ਸਾਡੀ ਧਰਤੀ ਦੁਆਲੇ ਗੈਸਾਂ ਦੇ ਘੇਰੇ ਨੂੰ ਵਾਯੂਮੰਡਲ ਕਿਹਾ ਜਾਂਦਾ ਹੈ। ਇਸ ਵਾਯੂਮੰਡਲ ਦੀਆਂ ਪਰਤਾਂ ਪਿਆਜ਼ ਦੀ ਛਿਲ ਦੀਆਂ ਪਰਤਾਂ ਵਰਗੀਆਂ ਹਨ। ਧਰਤੀ ਦਾ ਵਾਯੂਮੰਡਲ ਪੰਜ ਪਰਤਾਂ ਵਿਚ ਵੰਡਿਆ ਹੋਇਆ ਹੈ। ਇਹ ਪਰਤਾਂ ਸਾਡੀ ਧਰਤੀ ਦੀ ਸਤ੍ਹਾ ਜਾਂ ਸਮੁੰਦਰੀ ਤਲ ਤੋਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਪਰਤਾਂ ਨੂੰ ਹਵਾ ਦੀ ਸੰਘਣਤਾ, ਹਵਾ ਦੇ ਤਾਪਮਾਨ ਅਤੇ ਗੈਸਾਂ ਦੇ ਵਖਰੇਵੇਂ ਦੇ ਆਧਾਰ 'ਤੇ ਵੰਡਿਆ ਜਾਂਦਾ ਹੈ। ਧਰਤੀ ਦੇ ਵਾਯੂਮੰਡਲ ਦੀਆਂ ਪਰਤਾਂ ਦੇ ਨਾਂ ਟਰੋਪੋਸਫੀਅਰ, ਸਟਰੈਟੋਸਫੀਅਰ, ਮੀਜੋਸਫੀਅਰ, ਥਰਮੋਸਫੀਅਰ ਅਤੇ ਐਕਸੋਸਫੀਅਰ ਹਨ।

ਟਰੋਪੋਸਫੀਅਰ

ਧਰਤੀ ਦੀ ਸਤ੍ਹਾ ਤੋਂ ਸ਼ੁਰੂ ਹੋਣ ਦੀ ਪਹਿਲੀ ਪਰਤ ਨੂੰ ਟਰੋਪੋਸਫੀਅਰ ਕਿਹਾ ਜਾਂਦਾ ਹੈ। ਅਸੀਂ ਇਸੇ ਪਰਤ ਵਿਚ ਰਹਿੰਦੇ ਅਤੇ ਸਾਹ ਲੈਂਦੇ ਹਾਂ। ਇਹ ਵਾਯੂਮੰਡਲੀ ਪਰਤ ਧਰਤੀ ਦੀ ਸਤ੍ਹਾ ਨੂੰ ਮਿਲਦੀ ਹੋਈ ਉਪਰ ਵੱਲ ਨੂੰ ਵਧਦੀ ਹੈ। ਟਰੋਪੋਸਫੀਅਰ ਵਿਚ ਹਵਾ ਦੀ ਅਦਲਾ ਬਦਲੀ ਹੁੰਦੀ ਹੈ ਅਤੇ ਮੌਸਮ ਵਿਚ ਤਬਦੀਲੀ ਆਉਂਦੀ ਹੈ। ਇਹ ਪਰਤ ਸਮੁੰਦਰੀ ਸਤ੍ਹਾ ਤੋਂ ਸ਼ੁਰੂ ਹੋ ਕੇ 4 ਕਿ.ਮੀ. ਤੋਂ 20 ਕਿ. ਮੀ. ਤਕ ਫੈਲੀ ਹੋਈ ਹੈ। ਇਸ ਪਰਤ ਵਿਚ ਸਤ੍ਹਾ ਦੇ ਨਾਲ ਇਕ ਤਿਹਾਈ ਹਿੱਸੇ ਵਿਚ ਵਾਯੂਮੰਡਲ ਦੀਆਂ ਕੁੱਲ ਗੈਸਾਂ ਦਾ 50 ਪ੍ਰਤੀਸ਼ਤ ਹਿੱਸਾ ਮੌਜੂਦ ਹੈ। ਵਾਯੂਮੰਡਲ ਦਾ ਇਹੀ ਇਕ ਹਿੱਸਾ ਜਿੱਥੇ ਅਸੀਂ ਸਾਹ ਲੈ ਸਕਦੇ ਹਾਂ। ਟਰੋਪੋਸਫੀਅਰ ਵਿਚ ਜਿਉਂ-ਜਿਉਂ ਅਸੀਂ ਉੱਪਰ ਵੱਲ ਜਾਂਦੇ ਹਾਂ ਤਾਪਮਾਨ ਵਧਦਾ ਹੈ।

