- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਜਿਹੜੇ ਹਾਲਾਤਾਂ ’ਚੋਂ ਸਾਡਾ ਪੰਜਾਬੀ ਸੰਗੀਤ ਗੁਜ਼ਰ ਰਿਹਾ, ਦੇਖ ਕੇ ਤਾਂ ਇਉਂ ਜਾਪਦਾ ਕਿ ਇਸ ਦਾ ਕੋਈ ਵਾਲ੍ਹੀ-ਵਾਰਿਸ ਹੀ ਨਹੀਂ ਹੈ। ਦਿਨੋਂ-ਦਿਨ ਪੰਜਾਬੀ ਸੰਗੀਤ ਵਿਚ ਅਸ਼ਲੀਲ ਗਾਇਕੀ ‘ਅਮਰ ਵੇਲ’ ਵਾਂਗ ਵੱਧਦੀ ਜਾ ਰਹੀ ਹੈ, ਜਿਸ ਲਈ ਸਭ ਤੋਂ ਵੱਧ ਜ਼ਿੰਮੇਵਾਰ ਹਾਂ ਅਸੀਂ, ਜੋ ਇਹ ਸਭ ਕੁਝ ਚੁੱਪਚਾਪ ਸੁਣੀਂ-ਦੇਖੀ ਜਾ ਰਹੇ ਹਾਂ।

ਪੰਜਾਬੀ ਸੰਗੀਤ ਸਿਰਫ਼ ਸੁਰਾਂ ਤੇ ਸ਼ਬਦਾਂ ਦਾ ਮੇਲ ਨਹੀਂ ਸਗੋਂ ਰੂਹ ਦੀ ਆਵਾਜ਼ ਹੈ। ਇਹ ਉਹ ਮਿੱਠਾ ਅਹਿਸਾਸ ਹੈ, ਜੋ ਖੇਤਾਂ ’ਚ ਵਗਦੀ ਹਵਾ, ਤੂੰਬੀ ਦੀ ਤਾਰ, ਮਾਂ ਦੀ ਲੋਰੀ ਤੇ ਲੋਕ ਗੀਤਾਂ ਦੀਆਂ ਸੁਰਾਂ ਰਾਹੀਂ ਦਿਲਾਂ ਤੱਕ ਪਹੁੰਚਦਾ ਹੈ। ਪੰਜਾਬੀ ਸੰਗੀਤ ਸਦੀਆਂ ਤੋਂ ਲੋਕਾਂ ਦੇ ਦੁੱਖ-ਸੁੱਖ ਦਾ ਸਾਥੀ ਰਿਹਾ ਹੈ। ਜਦੋਂ ਮਨ ਉਦਾਸ ਹੋਵੇ ਤਾਂ ਪੰਜਾਬੀ ਸੰਗੀਤ ਤਪਦੇ ਦਿਲਾਂ ਨੂੰ ਠਾਰਦਾ ਹੈ। ਪੰਜਾਬੀ ਸੱਭਿਆਚਾਰ ’ਚ ਗੀਤ-ਸੰਗੀਤ ਦੀ ਪ੍ਰੰਪਰਾ ਬਹੁਤ ਪੁਰਾਣੀ ਏ ਪਰ ਅਜੋਕੇ ਪੰਜਾਬੀ ਸੱਭਿਆਚਾਰ ’ਤੇ ਪੱਛਮੀ ਸੱਭਿਆਚਾਰ ਪੂਰੀ ਤਰ੍ਹਾਂ ਭਾਰੂ ਹੋ ਗਿਆ ਤੇ ਸਾਡਾ ਪੰਜਾਬੀ ਸੰਗੀਤ ਆਪਣੀਆਂ ਲੀਹਾਂ ਤੋਂ ਪੂਰੀ ਤਰ੍ਹਾਂ ਉਤਰ ਚੁੱਕਿਐ। ਅੱਜ ਜਿਹੜੇ ਹਾਲਾਤਾਂ ’ਚੋਂ ਸਾਡਾ ਪੰਜਾਬੀ ਸੰਗੀਤ ਗੁਜ਼ਰ ਰਿਹਾ, ਦੇਖ ਕੇ ਤਾਂ ਇਉਂ ਜਾਪਦਾ ਕਿ ਇਸ ਦਾ ਕੋਈ ਵਾਲ੍ਹੀ-ਵਾਰਿਸ ਹੀ ਨਹੀਂ ਹੈ। ਦਿਨੋਂ-ਦਿਨ ਪੰਜਾਬੀ ਸੰਗੀਤ ਵਿਚ ਅਸ਼ਲੀਲ ਗਾਇਕੀ ‘ਅਮਰ ਵੇਲ’ ਵਾਂਗ ਵੱਧਦੀ ਜਾ ਰਹੀ ਹੈ, ਜਿਸ ਲਈ ਸਭ ਤੋਂ ਵੱਧ ਜ਼ਿੰਮੇਵਾਰ ਹਾਂ ਅਸੀਂ, ਜੋ ਇਹ ਸਭ ਕੁਝ ਚੁੱਪਚਾਪ ਸੁਣੀਂ-ਦੇਖੀ ਜਾ ਰਹੇ ਹਾਂ।
