀਂ ਕਰਵਾ ਦਿਆਂਗੇ। ਸਿੰਘ ਸਾਹਿਬ ਨੇ ਪੁੱਛਿਆ ਕਿ ਕੀ ਤੁਸੀਂ ਇਸ ਵੀਡੀਓ ਦੀ ਜਾਂਚ ਕਰਵਾਈ ਹੈ। ਇਸ ’ਤੇ ਮੁੱਖ ਮੰਤਰੀ ਜਵਾਬ ਦਿੰਦੇ ਹਨ ਕਿ ਸਾਡੇ ਕੋਲ ਕੋਰਟ ਦਾ ਆਰਡਰ ਹੈ ਕਿ ਇਹ ਵੀਡੀਓ ਹੀ ਗਲਤ ਹੈ। ਜਥੇਦਾਰ ਗੜਗੱਜ ਨੇ ਆਖਿਆ ਕਿ ਉਨ੍ਹਾਂ ਨੇ ਕੋਰਟ ਦਾ ਆਰਡਰ ਪੜ੍ਹਿਆ ਹੈ, ਅਦਾਲਤ ਨੇ ਇਸ ਵੀਡੀਓ ਦੀ ਜਾਂਚ ਨਹੀਂ ਕਰਵਾਈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਆਪ (ਸਿੰਘ ਸਾਹਿਬ) ਕਹਿੰਦੇ ਹਨ ਤਾਂ ਉਹ ਫੋਰੈਂਸਿਕ ਜਾਂਚ ਕਰਵਾਉਣ ਲਈ ਤਿਆਰ ਹਨ।
ਇਸ ਉਪਰੰਤ ਜਥੇਦਾਰ ਗੜਗੱਜ ਮੁੱਖ ਮੰਤਰੀ ਨੂੰ ਕੋਈ ਦੋ ਫੋਰੈਂਸਿਕ ਲੈਬਾਂ ਦੱਸਣ ਲਈ ਆਖਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਵੀਡੀਓ ਦੀ ਜਾਂਚ ਕਰਵਾਇਗਾ। ਉਨ੍ਹਾਂ ਕਿਹਾ ਕਿ ਜੇਕਰ ਵੀਡੀਓ ਝੂਠੀ ਹੋਈ ਤਾਂ ਸਿੱਧ ਹੋ ਜਾਵੇਗਾ ਅਤੇ ਜੇਕਰ ਸੱਚੀ ਨਿਕਲੀ ਤਾਂ ਇਸ ਦਾ ਅਗਲਾ ਫ਼ੈਸਲਾ ਖ਼ਾਲਸਾ ਪੰਥ ਕਰੇਗਾ। ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਖਰੇ ਤੌਰ ਉੱਤੇ ਵੀ ਦੋ ਲੈਬਾਂ ਤੋਂ ਜਾਂਚ ਕਰਵਾਏਗਾ ਪਰੰਤੂ ਸਰਕਾਰ ਵੀ ਆਪਣੇ ਤਰਫ਼ੋਂ ਦੋ ਲੈਬਾਂ ਤੋਂ ਕਰਵਾ ਕੇ ਦੇਵੇ।