ਸਟਰੈਟੋਸਫੀਅਰ

ਟਰੋਪੋਸਫੀਅਰ ਤੋਂ ਵਾਯੂਮੰਡਲ ਦੀ ਅਗਲੀ ਪਰਤ ਦਾ ਨਾਂ ਸਟਰੈਟੋਸਫੀਅਰ ਹੈ। ਇਹ ਪਰਤ ਧਰਤੀ ਦੀ ਸਤ੍ਹਾ ਤੋਂ 4 ਤੋਂ 20 ਕਿ. ਮੀ. ਤੋਂ ਸ਼ੁਰੂ ਹੋ ਕੇ 50 ਕਿ. ਮੀ. ਤਕ ਫੈਲੀ ਹੋਈ ਹੈ। ਇਹ ਉਹ ਪਰਤ ਹੈ ਜਿੱਥੇ ਜ਼ਿਆਦਾਤਰ ਹਵਾਈ ਜਹਾਜ਼ ਉਡਦੇ ਹਨ। ਇਥੇ ਹਵਾ ਉੱਪਰ ਜਾਂ ਨੀਚੇ ਵੱਲ ਨਹੀਂ ਵਗਦੀ ਸਗੋਂ ਧਰਤੀ ਦੀ ਗਤੀ ਦੇ ਨਾਲ ਬਹੁਤ ਤੇਜ਼ ਗਤੀ ਨਾਲ ਘੁੰਮਦੀ ਹੈ। ਇਸ ਪਰਤ ਵਿਚ ਵੀ ਉੱਪਰ ਜਾਣ ਨਾਲ ਤਾਪਮਾਨ ਵਧਦਾ ਹੈ। ਇਸ ਪਰਤ ਵਿਚ ਹੀ ਸੂਰਜੀ ਕਿਰਨਾਂ ਅਤੇ ਆਕਸੀਜਨ ਦੇ ਮੇਲ ਨਾਲ ਕੁਦਰਤੀ ਤੌਰ 'ਤੇ ਓਜੋਨ ਬਣਦੀ ਹੈ। ਇਹ ਓਜੋਨ ਪਰਤ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪਰਾ ਵੈਂਗਣੀ ਕਿਰਨਾਂ ਨੂੰ ਸੋਖਦੀ ਹੈ ਅਤੇ ਧਰਤੀ ਤੇ ਮੌਜੂਦ ਜੀਵਨ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।

ਮੀਜੋਸਫੀਅਰ

ਧਰਤੀ ਦੀ ਸਤ੍ਹਾ ਤੋਂ 50 ਕਿ. ਮੀ. ਤੋਂ ਸ਼ੁਰੂ ਹੋ ਕੇ ਇਹ 85 ਕਿ. ਮੀ. ਤਕ ਫੈਲੀ ਹੋਈ ਹੈ। ਮੀਜੋਸਫੀਅਰ ਦੇ ਉਪਰਲੇ ਹਿੱਸੇ ਦਾ ਤਾਪਮਾਨ ਕਾਫ਼ੀ ਘੱਟ ਹੁੰਦਾ ਹੈ। ਇਹ ਹਿੱਸਾ ਵਾਯੂਮੰਡਲ ਦਾ ਸਭ ਤੋਂ ਠੰਢਾ ਹਿੱਸਾ ਹੁੰਦਾ ਹੈ। ਇਥੇ ਦਾ ਤਾਪਮਾਨ -140 ਡਿਗਰੀ ਸੈਂਟੀਗਰੇਡ ਹੁੰਦਾ ਹੈ।

ਥਰਮੋਸਫੀਅਰ

ਮੀਜੋਸਫੀਅਰ ਦੇ ਉਪਰ ਅੱਗੇ 600 ਕਿ.ਮੀ. ਤਕ ਦੇ ਫੈਲੇ ਵਾਯੂਮੰਡਲ ਨੂੰ ਥਰਮੋਸਫੀਅਰ ਕਹਿੰਦੇ ਹਨ। ਇਥੇ ਧਰਤੀ ਦੇ ਆਲੇ ਦੁਆਲੇ ਦੀ ਕੁੱਲ ਹਵਾ ਦਾ ਕੇਵਲ 0.01 ਪ੍ਰਤੀਸ਼ਤ ਹਿੱਸਾ ਹੀ ਹੈ। ਇਥੇ ਹਵਾ ਦੇ ਕਣਾਂ ਦਾ ਤਾਪਮਾਨ 2000 ਡਿਗਰੀ ਸੈਂਟੀਗਰੇਡ ਤਕ ਪਹੁੰਚ ਜਾਂਦਾ ਹੈ। ਪਰ ਇਥੇ ਹਵਾ ਨਾਂ ਦੇ ਬਰਾਬਰ ਹੋਣ ਕਾਰਨ ਤਾਪ ਦਾ ਸਥਾਨ-ਅੰਤਰਨ ਨਹੀਂ ਹੋ ਸਕਦਾ। ਹਵਾ ਦੇ ਕਣ ਇਕ ਦੂਜੇ ਤੋਂ ਬਹੁਤ ਦੂਰ-ਦੂਰ ਹੋਣ ਕਾਰਨ ਕਿਸੇ ਵੀ ਸਰੀਰ ਲਈ ਇਹ ਬਹੁਤ ਹੀ ਠੰਢਾ ਸਥਾਨ ਰਹੇਗਾ।

ਐਕਸੋਸਫੀਅਰ

ਇਹ ਲਗਪਗ ਧਰਤੀ ਦੀ ਸਤ੍ਹਾ ਤੋਂ 10,000 ਕਿ.ਮੀ. ਤਕ ਦਾ ਫੈਲਿਆ ਹੋਇਆ ਖੇਤਰ ਹੈ। ਇਸ ਨੂੰ ਧਰਤੀ ਦੇ ਵਾਯੂਮੰਡਲ ਦਾ ਸਭ ਤੋਂ ਬਾਹਰਲਾ ਹਿੱਸਾ ਕਹਿੰਦੇ ਹਨ। ਸਾਰੇ ਮੌਸਮ ਸਬੰਧੀ ਜਾਣਕਾਰੀ ਦੇਣ ਵਾਲੇ ਮਨੁੱਖ ਦੁਆਰਾ ਨਿਰਮਤ ਬਣਾਉਟੀ ਉਪਗ੍ਰਹਿ ਵਾਯੂਮੰਡਲ ਦੇ ਇਸ ਹਿੱਸੇ ਵਿਚ ਘੁਮੰਦੇ ਹਨ।

- ਬਲਜੀਤ ਸਿੰਘ ਨਾਭਾ

9417017778

Posted By: Harjinder Sodhi