ਹਰ ਸਾਲ 21 ਜੂਨ ਨੂੰ ਵਿਸ਼ਵ ਸੰਗੀਤ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਸੰਗੀਤ ਦੀ ਮਹੱਤਤਾ ਨੂੰ ਉਜਾਗਰ ਕਰਨਾ ਤੇ ਲੋਕਾਂ ਨੂੰ ਸੰਗੀਤ ਨਾਲ ਜੋੜਨਾ ਹੈ। ਸੰਗੀਤ ਮਨੁੱਖੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ, ਜੋ ਮਨੋਰੰਜਨ ਦੇ ਨਾਲ-ਨਾਲ ਮਨ ਦੀ ਸ਼ਾਂਤੀ, ਭਾਵਨਾਵਾਂ ਦੇ ਪ੍ਰਗਟਾਵੇ ਤੇ ਸਮਾਜਿਕ ਏਕਤਾ ਦਾ ਵੀ ਸਾਧਨ ਹੈ। ਅੱਜ ਦੇ ਡਿਜੀਟਲ ਤੇ ਤੇਜ਼-ਰਫ਼ਤਾਰ ਯੁੱਗ ’ਚ ਸੰਗੀਤ ਦੀ ਅਹਿਮੀਅਤ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ ਹੈ।
ਮਨ ਨੂੰ ਦਿੰਦਾ ਸਕੂਨ
ਅਜੋਕੇ ਸਮੇਂ ’ਚ ਮਨੁੱਖ ਦਾ ਜੀਵਨ ਰੁਝੇਵੇਂ ਵਧਣ ਕਾਰਨ ਤਣਾਅ ਭਰਿਆ ਹੋ ਚੁੱਕਿਆ ਹੈ। ਕੰਮਕਾਜ ਦੀਆਂ ਜ਼ਿੰਮੇਵਾਰੀਆਂ, ਮੁਕਾਬਲੇਬਾਜ਼ੀ ਤੇ ਸਮਾਜਿਕ ਦਬਾਅ ਕਾਰਨ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਅਜਿਹੇ ਹਾਲਾਤਾਂ ’ਚ ਸੰਗੀਤ ਮਨ ਨੂੰ ਸ਼ਾਂਤੀ ਤੇ ਸਕੂਨ ਪ੍ਰਦਾਨ ਕਰਦਾ ਹੈ। ਕਈ ਖੋਜਾਂ ਤੋਂ ਇਹ ਸਾਬਿਤ ਹੋਇਆ ਹੈ ਕਿ ਸੰਗੀਤ ਤਣਾਅ ਘਟਾਉਣ, ਚਿੰਤਾ ਦੂਰ ਕਰਨ ਤੇ ਮਨੋਬਲ ਵਧਾਉਣ ’ਚ ਸਹਾਇਕ ਹੈ। ਇਸੇ ਕਾਰਨ ਸੰਗੀਤ ਨੂੰ ਮਾਨਸਿਕ ਸਿਹਤ ਦੇ ਪ੍ਰਭਾਵਸ਼ਾਲੀ ਸਾਧਨ ਵਜੋਂ ਵੀ ਦੇਖਿਆ ਜਾਂਦਾ ਹੈ।
ਤਕਨਾਲੋਜੀ ਦੇ ਵਿਕਾਸ ਨੇ ਸੰਗੀਤ ਨੂੰ ਹਰ ਵਿਅਕਤੀ ਦੀ ਪਹੁੰਚ ’ਚ ਲਿਆ ਦਿੱਤਾ ਹੈ। ਰੀਲਾਂ, ਸ਼ਾਰਟ ਵੀਡੀਓਜ਼ ਤੇ ਡਿਜੀਟਲ ਐਪਲੀਕੇਸ਼ਨਾਂ ਨੇ ਸੰਗੀਤ ਸੁਣਨ ਤੇ ਸਾਂਝਾ ਕਰਨ ਦੇ ਢੰਗ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹੁਣ ਸੰਗੀਤ ਸਿਰਫ਼ ਰੇਡੀਓ ਜਾਂ ਟੈਲੀਵਿਜ਼ਨ ਤੱਕ ਸੀਮਤ ਨਾ ਰਹਿ ਕੇ ਹਰ ਵਿਅਕਤੀ ਦੀ ਜੇਬ ’ਚ ਮੌਜੂਦ ਮੋਬਾਈਲ ਤੱਕ ਪਹੁੰਚ ਗਿਆ ਹੈ। ਸੋਸ਼ਲ ਮੀਡੀਆ ਤੇ ਡਿਜੀਟਲ ਪਲੇਟਫਾਰਮਾਂ ਨੇ ਨਵੇਂ ਪੂਰ ਦੇ ਕਲਾਕਾਰਾਂ ਲਈ ਵੀ ਬੇਹੱਦ ਮੌਕੇ ਪੈਦਾ ਕੀਤੇ ਹਨ। ਪਹਿਲਾਂ ਜਿੱਥੇ ਗਾਇਕਾਂ ਤੇ ਸੰਗੀਤਕਾਰਾਂ ਨੂੰ ਆਪਣੀ ਪਛਾਣ ਬਣਾਉਣ ਲਈ ਲੰਮਾ ਸੰਘਰਸ਼ ਕਰਨਾ ਪੈਂਦਾ ਸੀ, ਅੱਜ ਉਹ ਇੰਟਰਨੈੱਟ ਦੀ ਪਹੁੰਚ ਸਦਕਾ ਆਪਣੇ ਗੀਤ ਸਿੱਧੇ ਹੀ ਲੋਕਾਂ ਤੱਕ ਪਹੁੰਚਾ ਰਹੇ ਹਨ। ਇਸ ਨਾਲ ਕਈ ਨਵੇਂ ਕਲਾਕਾਰਾਂ ਨੂੰ ਆਪਣਾ ਹੁਨਰ ਦਿਖਾਉਣ ਤੇ ਸੰਗੀਤ ਨੂੰ ਕਰੀਅਰ ਵਜੋਂ ਅਪਣਾਉਣ ਦਾ ਮੌਕਾ ਮਿਲਿਆ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਨਵੀਆਂ ਤਕਨੀਕਾਂ ਵੀ ਸੰਗੀਤ ਦੇ ਖੇਤਰ ’ਚ ਕ੍ਰਾਂਤੀਕਾਰੀ ਤਬਦੀਲੀ ਲਿਆ ਰਹੀਆਂ ਹਨ। ਨਵੇਂ ਸਾਫਟਵੇਅਰ ਤੇ ਡਿਜੀਟਲ ਸਾਧਨ ਸੰਗੀਤ ਦੀ ਰਚਨਾ ਤੇ ਸੰਪਾਦਨ ਨੂੰ ਸੌਖਾ ਬਣਾ ਰਹੇ ਹਨ। ਭਾਵੇਂ ਆਧੁਨਿਕ ਸੰਗੀਤ ਲਗਾਤਾਰ ਨਵੇਂ ਰੂਪ ਧਾਰ ਰਿਹਾ ਹੈ ਪਰ ਰਵਾਇਤੀ ਤੇ ਲੋਕ ਸੰਗੀਤ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ। ਇਕ ਵੇਲਾ ਉਹ ਸੀ, ਜਦੋਂ ਕਲਾਕਾਰ ਆਪਣੇ ਅਖਾੜਿਆਂ ’ਚ ਆਪਣੇ ਚਾਹੁਣ ਵਾਲਿਆਂ ਨੂੰ ਕਈ-ਕਈ ਘੰਟੇ ਬੰਨ੍ਹ ਕੇ ਬਿਠਾਈ ਰੱਖਦੇ ਸਨ ਪਰ ਅੱਜ ਕੰਨ-ਪਾੜਵੇਂ ਸੰਗੀਤ ਨਾਲ ਪਤਾ ਨਹੀਂ ਕੀ-ਕੀ ਊਂਟ-ਪਤਾਂਗ ਗਾਈ ਜਾ ਰਹੇ ਹਨ। ਅੱਜ ਪੰਜਾਬੀ ਗੀਤਾਂ ’ਚ ਅੰਗਰੇਜ਼ੀ ਸ਼ਬਦਾਂ ਦੀ ਹੋ ਰਹੀ ਵਰਤੋਂ ਨੇ ਪੰਜਾਬੀ ਸੰਗੀਤ ਦਾ ਮੂੰਹ-ਮਹਾਂਦਰਾ ਹੀ ਬਦਲ ਕੇ ਰੱਖ ਦਿੱਤਾ ਹੈ।
ਪਿਛਲੇ ਕੁਝ ਅਰਸੇ ਤੋਂ ਕੁਝ ਐਸੇ ਮਾਰਧਾੜ ਵਾਲੇ ਗੀਤ ਸਾਹਮਣੇ ਆਏ, ਜਿਨ੍ਹਾਂ ਵਿਚ ਪੰਜਾਬੀਆਂ ਦੀ ਬਹਾਦਰੀ ਦੀ ਬਜਾਏ ਨਾਂਹ-ਪੱਖੀ ਕਿਰਦਾਰ ਹੀ ਸਾਹਮਣੇ ਆਇਆ। ਇਨ੍ਹਾਂ ਗੀਤਾਂ ਦਾ ਨਤੀਜਾ ਵੀ ਕਈ ਵਾਰ ਸਟੇਜਾਂ ਉਤੇ ਗਾਇਕਾਂ ਨੂੰ ਖ਼ੁਦ ਹੀ ਭੁਗਤਣਾ ਪੈਂਦਾ। ਅਜੋਕੀ ਗਾਇਕੀ ਨੂੰ ਦੇਖਦਿਆਂ ਇੰਜ ਲੱਗ ਰਿਹਾ, ਜਿਵੇਂ ਜੱਟ, ਪਿਸਟਲ, ਕੁੜੀ ਦੇ ਵਿਸ਼ੇ ਬਿਨਾਂ ਕੋਈ ਗੀਤ ਹਿੱਟ ਹੀ ਨਾ ਹੋਣਾ ਹੋਵੇ। ਗੱਲ ਇਹ ਵੀ ਬਿਲਕੁਲ ਸੱਚ ਹੈ ਕਿ ਜੋ ਉਹ ਗਾਉਂਦੇ ਹਨ, ਅਸੀਂ ਉਨ੍ਹਾਂ ਗੀਤਾਂ ਨੂੰ ਅੰਬਰੀਂ ਹੀ ਏਨਾ ਕੁ ਚਾੜ੍ਹ ਦਿੰਦੇ ਕਿ ਸੋਸ਼ਲ ਮੀਡੀਆ ’ਤੇ ਦੋ-ਚਾਰ ਦਿਨਾਂ ਮਗਰੋਂ ਇਨ੍ਹਾਂ ਕਲਾਕਾਰਾਂ ਦੀ ਪੋਸਟ ਹੁੰਦੀ ਕਿ ਇੰਨੇ ਮਿਲੀਅਨ ਵਿਊਜ਼ ਹੋ ਗਏ, ਇਹ ਸਿਰਫ਼ ਤੁਹਾਡੇ ਪਿਆਰ ਸਦਕਾ ਹੀ ਏ। ਅਜੋਕੀ ਪੰਜਾਬੀ ਗਾਇਕੀ ਦਾ ਚੱਲ ਰਿਹਾ ਦੌਰ ਕਿਸੇ ਕੋਲੋਂ ਲੁਕਿਆ ਹੋਇਆ ਨਹੀਂ। ਅਜੋਕੇ ਕਥਿਤ ਗਾਇਕ ਤੇ ਗੀਤਕਾਰ ਦੋਵੇਂ ਹੀ ਨਾ ਤਾਂ ਸੱਭਿਆਚਾਰਕ ਤੌਰ ’ਤੇ ਸੁਚੇਤ ਹਨ ਤੇ ਨਾ ਹੀ ਘਟੀਆ ਗਾਇਕੀ-ਗੀਤਕਾਰੀ ਕਾਰਨ ਡਿੱਗ ਰਹੀਆਂ ਕਦਰਾਂ-ਕੀਮਤਾਂ ਪ੍ਰਤੀ ਫ਼ਿਕਰਮੰਦ ਹਨ। ਅੱਜ ਇਸੇ ਗੰਨ ਕਲਚਰ ਕਰਕੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਖੋਰਾ ਲੱਗ ਰਿਹਾ।
ਜਦੋਂ ਹਥਿਆਰਾਂ ਵਾਲੇ ਗੀਤ ਸੁਣਦਾ ਤਾਂ ਸੋਚਦਾਂ ਕਿ ਗਾਇਕਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਲੋਕ ਵਿਰੋਧ ਕਰਨਗੇ? ਪਹਿਲਾਂ ਗੀਤਾਂ ’ਚ ਗਾਇਕਾਂ ਦੇ ਹੱਥ ਵਿਚ ਤੂੰਬੀਆਂ ਦਿਸਦੀਆਂ ਸਨ ਤੇ ਹੁਣ ਬੰਦੂਕਾਂ, ਰਿਵਾਲਵਰ ਦਿਸਦੇ ਹਨ। ਕਦੋਂ ਮੁੱਕਣਗੇ ਪੰਜਾਬੀ ਗਾਇਕੀ ’ਚੋਂ ਅਜਿਹੇ ‘ਨਦੀਨ’। ਇਨ੍ਹਾਂ ਗੀਤਾਂ ਨਾਲ ਸਾਡੇ ਸੱਭਿਆਚਾਰ ’ਤੇ ਜੋ ਪ੍ਰਭਾਵ ਪਿਆ, ਉਸ ਤੋਂ ਅਸੀਂ ਸਭ ਭਲੀਭਾਂਤ ਵਾਕਿਫ਼ ਹਾਂ, ਕੁਝ ਵੀ ਲੁਕਿਆ ਨਹੀਂ। ਇਹੀ ਕਾਰਨ ਹੈ ਕਿ ਅਜੋਕੀ ਨੌਜਵਾਨੀ ਅੱਜ ਇਨ੍ਹਾਂ ਕਲਾਕਾਰਾਂ ਨੂੰ ਆਪਣਾ ਰੋਲ ਮਾਡਲ ਮੰਨ ਕੁਰਾਹੇ ਪਈ ਹੋਈ ਹੈ। ਸਮਾਜ ’ਚ ਅਜਿਹਾ ਬਹੁਤ ਕੁਝ ਹੋ-ਵਾਪਰ ਰਿਹਾ, ਜੋ ਉਚੇਚੇ ਧਿਆਨ ਦੀ ਮੰਗ ਕਰਦੈ।
ਕਲਾ ਦਾ ਸੰਸਾਰ ਬਹੁਤ ਵੱਡਾ ਹੈ। ਕਲਾਕਾਰ ਹਮੇਸ਼ਾ ਨਿਮਰਤਾ ਤੇ ਸੰਜੀਦਗੀ ਦੀ ਮੰਗ ਕਰਦਾ ਹੈ। ਗੱਲ ਜੇ ਪੰਜਾਬੀ ਗਾਇਕੀ ਦੀ ਕਰੀਏ ਤਾਂ ਨਿੱਤ ਦਿਨ ਕਿੰਨੇ ਨਵੇਂ ਚਿਹਰੇ ਵੱਡੇ ਸੁਪਨੇ ਲੈ ਕੇ ਆਉਂਦੇ ਹਨ। ਉਨ੍ਹਾਂ ’ਚੋਂ ਸਫਲ ਉਹੀ ਹੁੰਦੇ ਹਨ, ਜੋ ਮਿਹਨਤ ਤੇ ਰਿਆਜ਼ ’ਤੇ ਜ਼ੋਰ ਦਿੰਦੇ। ਸੋ ਮੇਰਾ ਤਾਂ ਇਹੀ ਕਹਿਣਾ ਕਿ ਸੰਗੀਤ ਸਿੱਖ ਕੇ ਸੰਗੀਤਕ ਖੇਤਰ ’ਚ ਕੰਮ ਕਰਨਾ ਚਾਹੀਦਾ ਹੈ, ਬਿਨਾਂ ਸਿੱਖਿਆਂ ਇਸ ਖੇਤਰ ’ਚ ਨਹੀਂ ਆਉਣਾ ਚਾਹੀਦਾ।
- ਸਤਵਿੰਦਰ ਬੁੱਗਾ, ਪੰਜਾਬੀ ਗਾਇਕ।
ਗੀਤ-ਸੰਗੀਤ ਦਾ ਅਰਥ ਸਿਰਫ਼ ਸਰੋਤਿਆਂ ਦਾ ਮਨੋਰੰਜਨ ਕਰਨਾ ਨਹੀਂ ਹੁੰਦਾ ਸਗੋਂ ਗੀਤਾਂ ਜ਼ਰੀਏ ਚੰਗਾ ਸੁਨੇਹਾ ਤੇ ਸੇਧ ਦੇਣਾ ਵੀ ਹੁੰਦਾ ਹੈ। ਸੰਗੀਤ ਨੂੰ ਰੂਹ ਦੀ ਖ਼ੁਰਾਕ ਮੰਨਿਆ ਜਾਂਦਾ। ਸੰਗੀਤ ਉਹੀ ਹੁੰਦਾ, ਜੋ ਤਪਦੇ ਦਿਲਾਂ ਨੂੰ ਠਾਰਦਾ ਤੇ ਉਦਾਸ ਮਨ ਨੂੰ ਸ਼ਾਂਤ ਕਰਦਾ। ਸੰਗੀਤ ਚਾਹੇ ਰਵਾਇਤੀ ਹੋਵੇ ਜਾਂ ਅਜੋਕਾ ਪਰ ਰੂਹ ਨੂੰ ਸਕੂਨ ਦਿੰਦਾ। ਇਕ ਸੰਗੀਤ ਹੀ ਹੈ, ਜੋ ਇਨਸਾਨ ਨੂੰ ਰੱਬ ਨਾਲ ਜੋੜਦਾ।
- ਦੁਰਗਾ ਰੰਗੀਲਾ, ਪੰਜਾਬੀ ਗਾਇਕ।
ਬਦਲਦੇ ਸਮੇਂ ਨਾਲ ਸਾਨੂੰ ਵੀ ਨਵੇਂ-ਨਵੇਂ ਤਜਰਬੇ ਜ਼ਰੂਰ ਕਰਨੇ ਚਾਹੀਦੇ ਹਨ ਪਰ ਆਪਣੀਆਂ ਜੜ੍ਹਾਂ ਨਾਲੋਂ ਨਹੀਂ ਟੁੱਟਣਾ ਚਾਹੀਦਾ। ਇਕ ਵਾਰ ਕਾਰਲ ਮਾਰਕਸ ਨੇ ਕਿਹਾ ਸੀ ਕਿ ਮੈਨੂੰ ਕਿਸੇ ਵੀ ਦੇਸ਼ ਦਾ ਸੰਗੀਤ ਸੁਣਾ ਦਿਓ, ਮੈਂ ਸੁਣ ਕੇ ਉਥੋਂ ਦੇ ਲੋਕਾਂ ਦੀ ਮਾਨਸਿਕਤਾ ਦੱਸ ਸਕਦਾ ਹਾਂ। ਸੋ ਸੰਗੀਤ ਇਹ ਤੈਅ ਕਰਦਾ ਕਿ ਸਾਡੇ ਵਿਚਾਰ ਕਿਹੋ ਜਿਹੇ ਹਨ। ਮੇਰੀ ਤਾਂ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਕਿ ਸਾਫ਼-ਸੁਥਰਾ ਗਾ ਕੇ ਲੋਕਾਂ ਦਾ ਮਨੋਰੰਜਨ ਕਰਦੀ ਰਹਾਂ। ਸੰਗੀਤ ਆਤਮਾ ਤੇ ਪਰਮਾਤਮਾ ਦਾ ਮੇਲ ਹੈ, ਜੇ ਅਸੀਂ ਇਸ ਨੂੰ ਰੂਹ ਨਾਲ ਜੋੜ ਕੇ ਦੇਖੀਏ। ਇਹ ਮੈਡੀਟੇਸ਼ਨ ਦਾ ਵੀ ਬਹੁਤ ਵਧੀਆ ਜ਼ਰੀਆ ਹੈ ਤੇ ਬਹੁਤ ਸਾਰੇ ਲੋਕਾਂ ਲਈ ਰੁਜ਼ਗਾਰ ਦਾ ਸਾਧਨ।
- ਰਜ਼ਾ ਹੀਰ, ਪੰਜਾਬੀ ਗਾਇਕਾ।
ਜਿਹੜਾ ਇਨਸਾਨ ਤੋਂ ਇਨਸਾਨ ਦਾ ਕਤਲ ਕਰਵਾਉਣ ਲਈ ਉਕਸਾਵੇ, ਉਹ ਗੀਤ ਨਹੀਂ ਹੁੰਦਾ। ਜਿਹੜਾ ਰੱਬ ਨਾਲੋਂ ਬਿਰਤੀ ਤੋੜ ਦੇਵੇ, ਉਹ ਸੰਗੀਤ ਨਹੀਂ ਹੁੰਦਾ। ਜਿਹੜੇ ਗੀਤ ’ਚ ਕੋਈ ਸੁਨੇਹਾ ਨਹੀਂ ਹੁੰਦਾ, ਮੈਂ ਉਸ ਨੂੰ ਗੀਤ ਨਹੀਂ ਮੰਨਦਾ। ਰੱਬ ਨਾਲ ਜੋੜਨ ਵਾਲੇ ਬੋਲਾ ਨੂੰ, ਸਾਜ਼ਾਂ ਨੂੰ ਸੰਗੀਤ ਕਹਿੰਦੇ। ਜਦੋਂ ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ ਗੀਤਾਂ ਜ਼ਰੀਏ ਕੁਝ ਵਧੀਆ ਸੁਨੇਹਾ ਦੇਵੋਗਾ, ਉਹ ਗੀਤ ਵੱਧ ਕਬੂਲਿਆ ਜਾਂਦਾ। ਅਸੀਂ ਮਾਂ-ਬੋਲੀ ਪੰਜਾਬੀ ਦੇ ਸਪੁੱਤਰ ਹਾਂ। ਸੋ ਸਾਡਾ ਫ਼ਰਜ਼ ਬਣਦਾ ਕਿ ਅਸੀਂ ਹਮੇਸ਼ਾ ਆਪਣੀ ਮਾਂ-ਬੋਲੀ ਨੂੰ ਪ੍ਰਫੁੱਲਤ ਕਰੀਏ।
- ਸ਼ਫ਼ੀ ਜਲਵੇੜ੍ਹਾ, ਗੀਤਕਾਰ।
ਸਮੇਂ ਨਾਲ ਹਰ ਚੀਜ਼ ਬਦਲਦੀ ਹੈ ਤੇ ਬਦਲਣੀ ਵੀ ਚਾਹੀਦੀ ਹੈ ਪਰ ਅਸਲੀਅਤ ਕਦੇ ਮਰਦੀ ਨਹੀਂ। ਰਫ਼ਤਾਰ ਤੋਂ ਵੱਧ ਤੇਜ਼ ਹੋਣਾ ਕਿਸੇ ਵੀ ਚੀਜ਼ ਲਈ ਖ਼ਤਰਨਾਕ ਹੁੰਦਾ। ਅੱਜ ਅਸੀਂ ਪੰਜ ਮਿੰਟ ਦੇ ਗਾਣੇ ਤੋਂ 15 ਸੈਕਿੰਡ ਦੀ ਰੀਲ ਤੱਕ ਸੀਮਤ ਹੋ ਕੇ ਰਹਿ ਗਏ ਹਾਂ। ਸੰਗੀਤਕ ਖੇਤਰ ਨੇ ਭਾਵੇਂ ਤਰੱਕੀ ਬਹੁਤ ਕਰ ਲਈ ਹੈ ਪਰ ਅਸਲੀਅਤ ਕਦੇ ਖ਼ਤਮ ਨਹੀਂ ਹੁੰਦੀ। ਘੁੰਮ-ਘੁੰਮ ਕੇ ਦੁਬਾਰਾ ਜ਼ਰੂਰ ਆਉਂਦੀ ਹੈ। ਅੱਜ ਤੋਂ 10-15 ਸਾਲ ਪਹਿਲਾਂ ਸਟੇਜਾਂ ’ਤੇ ਕਲਾਕਾਰਾਂ ਵੱਲੋਂ ਲਾਈਵ ਗਾਇਆ ਜਾਂਦਾ ਸੀ, ਫਿਰ ਸੀਡੀਜ਼ ਨਾਲ ਗਾਇਆ ਜਾਣ ਲੱਗਿਆ ਪਰ ਅੱਜ ਫਿਰ ਲਾਈਵ ਪ੍ਰੋਗਰਾਮਾਂ ਨੂੰ ਵੱਧ ਸੁਣਿਆ ਜਾਂਦਾ। ਸੰਗੀਤ ਤਪੱਸਿਆ ਹੈ, ਮੈਡੀਟੇਸ਼ਨ ਹੈ, ਫਿਰ ਇਹ ਕਿਵੇਂ ਝੂਠ ਹੋ ਸਕਦਾ। ਝੂਠ ਦੀ ਇਬਾਦਤ ਕਦੇ ਬਣੀ ਹੀ ਨਹੀਂ। ਜੇ ਅਸੀਂ ਸੰਗੀਤ ਨੂੰ ਇਬਾਦਤ ਮੰਨਦੇ ਹਾਂ ਤਾਂ ਇਹ ਸੱਚ ਹੈ, ਰੂਹ ਦੀ ਖ਼ੁਰਾਕ ਹੈ।
- ਰਣਜੀਤ ਰਾਣਾ, ਪੰਜਾਬੀ ਗਾਇਕ।
ਵਿਸ਼ਵੀਕਰਨ ਦੇ ਯੁੱਗ ’ਚ ਸੰਗੀਤ ਉੱਪਰ ਹਾਂ-ਪੱਖੀ ਤੇ ਨਾਂਹ-ਪੱਖੀ ਦੋਵੇਂ ਪ੍ਰਭਾਵ ਪੈ ਰਹੇ ਹਨ। ਸੰਗੀਤ ਸਾਹਿਤ ਦਾ ਅਨਿੱਖੜਵਾਂ ਅੰਗ ਹੈ ਕਿਉਂਕਿ ਸਾਡੀ ਗੁਰਬਾਣੀ ਵੀ ਰਾਗਾਂ ’ਚ ਦਰਜ ਹੈ। ਪੁਰਾਣੇ ਸੰਗੀਤਕਾਰ ਤੇ ਗੀਤਕਾਰ ਸਿਰਜਣਾ ਕਰਨ ਸਮੇਂ ਸੱਭਿਆਚਾਰ ਤੇ ਲੋਕ-ਧਾਰਾ ਨੂੰ ਮੱਦੇਨਜ਼ਰ ਰੱਖਦੇ ਸਨ ਕਿ ਰਹਿਣ-ਸਹਿਣ, ਰੀਤੀ-ਰਿਵਾਜ, ਮਰਿਆਦਾ, ਧਰਮ, ਰਾਜਨੀਤੀ, ਇਤਿਹਾਸ, ਹਰ ਤੱਤ ਜ਼ਿਹਨ ’ਚ ਰੱਖਿਆ ਜਾਵੇ ਕਿਉਂਕਿ ਸਾਡੇ ਸਿਰਜੇ ਗੀਤ-ਸੰਗੀਤ ਨੇ ਸਾਡੇ ਸਮਾਜ ਦੀ ਤਸਵੀਰ ਪੂਰੇ ਸੰਸਾਰ ’ਚ ਪੇਸ਼ ਕਰਨੀ ਹੁੰਦੀ ਹੈ। ਸਮਾਂ ਤਰੱਕੀ ਕਰ ਰਿਹਾ ਹੈ ਜਿਸ ਨਾਲ ਸਾਡੇ ਸੰਗੀਤ ਵਿੱਚੋਂ ਅਨੰਦ ਖ਼ਤਮ ਹੋ ਰਿਹਾ ਹੈ, ਸ਼ੋਰ ਸ਼ਾਮਿਲ ਹੋ ਰਿਹਾ ਹੈ ਕਿਉਂਕਿ ਇਕ ਤਾਂ ਮਨੁੱਖ ’ਚ ਕਾਹਲ ਹੈ ਤੇ ਤਕਨੀਕ ਨੇ ਖਾਲਸ ਚੀਜ਼ਾਂ ਖ਼ਤਮ ਕਰ ਕੇ ਨਕਲ ਨੂੰ ਪਹਿਲ ਦੇ ਦਿੱਤੀ ਹੈ, ਸੋ ਅਸਲ ਸੰਗੀਤਕ ਧੁਨਾਂ ਦੀ ਜਗ੍ਹਾ ਮਸ਼ੀਨੀ ਧੁਨਾਂ ਨੇ ਲੈ ਲਈ ਹੈ। ਅਖਾੜਿਆਂ ਤੇ ਮੇਲਿਆਂ ਵਿੱਚੋਂ ਅਲਗੋਜ਼ੇ, ਵੰਝਲੀ, ਬੀਨ, ਢੱਡ, ਨਗਾੜਾ, ਸੱਪ, ਚਿਮਟਾ, ਘੜਾ ਕਿਧਰੇ ਵਿਸਰ ਗਏ ਹਨ। ਸੰਗੀਤ ਦਾ ਮਸ਼ੀਨੀਕਰਨ ਹੋਣ ਕਾਰਨ ਇਕ ਤਾਂ ਕਲਾਕਾਰਾਂ ਦੀ ਰੋਟੀ-ਰੋਜ਼ ਨੂੰ ਢਾਹ ਲੱਗੀ ਹੈ ਤੇ ਦੂਸਰਾ ਹਰ ਖ਼ਿੱਤੇ ਦੇ ਮੁਲਖ ਦੇ ਸੰਗੀਤਕ ਵਿਭਿੰਨਤਾ ਨੇ ਆਪਣੀ ਪਛਾਣ ਖੋਹ ਦਿੱਤੀ ਹੈ। ਅੱਜ ਸਾਨੂੰ ਸੰਗੀਤਕ ਭਰਮਾਰ ਮਿਲ ਰਹੀ ਹੈ ਪਰ ਰਸ ਪ੍ਰਾਪਤੀ ਤੋਂ ਵਿਹੁਣੇ ਹਾਂ।
- ਸਰਘੀ ਕੌਰ ਬੜਿੰਗ, ਰੰਗਮੰਚ ਤੇ ਪੰਜਾਬੀ ਅਦਾਕਾਰਾ।
-ਹਨੀ ਸੋਢੀ (98789-19248)